ਕੋਹਲੀ ਪਹਿਲਾਂ ਹੀ ''ਮਹਾਨ'' ਬਣਨ ਦੇ ਨੇੜੇ ਹੈ : ਧੋਨੀ
Wednesday, Aug 08, 2018 - 12:21 AM (IST)

ਮੁੰਬਈ- ਵਿਰਾਟ ਕੋਹਲੀ ਦੇ ਉੱਭਰਦੇ ਨੌਜਵਾਨ ਕ੍ਰਿਕਟਰ ਤੋਂ ਸੁਲਝਿਆ ਹੋਇਆ ਬੱਲੇਬਾਜ਼ ਬਣਨ ਦੌਰਾਨ ਭਾਰਤੀ ਟੀਮ ਦੇ ਕਪਤਾਨ ਰਹੇ ਮਹਿੰਦਰ ਸਿੰਘ ਧੋਨੀ ਨੇ ਮੰਗਲਵਾਰ ਨੂੰ ਕਿਹਾ ਕਿ ਮੌਜੂਦਾ ਕਪਤਾਨ ਨੇ ਪਿਛਲੇ ਕੁਝ ਸਾਲਾਂ ਵਿਚ ਜਿਹੜਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਉਸ ਨਾਲ ਉਹ ਪਹਿਲਾਂ ਹੀ 'ਮਹਾਨ' ਬਣਨ ਦੇ ਨੇੜੇ ਪਹੁੰਚ ਗਿਆ ਹੈ।
ਧੋਨੀ ਨੇ ਇੱਥੇ ਇਕ ਪ੍ਰੋਗਰਾਮ ਦੌਰਾਨ ਕਿਹਾ, ''ਉਹ (ਕੋਹਲੀ) ਸਰਵਸ੍ਰੇਸ਼ਠ ਹੈ ਤੇ ਪਹਿਲਾਂ ਹੀ ਉਸ ਮੁਕਾਮ 'ਤੇ ਪਹੁੰਚ ਚੁੱਕਾ ਹੈ, ਜਿੱਥੇ ਉਹ ਮਹਾਨ ਬਣਨ ਦੇ ਨੇੜੇ ਹੈ। ਇਸ ਲਈ ਮੈਂ ਉਸਦੇ ਲਈ ਬਹੁਤ ਖੁਸ਼ ਹਾਂ ਤੇ ਜਿਸ ਤਰ੍ਹਾਂ ਨਾਲ ਉਹ ਪਿਛਲੇ ਕੁਝ ਸਾਲਾਂ ਵਿਚ ਹਰ ਦੇਸ਼ ਵਿਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ, ਉਹ ਸ਼ਾਨਦਾਰ ਹੈ।''
ਇਸ ਸਾਬਕਾ ਕਪਤਾਨ ਨੇ ਇਕ ਸਮੇਂ ਉਸਦੇ ਨਾਲ ਉਪ ਕਪਤਾਨ ਰਹੇ ਕੋਹਲੀ ਦੀ ਬੱਲੇਬਾਜ਼ੀ ਦੀ ਜੰਮ ਕੇ ਸ਼ਲਾਘਾ ਕੀਤੀ। ਕੋਹਲੀ ਨੇ ਆਪਣੀ ਸ਼ੁਰੂਆਤ ਕ੍ਰਿਕਟ ਧੋਨੀ ਦੀ ਕਪਤਾਨੀ ਵਿਚ ਕੀਤੀ ਸੀ ਤੇ ਇਕ ਪ੍ਰਤਿਭਾਸ਼ਾਲੀ ਨੌਜਵਾਨ ਤੋਂ ਵਿਸ਼ਵ ਦਾ ਸਰਵਸ੍ਰੇਸ਼ਠ ਬੱਲੇਬਾਜ਼ ਬਣਿਆ।
ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ਵਿਚ ਆਪਣੀ 149 ਦੌੜਾਂ ਦੀ ਪਾਰੀ ਨਾਲ ਭਾਰਤੀ ਕਪਤਾਨ ਨੇ ਆਖਰੀ ਕਿਲਾ ਵੀ ਫਤਿਹ ਕਰ ਲਿਆ। ਧੋਨੀ ਨੂੰ ਖੁਸ਼ੀ ਹੈ ਕਿ ਕੋਹਲੀ ਟੀਮ ਨੂੰ ਅੱਗੇ ਲੈ ਕੇ ਜਾ ਰਿਹਾ ਹੈ।
ਧੋਨੀ ਨੇ ਕਿਹਾ, ''ਉਹ ਟੀਮ ਨੂੰ ਅੱਗੇ ਲੈ ਕੇ ਜਾ ਰਿਹਾ ਹੈ ਤੇ ਤੁਸੀਂ ਇਕ ਕਪਤਾਨ ਤੋਂ ਇਹ ਚਾਹੁੰਦੇ ਹੋ। ਉਸ ਨੂੰ ਮੇਰੀਆਂ ਸ਼ੁਭਕਾਮਨਾਵਾ।''