ਕੋਹਲੀ ਦੀ ਗੈਰ-ਮੌਜੂਦਗੀ ਭਾਰਤ, ਸੀਰੀਜ਼ ਅਤੇ ਵਿਸ਼ਵ ਕ੍ਰਿਕਟ ਲਈ ਝਟਕਾ : ਨਾਸਿਰ ਹੁਸੈਨ
Thursday, Feb 08, 2024 - 07:40 PM (IST)
ਚੇਨਈ- ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਵਰਗੇ ਖਿਡਾਰੀ ਦਾ ਅਗਲੇ ਟੈਸਟ ਮੈਚ ’ਚ ਨਾ ਖੇਡਣ ਸਿਰਫ ਭਾਰਤੀ ਟੀਮ ਹੀ ਨਹੀਂ, ਬਲਕਿ ਸੀਰੀਜ਼ ਅਤੇ ਵਿਸ਼ਵ ਕ੍ਰਿਕਟ ਲਈ ਝਟਕਾ ਹੈ। ਹੁਸੈਨ ਨੇ ਹਾਲਾਂਕਿ ਭਾਰਤੀ ਕ੍ਰਿਕਟਰ ਦੇ ਨਿੱਜੀ ਜ਼ਿੰਦਗੀ ਨੂੰ ਪਹਿਲ ਦੇਣ ਦਾ ਸਮਰਥਣ ਕੀਤਾ ਹੈ। ਕੋਹਲੀ ਨਿੱਜੀ ਕਾਰਨਾਂ ਕਰ ਕੇ ਇੰਗਲੈਂਡ ਖਿਲਾਫ ਪਹਿਲੇ 2 ਟੈਸਟ ਮੈਚ ਤੋਂ ਹਟ ਗਿਆ ਸੀ। ਉਸ ਦੇ ਰਾਜਕੋਟ ਅਤੇ ਰਾਂਚੀ ’ਚ ਅਗਲੇ ਮੁਕਾਬਲਿਆਂ ’ਚ ਵੀ ਖੇਡਣ ਦੀ ਸੰਭਾਵਨਾ ਨਹੀਂ ਹੈ। ਧਰਮਸ਼ਾਲਾ ’ਚ ਆਖਰੀ ਟੈਸਟ ’ਚ ਵੀ ਉਸ ਦਾ ਖੇਡਣਾ ਸ਼ੱਕੀ ਹੈ। ਪੰਜ ਟੈਸਟ ਦੀ ਸੀਰੀਜ਼ ਅਜੇ 1-1 ਨਾਲ ਬਰਾਬਰ ਹੈ।
ਹੁਸੈਨ ਨੇ ਕਿਹਾ ਕਿ ਹਾਂ ਅਜੇ ਪੁਸ਼ਟੀ ਨਹੀਂ ਹੋਈ ਹੈ। ਇਹ ਸਭ ਅਟਕਲਾਂ ਹਨ। ਉਹ ਅਗਲੇ 2 ਮੈਚਾਂ ’ਚ ਖੇਡੇਗਾ ਜਾਂ ਨਹੀਂ। ਅਗਲੇ ਕੁਝ ਘੰਟਿਆਂ ’ਚ ਉਹ ਆਪਣੀ ਟੀਮ ਐਲਾਨ ਕਰੇਗਾ। ਇਹ ਅਗਲੇ 3 ਟੈਸਟ ਮੈਚਾਂ ਲਈ ਹੋਵੇਗੀ ਜਾਂ ਨਹੀਂ, ਅਜੇ ਕੁਝ ਵੀ ਸਪੱਸ਼ਟ ਨਹੀਂ ਹੈ ਪਰ ਇਹ ਝਟਕਾ ਹੋਵੇਗਾ।
ਕੋਹਲੀ ਦੀਆਂ ਉਪਲੱਬਧੀਆਂ ਅਤੇ ਕ੍ਰਿਕਟ ’ਚ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਇੰਗਲੈਂਡ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਉਸ ਵਰਗੇ ਖਿਡਾਰੀ 15 ਸਾਲ ਤੱਕ ਖੇਡ ਦੀ ਸੇਵਾ ਕਰਨ ਤੋਂ ਬਾਅਦ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਹੱਕਦਾਰ ਹੈ। ਉਸ ਨੇ ਕਿਹਾ ਕਿ ਖੇਡ ਨੂੰ ਵਿਰਾਟ ਕੋਹਲੀ ਵਰਗੇ ਖਿਡਾਰੀਆਂ ਦਾ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ। ਉਹ ਪਿਛਲੇ 15 ਸਾਲਾਂ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਖੇਡ ਰਿਹਾ ਹੈ। ਜੇਕਰ ਉਸ ਨੂੰ ਪਰਿਵਾਰ ਦੇ ਨਾਲ ਰਹਿਣ ਲਈ ਖੇਡ ਤੋਂ ਬ੍ਰੇਕ ਦੀ ਜ਼ਰੂਰਤ ਹੈ ਤਾਂ ਅਸੀਂ ਉਸ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ।
ਹੁਸੈਨ ਨੇ ਕਿਹਾ ਕਿ ਚਾਹੇ ਇਸ ਕਾਰਨ ਸਾਨੂੰ ਐਂਡਰਸਨ ਬਨਾਮ ਕੋਹਲੀ ਦਾ ਦਿਲਚਸਪ ਮੁਕਾਬਲਾ ਦੇਖਣ ਨੂੰ ਨਹੀਂ ਮਿਲਿਆ, ਜਿਸ ਤਰ੍ਹਾਂ ਅਸੀਂ ਪਿਛਲੇ ਕੁਝ ਸਾਲਾਂ ’ਚ ਦੇਖਿਆ ਹੈ ਤਾਂ ਵੀ ਠੀਕ ਹੈ ਪਰ ਕੋਹਲੀ ਅਤੇ ਉਸ ਦਾ ਪਰਿਵਾਰ ਅਤੇ ਉਸ ਦੀ ਨਿੱਜੀ ਜ਼ਿੰਦਗੀ ਸਭ ਤੋਂ ਉੱਪਰ ਹੈ। ਹੁਸੈਨ ਨੇ ਇਹ ਵੀ ਕਿਹਾ ਕਿ ਕੋਹਲੀ ਦੀ ਥਾਂ ਲੈਣਾ ਮੁਸ਼ਕਿਲ ਹੈ ਪਰ ਉਨ੍ਹਾਂ ਨੂੰ ਲੋਕੇਸ਼ ਰਾਹੁਲ ਦੇ ਅੰਤਿਮ ਇਲੈਵਨ ’ਚ ਸ਼ਾਮਿਲ ਹੋਣ ਦੀ ਉਮੀਦ ਹੈ, ਜੋ ਦਰਜ ਕਾਰਨ ਦੂਜਾ ਟੈਸਟ ਨਹੀਂ ਖੇਡ ਸਕਿਆ ਸੀ।