KKR ਦਾ ਸੁਪਰਮੈਨ ਹੈ ਸੁਨੀਲ ਨਾਰਾਇਣ, ਫੈਸ਼ਨਪ੍ਰਸਤ ਹੈ ਰਸੇਲ : ਸ਼ਾਹਰੁਖ

Saturday, May 04, 2024 - 11:34 AM (IST)

KKR ਦਾ ਸੁਪਰਮੈਨ ਹੈ ਸੁਨੀਲ ਨਾਰਾਇਣ, ਫੈਸ਼ਨਪ੍ਰਸਤ ਹੈ ਰਸੇਲ : ਸ਼ਾਹਰੁਖ

ਮੁੰਬਈ– ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਸੁਨੀਲ ਨਾਰਾਇਣ ਨੇ ਕੋਲਕਾਤਾ ਨਾਈਟ ਰਾਈਡਰਜ਼ ਲਈ ਹਰ ਵਿਭਾਗ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਤੇ ਟੀਮ ਮਾਲਕ ਸ਼ਾਹਰੁਖ ਖਾਨ ਨੇ ਉਸ ਨੂੰ ‘ਸੁਪਰਮੈਨ’ ਕਰਾਰ ਦਿੰਦੇ ਹੋਏ ਟੀਮ ਦੀ ਸਫਲਤਾ ਦੇ ਪਿੱਛੇ ਅਸਲੀ ਊਰਜਾ ਦੱਸਿਆ ਹੈ। ਕੇ. ਕੇ.ਆਰ. ਫਿਲਹਾਲ ਆਈ. ਪੀ. ਐੱਲ. ਦੀ ਅੰਕ ਸੂਚੀ ਵਿਚ ਦੂਜੇ ਸਥਾਨ ’ਤੇ ਹੈ। ਨਾਰਾਇਣ ਨੇ ਹੁਣ ਤਕ ਇਸ ਸੈਸ਼ਨ ਵਿਚ ਇਕ ਸੈਂਕੜਾ ਤੇ ਦੋ ਅਰਧ ਸੈਂਕੜਿਆਂ ਤੋਂ ਇਲਾਵਾ ਕਈ ਵਿਕਟਾਂ ਵੀ ਲਈਆਂ ਹਨ।
ਸ਼ਾਹਰੁਖ ਨੇ ਕਿਹਾ, ‘‘ਅਸੀਂ ਆਪਣੇ ਘਰ ਵਿਚ ਉਸ ਨੂੰ ਸੁਪਰਮੈਨ ਕਹਿੰਦੇ ਹਾਂ। ਮੈਦਾਨ ’ਤੇ ਉਹ ਬੌਸ ਹੈ। ਬੱਲੇਬਾਜ਼, ਗੇਂਦਬਾਜ਼, ਵਿਕਟਕੀਪਰ, ਫੀਲਡਰ। ਉਹ ਸਭ ਕੁਝ ਹੈ।’’
ਸ਼ਾਹਰੁਖ ਨੇ ਕਿਹਾ, ‘‘ਉਹ ਕਾਫੀ ਊਰਜਾਵਾਨ ਹੈ । ਅਸੀਂ ਲੱਕੀ ਹਾਂ ਕਿ ਸਾਡੇ ਕੋਲ ਭਾਰਤੀ ਤੇ ਵਿਦੇਸ਼ ਦੇ ਬਿਹਤਰੀਨ ਖਿਡਾਰੀ ਹਨ। ਨਾਰਾਇਣ ਤੇ ਆਂਦ੍ਰੇ ਰਸੇਲ ਦੇ ਬਿਨਾਂ ਕੇ. ਕੇ. ਆਰ. ਦੀ ਕਲਪਨਾ ਨਹੀਂ ਹੋ ਸਕਦੀ। ਜਦੋਂ ਇਹ ਜ਼ਖ਼ਮੀ ਹੋ ਜਾਂਦੇ ਹਨ ਤਾਂ ਮੈਨੂੰ ਚਿੰਤਾ ਹੋ ਜਾਂਦੀ ਹੈ ਕਿ ਅਸੀਂ ਕਿਵੇਂ ਕਰਾਂਗੇ। ਇੰਨੇ ਸਾਲਾਂ ਤੋਂ ਇਹ ਸਾਡੇ ਨਾਲ ਹਨ ਕਿ ਪਰਿਵਾਰ ਦਾ ਹਿੱਸਾ ਬਣ ਗਏ ਹਨ।’’
ਨਿੱਤ ਨਵੇਂ ਹੇਅਰਸਟਾਈਲ ਰੱਖਣ ਵਾਲੇ ਰਸੇਲ ਨੂੰ ਸ਼ਾਹਰੁਖ ਨੇ ਫੈਸ਼ਨਪ੍ਰਸਤ ਕਿਹਾ। ਉਨ੍ਹਾਂ ਨੇ ਕਿਹਾ, ‘‘ਉਹ ਕਾਫੀ ਸ਼ਾਨਦਾਰ ਕ੍ਰਿਕਟਰ ਹੈ। ਉਹ ਸਾਨੂੰ ਯੂਨੀਵਰਸਲ ਬੌਸ ਕ੍ਰਿਸ ਗੇਲ ਦੀ ਯਾਦ ਦਿਵਾਉਂਦਾ ਹੈ। ਉਹ ਉਸੇ ਦਾ ਤਰ੍ਹਾਂ ਹੈ ਤੇ ਫੈਸ਼ਨਪ੍ਰਸਤ ਵੀ ਹੈ।’’ ਰਸੇਲ ਤੇ ਰਿੰਕੂ ਸਿੰਘ ਦੀ ਗਹਿਰੀ ਦੋਸਤੀ ਨੂੰ ਸ਼ੋਲੇ ਦੇ ‘ਜੈ ਵੀਰੂ’ ਦਾ ਨਾਂ ਦਿੰਦੇ ਹੋਏ ਉਸ ਨੇ ਕਿਹਾ, ‘‘ਰਿੰਕੂ ਤੇ ਰਸੇਲ ਦੀ ਦੋਸਤੀ ਜੈ ਵੀਰੂ ਦੀ ਤਰ੍ਹਾਂ ਹੈ। ਉਹ ਇਕ ਦੂਜੇ ਦੇ ਕਾਫੀ ਕਰੀਬੀ ਹਨ ਤੇ ਇਕ-ਦੂਜੇ ਦੀ ਮਦਦ ਵੀ ਕਰਦੇ ਹਨ।’’


author

Aarti dhillon

Content Editor

Related News