ਨਾਕਆਊਟ ਮੈਚਾਂ ’ਚ ਨਾਕਾਮੀ ਦੇ ਡਰ ’ਤੇ ਕਾਬੂ ਪਾ ਕੇ ਭਾਰਤ ਨੇ ਲਗਾਤਾਰ ਟ੍ਰਾਫੀਆਂ ਜਿੱਤੀਆਂ : ਸੂਰਿਆਕੁਮਾਰ
Friday, Oct 10, 2025 - 02:13 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੇ ਵੀਰਵਾਰ ਨੂੰ ਕਿਹਾ ਕਿ ਨਾਕਆਊਟ ਮੈਚਾਂ ’ਚ ਨਾਕਾਮ ਹੋਣ ਦੇ ਡਰ ’ਤੇ ਕਾਬੂ ਪਾਉਣਾ ਪਿਛਲੇ 15 ਮਹੀਨਿਆਂ ਦੌਰਾਨ ਰਾਸ਼ਟਰੀ ਟੀਮ ਦੀ ਸ਼ਾਨਦਾਰ ਸਫਲਤਾ ਦਾ ਅਹਿਮ ਹਿੱਸਾ ਰਿਹਾ ਹੈ। ਜੂਨ 2024 ਵਿਚ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤ ਨੇ 2 ਆਈ. ਸੀ. ਸੀ. ਖਿਤਾਬ ਅਤੇ ਏਸ਼ੀਆ ਕੱਪ ਜਿੱਤੇ ਹਨ। ਟੀਮ ਨੇ ਫਰਵਰੀ ’ਚ ਵਨਡੇ ਫਾਰਮੈਟ ’ਚ ਚੈਂਪੀਅਨਜ਼ ਟਰਾਫੀ ਜਿੱਤੀ ਸੀ ਪਰ ਪਿਛਲੇ ਮਹੀਨੇ ਭਾਰਤ ਨੇ ਸੂਰਿਆਕੁਮਾਰ ਦੀ ਅਗਵਾਈ ਹੇਠ ਟੀ-20 ਫਾਰਮੈਟ ’ਚ ਆਪਣਾ ਦੂਜਾ ਏਸ਼ੀਆ ਕੱਪ ਖਿਤਾਬ ਜਿੱਤਿਆ।
ਇਸ ‘ਬਿਗ ਹਿੱਟਰ’ ਬੱਲੇਬਾਜ਼ ਨੇ ਕਿਹਾ ਕਿ ਭਾਰਤ ਨੂੰ ਹਮਲਾਵਰ ਕ੍ਰਿਕਟ ਖੇਡਣ ਦਾ ਪੂਰਾ ਲਾਭ ਮਿਲ ਰਿਹਾ ਹੈ। ਸੂਰਿਆਕੁਮਾਰ ਨੇ ‘ਸਕਾਈਸਕੈਨਰ’ ਪ੍ਰੋਗਰਾਮ ਦੌਰਾਨ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਿਛਲੇ ਡੇਢ ਸਾਲਾਂ ’ਚ ਜਦੋਂ ਤੋਂ ਅਸੀਂ ਚੈਂਪੀਅਨਸ਼ਿਪਾਂ ਜਿੱਤਣੀਆਂ ਸ਼ੁਰੂ ਕੀਤੀਆਂ, ਅਸੀਂ ਇਹ ਖੇਡ ਥੋੜ੍ਹਾ ਵੱਖਰੇ ਅੰਦਾਜ਼ ’ਚ ਖੇਡਣੀ ਸ਼ੁਰੂ ਕਰ ਦਿੱਤੀ। ਨਾਕਆਊਟ ਹਾਲਾਤ ’ਚ ਨਾਕਾਮੀ ਦੇ ਡਰ ਬਾਰੇ ਨਾ ਸੋਚੋ, ਸਿਰਫ ਮੈਦਾਨ ’ਤੇ ਉਤਰੋ ਅਤੇ ਉਹ ਕਰੋ ਜੋ ਅਸੀਂ ਸਭ ਤੋਂ ਵਧੀਆ ਕਰਦੇ ਹਾਂ। ਨਤੀਜੇ ਬਾਰੇ ਨਾ ਸੋਚੋ, ਬਸ ਆਪਣਾ ਸਰਵੋਤਮ ਪ੍ਰਦਰਸ਼ਨ ਦਿਓ। ਜੂਨ 2024 ਵਿਚ ਬਾਰਬੇਡੋਸ ’ਚ ਟਰਾਫੀ ਜਿੱਤਣ ਤੋਂ ਪਹਿਲਾਂ ਭਾਰਤ ਨੇ 10 ਸਾਲ ਤੋਂ ਵੱਧ ਸਮੇਂ ਤੱਕ ਕੋਈ ਆਈ. ਸੀ. ਸੀ. ਮੁਕਾਬਲਾ ਨਹੀਂ ਜਿੱਤਿਆ ਸੀ।
ਸੂਰਿਆਕੁਮਾਰ ਨੇ ਕਿਹਾ ਕਿ ਮਾਨਸਿਕ ਸੋਚ ’ਚ ਬਦਲਾਅ ਕਰਨ ਨਾਲ ਮਨ ਚਾਹੇ ਨਤੀਜੇ ਮਿਲੇ। ਉਨ੍ਹਾਂ ਕਿਹਾ ਕਿ ਅਸੀਂ ਟੀਮ ਦੇ ਅੰਦਰ ਇਹੀ ਮਾਹੌਲ ਬਣਾਇਆ ਹੈ, ਇਹੀ ਜਜ਼ਬਾ ਹੈ, ਇਹੀ ਸੱਭਿਆਚਾਰ ਹੈ। 2022 ’ਚ ਆਸਟ੍ਰੇਲੀਆ ’ਚ ਹੋਏ ਟੀ20 ਵਿਸ਼ਵ ਕੱਪ ਤੋਂ ਬਾਅਦ ਸਾਨੂੰ ਸੋਚਿਆ ਕਿ ਅਸੀਂ ਕੁਝ ਵੱਖਰਾ ਕਰਨਾ ਪਵੇਗਾ।
ਭਾਰਤੀ ਟੀ-20 ਕਪਤਾਨ ਨੇ ਕਿਹਾ ਕਿ ਅਸੀਂ ਸੋਚਿਆ ਕਿ ਜੇਕਰ ਚੈਂਪੀਅਨਸ਼ਿਪ ਜਿੱਤਣੀ ਹੈ ਤਾਂ ਸਾਨੂੰ ਵੱਖਰੇ ਅੰਦਾਜ਼ ’ਚ ਖੇਡਣਾ ਪਵੇਗਾ। ਸੂਰਿਆਕੁਮਾਰ ਨੇ ਕਪਤਾਨੀ ਦੇ ਗੁਣ ਸਿੱਖਣ ਦਾ ਸਿਹਰਾ ਰੋਹਿਤ ਸ਼ਰਮਾ ਨੂੰ ਦਿੱਤਾ। ਉਸ ਨਾਲ ਭਰਾ ਵਾਂਗ ਰਿਸ਼ਤਾ ਹੈ। ਮੈਨੂੰ ਅਜੇ ਵੀ ਯਾਦ ਹੈ, ਜਦੋਂ ਮੈਂ 2010-2011 ’ਚ ਮੁੰਬਈ ਲਈ ਆਪਣਾ ਪਹਿਲਾ ਫਸਟ ਕਲਾਸ ਮੈਚ ਖੇਡਿਆ ਸੀ। ਉਹ ਉਸ ਵੇਲੇ ਘਰੇਲੂ ਸਰਕਟ ’ਚ ਸੀ ਅਤੇ ਉੱਥੇ ਤੋਂ ਆਈ. ਪੀ. ਐੱਲ. ਦੀ ਮੁੰਬਈ ਇੰਡੀਅਨਜ਼ ਟੀਮ ’ਚ ਗਿਆ। ਫਿਰ ਮੈਂ ਕੋਲਕਾਤਾ ਨਾਈਟ ਰਾਈਡਰਜ਼ ਚਲਾ ਗਿਆ ਪਰ ਜਦੋਂ ਮੈਂ 2018 ’ਚ ਮੁੜ ਮੁੰਬਈ ਇੰਡੀਅਨਜ਼ ’ਚ ਆਇਆ ਤਾਂ ਉਹ ਕਪਤਾਨ ਸੀ। ਉਦੋਂ ਤੋਂ ਮੇਰੀ ਅਸਲ ਯਾਤਰਾ ਸ਼ੁਰੂ ਹੋਈ। ਮੈਂ ਕ੍ਰਿਕਟ ਦੇ ਕਈ ਗੁਣ ਸਿੱਖੇ, ਲੀਡਰਸ਼ਿਪ ਦੇ ਸਾਰੇ ਗੁਣ ਸਿੱਖੇ। ਉਹ ਮੈਦਾਨ ਅਤੇ ਮੈਦਾਨ ਤੋਂ ਬਾਹਰ ਸਭ ਨੂੰ ਕਿਵੇਂ ਸੰਭਾਲਦੇ ਸਨ, ਇਹ ਵੀ।