'ਉਸਦਾ ਬੱਲਾ ਬੋਲਦਾ ਹੈ', ਕੋਹਲੀ ਦੇ ਮੈਚ ਜੇਤੂ ਪ੍ਰਦਰਸ਼ਨ ਤੋਂ ਬਾਅਦ ਉਸ ਦੇ ਬਚਪਨ ਦੇ ਕੋਚ ਨੇ ਕੀਤੀ ਤਾਰੀਫ
Tuesday, Mar 26, 2024 - 02:19 PM (IST)
ਬੈਂਗਲੁਰੂ : ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਬਚਪਨ ਦੇ ਕੋਚ ਰਾਜਕੁਮਾਰ ਸ਼ਰਮਾ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਪੰਜਾਬ ਕਿੰਗਜ਼ (ਪੀ. ਬੀ. ਕੇ. ਐਸ.) ਖ਼ਿਲਾਫ਼ ਮੈਚ ਜਿੱਤਾਉਣ ਵਾਲੇ ਪ੍ਰਦਰਸ਼ਨ ਤੋਂ ਬਾਅਦ ਬੱਲੇਬਾਜ਼ ਦੀ ਤਾਰੀਫ਼ ਕੀਤੀ। ਕੋਹਲੀ ਦੀ ਬੱਲੇਬਾਜ਼ੀ ਦੇ ਨਾਲ ਕਾਰਤਿਕ ਅਤੇ ਮਹੀਪਾਲ ਲੋਮਰੋਰ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਬੈਂਗਲੁਰੂ ਨੂੰ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਪੀਬੀਕੇਐਸ ਦੇ ਖਿਲਾਫ ਚਾਰ ਵਿਕਟਾਂ ਨਾਲ ਜਿੱਤ ਦਿਵਾਈ।
ਕੋਹਲੀ ਦੀ 77 ਦੌੜਾਂ ਦੀ ਪਾਰੀ ਤੋਂ ਬਾਅਦ, ਰਾਜਕੁਮਾਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ 35 ਸਾਲਾ ਖਿਡਾਰੀ ਦੀ ਤਸਵੀਰ ਪੋਸਟ ਕੀਤੀ ਅਤੇ ਕੈਪਸ਼ਨ ਦਿੱਤਾ, 'ਉਸ ਦਾ ਬੱਲਾ ਬੋਲਦਾ ਹੈ।' ਮੈਚ ਦੌਰਾਨ ਕੋਹਲੀ ਦੇ ਨਾਂ ਇਕ ਅਨੋਖਾ ਰਿਕਾਰਡ ਦਰਜ ਹੋ ਗਿਆ। ਸਲਾਮੀ ਬੱਲੇਬਾਜ਼ ਨੇ ਆਪਣਾ 100ਵਾਂ ਟੀ-20 ਫਿਫਟੀ ਪਲੱਸ ਸਕੋਰ ਪੂਰਾ ਕੀਤਾ ਅਤੇ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਅਤੇ ਸਿਰਫ਼ ਤੀਜਾ ਖਿਡਾਰੀ ਬਣ ਗਿਆ।
35 ਸਾਲਾ ਖਿਡਾਰੀ ਚੇਨਈ ਸੁਪਰ ਕਿੰਗਜ਼ (CSK) ਦੇ ਖਿਲਾਫ ਨਿਰਾਸ਼ਾਜਨਕ ਖੇਡ ਤੋਂ ਬਾਅਦ ਆਪਣੇ ਪੁਰਾਣੇ ਸਰਵੋਤਮ ਪ੍ਰਦਰਸ਼ਨ 'ਤੇ ਵਾਪਸ ਆ ਗਿਆ। ਉਸ ਨੇ 49 ਗੇਂਦਾਂ ਵਿੱਚ 11 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 77 ਦੌੜਾਂ ਬਣਾਈਆਂ। ਉਸਨੇ 157 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। 378 ਮੈਚਾਂ ਵਿੱਚ, ਵਿਰਾਟ ਨੇ 41.26 ਦੀ ਔਸਤ ਨਾਲ 12,092 ਦੌੜਾਂ ਬਣਾਈਆਂ ਹਨ, ਜਿਸ ਵਿੱਚ ਅੱਠ ਸੈਂਕੜੇ ਅਤੇ 92 ਅਰਧ ਸੈਂਕੜੇ ਸ਼ਾਮਲ ਹਨ। ਉਸਦਾ ਸਰਵੋਤਮ ਸਕੋਰ 122* ਹੈ। ਵਿਰਾਟ ਭਾਰਤ ਲਈ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ ਅਤੇ ਕੁੱਲ ਮਿਲਾ ਕੇ ਛੇਵੇਂ ਸਥਾਨ 'ਤੇ ਹਨ।