ICC ਟੈਸਟ ਰੈਂਕਿੰਗ ''ਚ ਕੋਹਲੀ, ਪੰਤ ਤੇ ਬੁਮਰਾਹ ਨੂੰ ਹੋਇਆ ਇੰਨੇ ਸਥਾਨ ਦਾ ਫ਼ਾਇਦਾ
Wednesday, Jan 19, 2022 - 08:04 PM (IST)
ਦੁਬਈ- ਸਟਾਰ ਕ੍ਰਿਕਟਰ ਵਿਰਾਟ ਕੋਹਲੀ ਕਪਤਾਨ ਦੇ ਰੂਪ ’ਚ ਆਪਣ ਆਖ਼ਰੀ ਟੈਸਟ ਮੈਚ ’ਚ 79 ਅਤੇ 29 ਦੌੜਾਂ ਦੀਆਂ ਪਾਰੀਆਂ ਦੇ ਨਾਲ ਬੁੱਧਵਾਰ ਨੂੰ ਇੱਥੇ ਜਾਰੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੀ ਨਵੀਂ ਬੱਲੇਬਾਜ਼ੀ ਟੈਸਟ ਰੈਂਕਿੰਗ ਵਿਚ ਦੋ ਸਥਾਨ ਉੱਪਰ ਸੱਤਵੇਂ ਸਥਾਨ ’ਤੇ ਪਹੁੰਚ ਗਏ ਹਨ। ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਅਤੇ ਫ਼ੈਸਲਾਕੁਨ ਟੈਸਟ ਦੀ ਦੂਜੀ ਪਾਰੀ ’ਚ ਅਜੇਤੂ ਸੈਂਕੜਾ ਲਾਉਣ ਵਾਲੇ ਰਿਸ਼ਭ ਪੰਤ 10 ਸਥਾਨ ਦੀ ਛਲਾਂਗ ਨਾਲ 14ਵੀਂ ਰੈਂਕਿੰਗ ’ਤੇ ਪਹੁੰਚ ਗਏ ਹਨ। ਕੇਪਟਾਊਨ ਟੈਸਟ ਵਿਚ ਛੇ ਵਿਕਟਾਂ ਹਾਸਲ ਕਰਨ ਵਾਲੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਚੋਟੀ ਦੇ10 ਗੇਂਦਬਾਜ਼ਾਂ ਦੀ ਸੂਚੀ ’ਚ ਵਾਪਸੀ ਕੀਤੀ ਹੈ। ਉਹ 10ਵੀਂ ਰੈਂਕਿੰਗ ’ਤੇ ਹਨ।
ਇਹ ਵੀ ਪੜ੍ਹੋ : ਕਸ਼ਮੀਰੀ ਵਿਲੋ ਨਾਲ ਬਣੇ ਬੱਲਿਆਂ ਨੂੰ ਆਈ.ਸੀ.ਸੀ. ਨੇ ਦਿੱਤੀ ਮਨਜ਼ੂਰੀ
ਰੈਂਕਿੰਗ ਦੀ ਹਫ਼ਤਾਵਾਰੀ ਅਪਡੇਟ ’ਚ ਕੇਪਟਾਊਨ ’ਚ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਤੀਜੇ ਟੈਸਟ ਦੇ ਪ੍ਰਦਰਸ਼ਨ ’ਤੇ ਗੌਰ ਕੀਤਾ ਗਿਆ। ਮੇਜ਼ਬਾਨ ਟੀਮ ਨੇ ਇਹ ਟੈਸਟ ਸੱਤ ਵਿਕਟਾਂ ਨਾਲ ਜਿੱਤ ਕੇ ਸੀਰੀਜ਼ 2-1 ਨਾਲ ਜਿੱਤੀ। ਮੈਚ ’ਚ 72 ਅਤੇ 82 ਦੌੜਾਂ ਦੀਆਂ ਪਾਰੀਆਂ ਖੇਡ ਕੇ ਦੱਖਣੀ ਅਫਰੀਕਾ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੀਗਨ ਪੀਟਰਸਨ 68 ਸਥਾਨਾਂ ਦੀ ਲੰਬੀ ਛਲਾਂਗ ਨਾਲ 33ਵੇਂ ਸਥਾਨ ’ਤੇ ਪਹੁੰਚ ਗਏ ਹਨ। ਪੀਟਰਸਨ ਨੂੰ ਸੀਰੀਜ਼ ’ਚ ਸਭ ਤੋਂ ਜ਼ਿਆਦਾ 276 ਦੌੜਾਂ ਬਣਾਉਣ ਲਈ ਸੀਰੀਜ਼ ਦਾ ਸਰੋਬਤਮ ਖਿਡਾਰੀ ਚੁਣਿਆ ਗਿਆ। ਉਨ੍ਹਾਂ ਸੀਰੀਜ਼ ਦੀ ਸ਼ੁਰੂਆਤ 158ਵੀਂ ਰੈਂਕਿੰਗ ਨਾਲ ਕੀਤੀ ਸੀ।
ਤੇਂਬਾ ਬਾਵੁਮਾ ਬੱਲੇਬਾਜ਼ੀ ਰੈਂਕਿੰਗ ’ਚ ਸੱਤ ਸਥਾਨ ਉੱਪਰ 28ਵੇਂ ਅਤੇ ਰਾਸੀ ਵੇਨ ਡੇਰ ਡੁਸੇਨ 12 ਸਥਾਨ ਉੱਪਰ 43ਵੇਂ ਸਥਾਨ ’ਤੇ ਪਹੁੰਚ ਗਏ ਹਨ। ਤੇਜ਼ ਗੇਂਦਬਾਜ਼ਾਂ ਕਗੀਸੋ ਰਬਾਡਾ (ਦੋ ਸਥਾਨ ਦੇ ਫ਼ਾਇਦੇ ਨਾਲ ਤੀਜੇ) ਅਤੇ ਲੁੰਗੀ ਐਨਗਿਡੀ (ਛੇ ਸਥਾਨ ਦੇ ਫ਼ਾਇਦੇ ਨਾਲ 21ਵੇਂ) ਦੀ ਰੈਂਕਿੰਗ ’ਚ ਵੀ ਸੁਧਾਰ ਹੋਇਆ ਹੈ। ਇੰਗਲੈਂਡ ਖ਼ਿਲਾਫ਼ ਐਸ਼ੇਜ ਸੀਰੀਜ਼ ਦੇ ਹੋਬਾਰਟ ਟੈਸਟ ਦੀ ਪਹਿਲੀ ਪਾਰੀ ’ਚ 101 ਦੌੜਾਂ ਬਣਾਉਣ ਵਾਲੇ ਆਸਟ੍ਰੇਲੀਆ ਦੇ ਟ੍ਰੇਵਿਸ ਹੈੱਡ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਕਰੀਅਰ ਦੇ ਸਰਬੋਤਮ ਪੰਜਵੇਂ ਸਥਾਨ ’ਤੇ ਪਹੁੰਚ ਗਏ ਹਨ। ਉਹ ਸੱਤ ਸਥਾਨਾਂ ਦੇ ਫ਼ਾਇਦੇ ਨਾਲ ਭਾਰਤ ਦੇ ਰੋਹਿਤ ਸ਼ਰਮਾ ਨਾਲ ਸਾਂਝੇ ਪੰਜਵੇਂ ਸਥਾਨ ’ਤੇ ਹਨ। ਹੈੱਡ ਦੀ ਪਿਛਲੀ ਸਰਬੋਤਮ ਰੈਂਕਿੰਗ 10ਵੀਂ ਸੀ ਜਿਸ ’ਤੇ ਉਹ ਪਿਛਲੇ ਮਹੀਨੇ ਕਾਬਜ਼ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।