IPL 2020 RR vs KKR : ਕੋਲਕਾਤਾ ਨੇ ਰਾਜਸਥਾਨ ਨੂੰ 37 ਦੌੜਾਂ ਨਾਲ ਹਰਾਇਆ
Wednesday, Sep 30, 2020 - 11:31 PM (IST)
ਦੁਬਈ– ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ਤੋਂ ਬਾਅਦ ਨੌਜਵਾਨ ਗੇਂਦਬਾਜ਼ਾਂ ਦੀ ਤਿਕੜੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਇਕਪਾਸੜ ਮੁਕਾਬਲੇ ’ਚ ਬੁੱਧਵਾਰ ਨੂੰ ਰਾਜਸਥਾਨ ਰਾਇਲਜ਼ ਨੂੰ 37 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇ. ਕੇ. ਆਰ. ਨੇ ਗਿੱਲ ਦੀਆਂ 47 ਦੌੜਾਂ ਦੀ ਮਦਦ ਨਾਲ 6 ਵਿਕਟਾਂ ’ਤੇ 174 ਦੌੜਾਂ ਬਣਾਈਆਂ। ਜਵਾਬ ’ਚ ਰਾਇਲਜ਼ ਦੀ ਟੀਮ 9 ਵਿਕਟਾਂ ’ਤੇ 137 ਦੌੜਾਂ ਹੀ ਬਣਾ ਸਕੀ। ਸੰਕਟ ਦੇ ਸਮੇਂ ਸਾਰਿਆਂ ਦੀਆਂ ਨਜ਼ਰਾਂ ਪਿਛਲੇ ਮੈਚ ’ਚ ਕਿੰਗਸ ਇਲੈਵਨ ਪੰਜਾਬ ਵਿਰੁੱਧ ਬੱਲੇ ਨਾਲ ਚਮਤਕਾਰ ਕਰਨ ਵਾਲੇ ਰਾਹੁਲ ਤਵੇਤੀਆ ’ਤੇ ਸਨ ਪਰ ਉਹ ਆਪਣੇ ਪ੍ਰਦਰਸ਼ਨ ਨੂੰ ਦੋਹਰਾ ਨਹੀਂ ਸਕਿਆ। ਟਾਮ ਕੁਰਨ 36 ਗੇਂਦਾਂ ’ਤੇ 2 ਚੌਕਿਆਂ ਅਤੇ 3 ਛੱਕਿਆਂ ਨਾਲ 54 ਦੌੜਾਂ ਬਣਾ ਕੇ ਅਜੇਤੂ ਰਿਹਾ।
ਕੇ. ਕੇ. ਆਰ. ਲਈ ਭਾਰਤੀ ਨੌਜਵਾਨ ਗੇਂਦਬਾਜ਼ਾਂ ਸ਼ਿਵਮ ਮਾਵੀ, ਕਮਲੇਸ਼ ਨਾਗਰਕੋਟੀ ਅਤੇ ਵਰੁਣ ਚਕਰਵਰਤੀ ਨੇ 2-2 ਵਿਕਟਾਂ ਲਈਆਂ। ਰਾਇਲਜ਼ ਲਈ ਕੋਈ ਵੀ ਵੱਡੀ ਸਾਂਝੇਦਾਰੀ ਨਹੀਂ ਬਣ ਸਕੀ ਅਤੇ ਉਸ ਦੀ ਸ਼ੁਰੂਆਤ ਵੀ ਬੇਹੱਦ ਖਰਾਬ ਰਹੀ। ਦੂਜੇ ਹੀ ਓਵਰ ’ਚ ਆਈ. ਪੀ. ਐੱਲ. ਦੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਪੈਟ ਕਮਿੰਸ ਨੇ ਕਪਤਾਨ ਸਟੀਵ ਸਮਿਥ ਨੂੰ ਪੈਵੇਲੀਅਨ ਭੇਜ ਦਿੱਤਾ। ਮਾਵੀ ਨੇ 5ਵੇਂ ਓਵਰ ਦੀ ਪਹਿਲੀ ਹੀ ਗੇਂਦ ’ਤੇ ਸ਼ਾਨਦਾਰ ਫਾਰਮ ’ਚ ਚਲ ਰਹੇ ਸੰਜੂ ਸੈਮਸਨ ਦੀ ਵਿਕਟ ਲੈ ਕੇ ਰਾਇਲਸ ਨੂੰ ਸਭ ਤੋਂ ਤਗੜਾ ਝਟਕਾ ਦਿੱਤਾ। ਓਪਨਰ ਜੋਸ ਬਟਲਰ ਮਾਵੀ ਦਾ ਦੂਜਾ ਸ਼ਿਕਾਰ ਬਣਿਆ। ਰੋਬਿਨ ਉੱਥਪਾ ਦੀ ਖਰਾਬ ਫਾਰਮ ਜਾਰੀ ਰਹੀ, ਜੋ 2 ਦੌੜਾਂ ਹੀ ਬਣਾ ਸਕਿਆ। ਉੱਧਰ ਰਿਆਨ ਪਰਾਗ ਵੀ ਨਾਕਾਮ ਰਿਹਾ। ਪੰਜਾਬ ਵਿਰੁੱਧ ਇਕ ਓਵਰ ’ਚ 5 ਛੱਕੇ ਲਗਾਉਣ ਵਾਲੇ ਤਵੇਤੀਆ ’ਤੇ ਸਾਰਿਆਂ ਦੀਆਂ ਨਜ਼ਰਾਂ ਸਨ ਪਰ ਉਹ ਵੀ 10 ਗੇਂਦਾਂ ’ਤੇ 14 ਦੌੜਾਂ ਬਣਾ ਕੇ ਆਊਟ ਹੋ ਗਿਆ।
ਇਸ ਤੋਂ ਪਹਿਲਾਂ ਰਾਇਲਜ਼ ਲਈ ਆਰਚਰ ਨੇ 18 ਦੌੜਾਂ ਦੇ ਕੇ 2 ਵਿਕਟਾਂ ਲਈਆਂ ਅਤੇ ਟੂਰਨਾਮੈਂਟ ਦੀ ਸਭ ਤੋਂ ਤੇਜ਼ ਗੇਂਦ (152.1 ਕਿਮੀ. ਪ੍ਰਤੀ ਘੰਟਾ) ਸੁੱਟੀ। ਉਸ ਨੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਕਪਤਾਨ ਦਿਨੇਸ਼ ਕਾਰਤਿਕ ਨੂੰ ਆਊਟ ਕੀਤਾ। ਇੰਗਲੈਂਡ ਦੇ ਵਿਸ਼ਵ ਕੱਪ ਜੇਤੂ ਕਪਤਾਨ ਇਓਨ ਮੋਰਗਨ ਆਖਰੀ ਸਮੇਂ ’ਚ 23 ਗੇਂਦਾਂ ’ਤੇ 34 ਦੌੜਾਂ ਬਣਾ ਕੇ ਅਜੇਤੂ ਰਹੇ।
ਟੀਮਾਂ ਇਸ ਤਰ੍ਹਾਂ ਹਨ-
ਰਾਜਸਥਾਨ ਰਾਇਲਜ਼- ਸਟੀਵ ਸਮਿਥ (ਕਪਤਾਨ), ਜੋਸ ਬਟਲਰ, ਰੌਬਿਨ ਉਥੱਪਾ, ਸੰਜੂ ਸੈਮਸਨ, ਬੇਨ ਸਟੋਕਸ, ਜੋਫ੍ਰਾ ਆਰਚਰ, ਯਸ਼ਸਵੀ ਜਾਇਸਵਾਲ, ਮਨਨ ਵੋਹਰਾ, ਕਾਰਤਿਕ ਤਿਆਗੀ, ਅਕਾਸ਼ ਸਿੰਘ, ਓਸ਼ੇਨ ਥਾਮਸ, ਐਂਡ੍ਰਿਊ ਟਾਏ, ਡੇਵਿਡ ਮਿਲਰ, ਟਾਮ ਕਿਊਰਨ, ਅਨਿਰੁਧ ਜੋਸ਼ੀ, ਸ਼੍ਰੇਅਸ ਗੋਪਾਲ, ਰਿਆਨ ਪਰਾਗ, ਵਰੁਣ ਆਰੋਨ, ਸ਼ਸ਼ਾਂਕ ਸਿੰਘ, ਅਨੁਜ ਰਾਵਤ, ਮਹਿਪਾਲ ਲੋਮਰੋਰ, ਮਯੰਕ ਮਾਰਕੰਡੇ।
ਕੋਲਕਾਤਾ ਨਾਈਟ ਰਾਈਡਰਜ਼- ਦਿਨੇਸ਼ ਕਾਰਤਿਕ (ਕਪਤਾਨ), ਇਯੋਨ ਮੋਰਗਨ, ਨਿਤਿਸ਼ ਰਾਣਾ, ਰਾਹੁਲ ਤ੍ਰਿਪਾਠੀ, ਰਿੰਕੂ ਸਿੰਘ, ਸ਼ੁਭਮਨ ਗਿੱਲ, ਸਿਦੇਸ਼ ਲਾਡ, ਅਲੀ ਖਾਨ, ਕਮਲੇਸ਼ ਨਾਗਰਕੋਟੀ, ਕੁਲਦੀਪ ਯਾਦਵ, ਲਾਕੀ ਫਰਗਿਊਸਨ, ਪੈਟ ਕਮਿੰਸ, ਪ੍ਰਸਿੱਧ ਕ੍ਰਿਸ਼ਣਾ, ਸੰਦੀਪ ਵਾਰੀਅਰ, ਸ਼ਿਵਮ ਮਾਵੀ, ਵਰੁਣ ਚਕਰਵਰਤੀ, ਆਂਦ੍ਰੇ ਰਸੇਲ, ਕ੍ਰਿਸ ਗ੍ਰੀਨ, ਐੱਮ. ਸਿਧਾਰਥ, ਸੁਨੀਲ ਨਾਰਾਇਣਨ, ਨਿਖਿਲ ਨਾਇਕ, ਟਾਮ ਬੇਂਟੋਨ।