ਕੋਲਕਾਤਾ ਨੇ ਬੈਂਗਲੁਰੂ ਨੂੰ 4 ਵਿਕਟਾਂ ਨਾਲ ਹਰਾਇਆ

Monday, Apr 09, 2018 - 12:36 AM (IST)

ਕੋਲਕਾਤਾ ਨੇ ਬੈਂਗਲੁਰੂ ਨੂੰ 4 ਵਿਕਟਾਂ ਨਾਲ ਹਰਾਇਆ

ਕੋਲਕਾਤਾ-ਸੁਨੀਲ ਨਾਰਾਇਣ ਦੇ ਤੂਫਾਨੀ ਅਰਧ ਸੈਂਕੜੇ ਤੋਂ ਬਾਅਦ ਨਿਤਿਸ਼ ਰਾਣਾ ਤੇ ਕਪਤਾਨ ਦਿਨੇਸ਼ ਕਾਰਤਿਕ ਦੀਆਂ ਸ਼ਾਨਦਾਰ ਪਾਰੀਆਂ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ  ਲੀਗ ਵਿਚ ਅੱਜ ਇੱਥੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ।
ਆਰ. ਸੀ. ਬੀ. ਦੀਆਂ 177 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕੇ. ਕੇ. ਆਰ. ਨੇ ਨਾਰਾਇਣ ਦੀ 19 ਗੇਂਦਾਂ ਵਿਚ 5 ਛੱਕਿਆਂ ਤੇ 4 ਚੌਕਿਆਂ ਦੀ ਮਦਦ ਨਾਲ 50 ਦੌੜਾਂ ਦੀ ਪਾਰੀ ਦੀ ਬਦੌਲਤ 7 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ 'ਤੇ 177 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਰਾਣਾ ਨੇ 34  ਜਦਕਿ ਕਾਰਤਿਕ ਨੇ ਅਜੇਤੂ 35 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਚੌਥੀ ਵਿਕਟ ਲਈ 55 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਆਰ. ਸੀ. ਬੀ. ਨੇ ਇਸ ਤੋਂ ਪਹਿਲਾਂ ਏ. ਬੀ. ਡਿਵਿਲੀਅਰਸ (44), ਬ੍ਰੈਂਡਨ ਮੈਕਕੁਲਮ (43) ਤੇ ਮਨਦੀਪ ਸਿੰਘ (37) ਦੀਆਂ ਤੂਫਾਨੀ ਪਾਰੀਆਂ ਨਾਲ 7 ਵਿਕਟਾਂ 'ਤੇ  176 ਦੌੜਾਂ ਬਣਾਈਆਂ ਸਨ ਪਰ ਉਸਦੇ ਗੇਂਦਬਾਜ਼ ਇਸ ਵੱਡੇ ਸਕੋਰ ਦਾ ਬਚਾਅ ਨਹੀਂ ਕਰ ਸਕੇ ਤੇ ਅੰਤ ਉਸ ਨੂੰ ਆਪਣੇ ਪਹਿਲੇ ਹੀ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। 
ਮੈਕਕੁਲਮ ਟੀ-20 'ਚ ਬਣਿਆ 9 ਹਜ਼ਾਰੀ
ਨਿਊਜ਼ੀਲੈਂਡ ਦਾ ਸਾਬਕਾ ਕਪਤਾਨ ਬ੍ਰੈਂਡਨ ਮੈਕਕੁਲਮ ਅੱਜ ਇੱਥੇ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਦੌਰਾਨ ਟੀ-20 ਕ੍ਰਿਕਟ ਵਿਚ 9 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਾ ਦੂਜਾ ਬੱਲੇਬਾਜ਼ ਬਣ ਗਿਆ। ਮੈਕਕੁਲਮ ਨੇ ਅੱਜ 27 ਗੇਂਦਾਂ 'ਤੇ 43 ਦੌੜਾਂ ਦੀ ਪਾਰੀ ਖੇਡੀ। ਟੀ-20 ਵਿਚ 9 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਬੱਲੇਬਾਜ਼ ਵੈਸਟਇੰਡੀਜ਼ ਦਾ ਤੂਫਾਨੀ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਹੈ। ਉਹ ਹੁਣ ਤਕ 323 ਮੈਚਾਂ ਵਿਚ 11068 ਦੌੜਾਂ ਬਣਾ ਚੁੱਕਾ ਹੈ।


Related News