ਅਗਲੇ ਸੀਜ਼ਨ ’ਚ ਵਧੀਆ ਪ੍ਰਦਰਸ਼ਨ ਕਰੇਗਾ ਉਤਰੇਗਾ ਨੀਰਜ ਚੋਪੜਾ
Wednesday, Oct 08, 2025 - 10:58 PM (IST)

ਨਵੀਂ ਦਿੱਲੀ (ਭਾਸ਼ਾ)- ਇਹ ਸੀਜ਼ਨ ਭਾਵੇਂ ਚੁਣੌਤੀਪੂਰਨ ਰਿਹਾ ਹੋਵੇ ਪਰ ਨੀਰਜ ਚੋਪੜਾ ਨੂੰ ਇਸ ’ਤੇ ਮਾਣ ਹੈ। ਅਗਲੇ ਸਾਲ ਵਧੀਆ ਵਾਪਸੀ ਕਰਨ ਲਈ ਤਿਆਰ ਹੋਣ ਦੇ ਉਦੇਸ਼ ਨਾਲ ਭਾਰਤ ਦਾ ਇਹ ਭਾਲਾ ਸੁੱਟ ਸਟਾਰ ਦੁਬਾਰਾ ਸਵਿੱਟਜ਼ਰਲੈਂਡ ਚਲਾ ਗਿਆ ਹੈ, ਜਿੱਥੇ ਉਸ ਨੇ ਆਪਣੇ ਖੇਡ ਜੀਵਨ ਦੇ ਕਈ ਯਾਦਗਾਰ ਪਲ ਬਿਤਾਏ ਹਨ।
ਜਿਉਰਿਖ ਤੋਂ ਗੱਲਬਾਤ ਦੌਰਾਨ ਨੀਰਜ ਨੇ ਅਗਲੇ ਸੀਜ਼ਨ ਲਈ ਉਮੀਦਾਂ, ਸਵਿਟਜ਼ਰਲੈਂਡ ਲਈ ਪਿਆਰ ਅਤੇ ਯਾਤਰਾ ਦੇ ਸ਼ੌਂਕ ਬਾਰੇ ਦੱਸਿਆ। ਉਸ ਨੇ ਕਿਹਾ ਕਿ ਇਹ ਕਾਫੀ ਚੁਣੌਤੀਪੂਰਨ ਸੀਜ਼ਨ ਰਿਹਾ। ਮੈਨੂੰ ਇਸ ’ਤੇ ਮਾਣ ਹੈ। ਇਸ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ। ਹਰ ਮੁਕਾਬਲੇ ਨਾਲ ਮੇਰਾ ਅਨੁਭਵ ਅਤੇ ਆਤਮ-ਵਿਸ਼ਵਾਸ ਵਧਿਆ ਹੈ।
ਹਰਿਆਣਾ ਦੇ ਇਸ ਚੈਂਪੀਅਨ ਨੇ ਇਸ ਸਾਲ ਦੋਹਾ ਵਿਚ 90 ਮੀਟਰ ਦਾ ਅੜਿੱਕਾ ਪਾਰ ਕੀਤਾ ਸੀ ਪਰ ਵਿਸ਼ਵ ਚੈਂਪੀਅਨਸ਼ਿਪ ’ਚ ਤਮਗਾ ਨਹੀਂ ਜਿੱਤ ਸਕਿਆ। ਟੋਕੀਓ ਓਲੰਪਿਕ ’ਚ ਸੋਨ ਅਤੇ ਪੈਰਿਸ ’ਚ ਚਾਂਦੀ ਜਿੱਤਣ ਵਾਲੇ ਨੀਰਜ ਨੇ ਕਿਹਾ ਕਿ ਵਧੀਆ ਪ੍ਰਦਰਸ਼ਨ ਦੀ ਸੰਭਾਵਨਾ ਹਮੇਸ਼ਾ ਰਹਿੰਦੀ ਹੈ ਅਤੇ ਇਹੀ ਗੱਲ ਉਸ ਨੂੰ ਪ੍ਰੇਰਣਾ ਵੀ ਦਿੰਦੀ ਹੈ।
ਨੀਰਜ ਵਿਸ਼ਵ ਚੈਂਪੀਅਨਸ਼ਿਪ ’ਚ 84.03 ਮੀਟਰ ਦੇ ਸਭ ਤੋਂ ਵਧੀਆ ਥ੍ਰੋ ਨਾਲ 8ਵੇਂ ਸਥਾਨ ’ਤੇ ਰਿਹਾ। ਉਸ ਨੇ ਕਿਹਾ ਕਿ ਹੁਣ ਧਿਆਨ ਰਿਕਵਰੀ ਅਤੇ ਅਗਲੇ ਸੀਜ਼ਨ ’ਚ ਮਜ਼ਬੂਤੀ ਨਾਲ ਵਾਪਸੀ ’ਤੇ ਹੈ। ਸਰੀਰ ਚੰਗਾ ਮਹਿਸੂਸ ਕਰ ਰਿਹਾ ਹੈ ਅਤੇ ਥੋੜ੍ਹੀ ਆਰਾਮ ਅਤੇ ਰਿਕਵਰੀ ਨਾਲ ਮੈਂ ਵਧੀਆ ਵਾਪਸੀ ਕਰ ਸਕਦਾ ਹਾਂ।