ਕੋਹਲੀ ਤੇ ਰੋਹਿਤ ’ਤੇ ਫਿਰ ਰਹਿਣਗੀਆਂ ਨਜ਼ਰਾਂ, ਲੜੀ ਬਰਾਬਰ ਕਰਨ ਉਤਰੇਗਾ ਭਾਰਤ
Thursday, Oct 23, 2025 - 12:31 AM (IST)

ਸਪੋਰਟਸ ਡੈਸਕ– ਭਾਰਤੀ ਟੀਮ ਦੀ ਆਲਰਾਊਂਡਰਾਂ ’ਤੇ ਬਹੁਤ ਜ਼ਿਆਦਾ ਨਿਰਭਰਤਾ ਦੀ ਆਸਟ੍ਰੇਲੀਆ ਵਿਰੁੱਧ ਵੀਰਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਸਖਤ ਪ੍ਰੀਖਿਆ ਹੋਵੇਗੀ ਪਰ ਇਕ ਵਾਰ ਫਿਰ ਤੋਂ ਸਾਰਿਆਂ ਦੀਆਂ ਨਜ਼ਰਾਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ’ਤੇ ਰਹਿਣਗੀਆਂ ਜਿਹੜੇ ਚੰਗਾ ਪ੍ਰਦਰਸ਼ਨ ਕਰ ਕੇ ਲੜੀ ਬਰਾਬਰ ਕਰਨ ਵਿਚ ਆਪਣਾ ਯੋਗਦਾਨ ਦੇਣਾ ਚਾਹੁਣਗੇ। ਤਿੰਨ ਮੈਚਾਂ ਦੀ ਲੜੀ ਦੇ ਪਹਿਲਾ ਵਨ ਡੇ ਵਿਚ ਭਾਰਤ ਲਈ ਕੁਝ ਵੀ ਚੰਗਾ ਨਹੀਂ ਰਿਹਾ ਸੀ। ਮੀਂਹ ਦੇ ਲਗਾਤਾਰ ਅੜਿੱਕੇ ਕਾਰਨ ਭਾਰਤੀ ਬੱਲੇਬਾਜ਼ੀ ਪ੍ਰਭਾਵਿਤ ਹੋਈ ਤੇ ਆਖਿਰ ਵਿਚ ਉਸ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਗੇਂਦਬਾਜ਼ ਵੀ ਪ੍ਰਭਾਵਿਤ ਨਹੀਂ ਕਰ ਸਕੇ ਸਨ ਪਰ ਮੁਹੰਮਦ ਸਿਰਾਜ ਤੇ ਅਕਸ਼ਰ ਪਟੇਲ ਵਰਗੇ ਗੇਂਦਬਾਜ਼ਾਂ ਨੂੰ ਸਿਰਫ 131 ਦੌੜਾਂ ਦੇ ਟੀਚੇ ਦਾ ਬਚਾਅ ਕਰਨਾ ਸੀ ਜਿਹੜਾ ਸੌਖਾਲਾ ਕੰਮ ਨਹੀਂ ਸੀ। ਐਡੀਲੇਡ ਓਵਲ ਵਿਚ ਵੀ ਚੁਣੌਤੀਆਂ ਵੱਖਰੀਆਂ ਨਹੀਂ ਹੋਣਗੀਆਂ ਕਿਉਂਕਿ ਮਿਸ਼ੇਲ ਸਟਾਰਕ ਤੇ ਜੋਸ਼ ਹੇਜ਼ਲਵੁੱਡ ਇਕ ਵਾਰ ਫਿਰ ਭਾਰਤੀ ਬੱਲੇਬਾਜ਼ਾਂ ਸਾਹਮਣੇ ਸਖਤ ਚੁਣੌਤੀ ਪੇਸ਼ ਕਰਨ ਲਈ ਤਿਆਰ ਹਨ। ਆਸਟ੍ਰੇਲੀਆਈ ਗਰਮ ਰੁੱਤ ਦੇ ਸ਼ੁਰੂ ਹੋਣ ਦੇ ਨਾਲ ਹੀ ਦੇਸ਼ ਦੀਆਂ ਨਵੀਆਂ ਪਿੱਚਾਂ ’ਤੇ ਉਛਾਲ ਤੇ ਗਤੀ ਹੁੰਦੀ ਹੈ ਤੇ ਅਜਿਹੇ ਹਾਲਾਤ ਵਿਚ ਬੱਲੇਬਾਜ਼ੀ ਕਰਨਾ ਸੌਖਾਲਾ ਨਹੀਂ ਹੁੰਦਾ ਹੈ।
ਇਸ ਵਿਚਾਲੇ ਆਸਟ੍ਰੇਲੀਆ ਨੇ ਪਿਛਲੇ ਮੈਚ ਦੇ ਹੀਰੋ ਖੱਬੇ ਹੱਥ ਦੇ ਸਪਿੰਨਰ ਮੈਟ ਕੁਹਨੇਮੈਨ ਨੂੰ ਰਿਲੀਜ਼ ਕਰ ਦਿੱਤਾ ਹੈ ਤੇ ਤਜਰਬੇਕਾਰੀ ਲੈੱਗ ਬ੍ਰੇਕ ਗੇਂਦਬਾਜ਼ ਐਡਮ ਜ਼ਾਂਪਾ ਆਪਣੇ ਬੱਚੇ ਦੇ ਜਨਮ ਤੋਂ ਬਾਅਦ ਵਾਪਸ ਆ ਗਿਆ ਹੈ। ਇਸ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਐਲਕਸ ਕੈਰੀ ਦੀ ਵੀ ਵਾਪਸੀ ਹੋਈ ਹੈ।