ਖੇਡ ਰਤਨ ਪੰਜਾਬ ਦੇ : ਮਾਂ ਖੇਡ ਕਬੱਡੀ ਦਾ ਮਾਣ ਆਲਮੀ ਚੈਂਪੀਅਨ ‘ਮਨਪ੍ਰੀਤ ਮਾਨਾ’

Monday, Oct 12, 2020 - 06:25 PM (IST)

ਖੇਡ ਰਤਨ ਪੰਜਾਬ ਦੇ : ਮਾਂ ਖੇਡ ਕਬੱਡੀ ਦਾ ਮਾਣ ਆਲਮੀ ਚੈਂਪੀਅਨ ‘ਮਨਪ੍ਰੀਤ ਮਾਨਾ’

ਨਵਦੀਪ ਸਿੰਘ ਗਿੱਲ

ਲੜੀ-24

ਮਨਪ੍ਰੀਤ ਸਿੰਘ ਮਾਨਾ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਆਲਮੀ ਚੈਂਪੀਅਨ ਹੈ। ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਖੇਡੀ ਜਾਂਦੀ ਨੈਸ਼ਨਲ ਸਟਾਈਲ ਕਬੱਡੀ ਖੇਡ ਵਿੱਚ ਮਾਨਾ ਇਕ ਵਾਰ ਨਹੀਂ ਸਗੋਂ ਦੋ ਵਾਰ ਆਲਮੀ ਚੈਂਪੀਅਨ ਬਣਿਆ ਹੈ। ਏਸ਼ਿਆਈ ਖੇਡਾਂ ਤੇ ਏਸ਼ੀਆ ਕੱਪ ਵਿੱਚ ਵੀ ਉਹ ਦੋ-ਦੋ ਵਾਰ ਚੈਂਪੀਅਨ ਬਣਿਆ ਹੈ। ਜੇਕਰ ਕਬੱਡੀ ਵੀ ਏਸ਼ਿਆਈ ਖੇਡਾਂ ਦੇ ਨਾਲ ਉਲੰਪਿਕਸ ਦਾ ਹਿੱਸਾ ਹੁੰਦੀ ਤਾਂ ਮਾਨਾ ਵਿਸ਼ਵ ਤੇ ਏਸ਼ੀਅਨ ਚੈਂਪੀਅਨ ਦੇ ਨਾਲ ਓਲੰਪਿਕ ਚੈਂਪੀਅਨ ਵੀ ਹੁੰਦਾ। ਆਪਣੇ ਦਮ 'ਤੇ ਭਾਰਤੀ ਟੀਮ ਨੂੰ ਵੱਡੇ ਮੁਕਾਬਲੇ ਜਿਤਾਉਣ ਵਾਲਾ ਮਾਨਾ ਸੈਫ ਖੇਡਾਂ, ਮਲੇਸ਼ੀਅਨ ਓਪਨ ਚੈਂਪੀਅਨਸ਼ਿਪ, ਭਾਰਤ-ਬੰਗਲਾਦੇਸ਼ ਟੈਸਟ ਲੜੀ ਅਤੇ ਭਾਰਤ-ਪਾਕਿ ਪੰਜਾਬ ਖੇਡਾਂ ਦਾ ਵੀ ਚੈਂਪੀਅਨ ਹੈ। ਕੌਮਾਂਤਰੀ ਪੱਧਰ 'ਤੇ ਉਸ ਨੇ ਕੁੱਲ 10 ਮੁਕਾਬਲੇ ਖੇਡੇ ਹਨ ਅਤੇ ਹਰ ਵਾਰ ਉਸ ਨੇ ਸੋਨ ਤਮਗਾ ਹੀ ਜਿੱਤਿਆ। ਮਾਨਾ ਨੈਸ਼ਨਲ ਸਟਾਈਲ ਕਬੱਡੀ ਖੇਡਦਾ ਹੋਇਆ ਕਈ ਵਾਰ ਸਰਕਲ ਸਟਾਈਲ ਕਬੱਡੀ ਦੇ ਜਾਫੀਆਂ ਨਾਲੋਂ ਵੱਧ ਤਕੜਾ ਜਾਪਦਾ ਹੈ। ਉਸ ਨੇ ਕਈ ਮੌਕਿਆਂ ਉਤੇ ਆਖਰੀ ਖਿਡਾਰੀ ਰਹਿੰਦਿਆਂ ਵਿਰੋਧੀ ਰੇਡਰ ਡੱਕੇ ਹਨ। ਹਾਲਾਂਕਿ ਉਸ ਦੀ ਪਛਾਣ ਰੇਡਰ ਵਜੋਂ ਜ਼ਿਆਦਾ ਹੈ। ਆਪਣੇ ਖੇਡ ਕਰੀਅਰ ਵਿੱਚ ਉਸ ਨੇ ਕਈ ਵਾਰ ਰੇਡ ਪਾਉਂਦਿਆਂ ਪੂਰੀ ਟੀਮ ਨੂੰ ਆਊਟ ਕਰਕੇ ਲੋਨਾ ਦੇ ਦੋ ਅੰਕਾਂ ਸਣੇ ਇਕੋ ਵਾਰ 9 ਅੰਕ ਬਟੋਰੇ ਹਨ। ਮਾਨਾ ਇਕੱਲਾ ਪੂਰੀ ਟੀਮ 'ਤੇ ਭਾਰੂ ਪੈਂਦਾ ਰਿਹਾ ਹੈ।

ਰਾਸ਼ਟਰਪਤੀ ਪਾਸੋਂ ਵਰਚੁਅਲ ਸਮਾਗਮ ਦੌਰਾਨ ਧਿਆਨ ਚੰਦ ਐਵਾਰਡ ਹਾਸਲ ਕਰਦਾ ਹੋਇਆ ਮਨਪ੍ਰੀਤ ਸਿੰਘ ਮਾਨਾ

PunjabKesari

ਕੌਮੀ ਪੱਧਰ 'ਤੇ ਵੀ ਮਾਨੇ ਦਾ ਕੋਈ ਸਾਨੀ ਨਹੀਂ
ਕੌਮੀ ਪੱਧਰ 'ਤੇ ਵੀ ਮਾਨੇ ਦਾ ਕੋਈ ਸਾਨੀ ਨਹੀਂ। ਆਪਣੀ ਢਲਦੀ ਉਮਰੇ ਉਸ ਨੇ ਪ੍ਰੋ.ਕਬੱਡੀ ਲੀਗ ਦਾ ਖਿਤਾਬ ਬਤੌਰ ਖਿਡਾਰੀ ਜਿੱਤਿਆ ਅਤੇ ਉਸ ਤੋਂ ਬਾਅਦ ਕੋਚਿੰਗ ਹੇਠ ਆਪਣੀ ਟੀਮ ਨੂੰ ਤਿੰਨ ਵਾਰ ਉਪ ਜੇਤੂ ਬਣਾਇਆ। ਓ.ਐਨ.ਜੀ.ਸੀ. ਵੱਲੋਂ ਵਿਭਾਗੀ ਪੱਧਰ ਦੀਆਂ ਕੌਮੀ ਚੈਂਪੀਅਨਸ਼ਿਪਾਂ ਵਿੱਚ ਪੰਜ ਸੋਨੇ ਅਤੇ ਦੋ-ਦੋ ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤੇ ਹਨ। ਆਲ ਇੰਡੀਆ ਏ ਗਰੇਡ ਟੂਰਨਾਮੈਂਟ ਜਿੱਤਣ ਦਾ ਤਾਂ ਕੋਈ ਹਿਸਾਬ ਹੀ ਨਹੀਂ। ਉਸ ਨੇ ਕੁੱਲ 31 ਟੂਰਨਾਮੈਂਟ ਖੇਡੇ ਹਨ, ਜਿਨ੍ਹਾਂ ਵਿੱਚੋਂ 21 ਵਾਰ ਸੋਨੇ, ਪੰਜ ਚਾਂਦੀ ਤੇ ਦੋ ਕਾਂਸੀ ਦੇ ਤਮਗੇ ਜਿੱਤੇ ਹਨ। ਪੰਜਾਬੀਆਂ ਦੀ ਰੁਚੀ ਸਰਕਲ ਸਟਾਈਲ (ਇਕੱਲੇ ਨੂੰ ਇਕੱਲੇ ਵਾਲੀ) ਵਿੱਚ ਹੋਣ ਕਾਰਨ ਨੈਸ਼ਨਲ ਸਟਾਈਲ ਕਬੱਡੀ ਵਿੱਚ ਪੰਜਾਬ ਦੀ ਜ਼ਿਆਦਾ ਚੜ੍ਹਤ ਨਹੀਂ ਰਹੀ ਪਰ ਫੇਰ ਵੀ ਮਾਨੇ ਦੇ ਹੁੰਦਿਆਂ ਕੌਮੀ ਚੈਂਪੀਅਨਸ਼ਿਪ ਵਿੱਚ ਪੰਜਾਬ ਇਕ ਵਾਰ ਚੈਂਪੀਅਨ ਅਤੇ ਇਕ-ਇਕ ਵਾਰ ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤਣ ਵਿੱਚ ਕਾਮਯਾਬ ਰਿਹਾ। ਮਾਨਾ ਤੋਂ ਪਹਿਲਾਂ ਬਲਵਿੰਦਰ ਫਿੱਡੂ, ਸ਼ਿਵਦੇਵ ਸਿੰਘ, ਹਰਦੀਪ ਸਿੰਘ ਭੁੱਲਰ ਦੇ ਜ਼ਮਾਨੇ ਵਿੱਚ ਪੰਜਾਬ ਦੀ ਚੜ੍ਹਤ ਰਹੀ। ਫੇਰ ਮਾਨਾ ਨੈਸ਼ਨਲ ਸਟਾਈਲ ਕਬੱਡੀ ਵਿੱਚ ਛਾਇਆ ਰਿਹਾ। ਪੰਜਾਬੀਆਂ ਦਾ ਰੁਝਾਨ ਸਰਕਲ ਸਟਾਈਲ ਕਬੱਡੀ ਵੱਲ ਰਿਹਾ ਹੈ।

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਨੂੰ ਸਨਮਾਨਤ ਕਰਦੇ ਹੋਏ

PunjabKesari

ਮੁੜ ਸੁਰਖੀਆ ਵਿੱਚ ਆਇਆ ਮਾਨਾ
ਮਾਨਾ ਹੁਣ ਇਕ ਵਾਰ ਫੇਰ ਸੁਰਖੀਆ ਵਿੱਚ ਆਇਆ ਹੈ। ਭਾਰਤ ਸਰਕਾਰ ਵੱਲੋਂ ਉਸ ਨੂੰ ਉਮਰ ਭਰ ਦੀਆਂ ਖੇਡ ਪ੍ਰਾਪਤੀਆਂ ਸਦਕਾ 'ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਆ ਹੈ। ਹਾਲਾਂਕਿ ਉਹ ਡੇਢ ਦਹਾਕਾ ਪਹਿਲਾ ਹੀ ਅਰਜੁਨਾ ਐਵਾਰਡ ਦਾ ਹੱਕਦਾਰ ਸੀ ਪਰ ਮਾਨੇ ਨੂੰ ਇਸ ਗੱਲ ਦਾ ਰੰਜ ਨਹੀਂ ਕਿਉਂਕਿ ਜਦੋਂ ਉਸ ਨੂੰ ਇਹ ਪੁਰਸਕਾਰ ਨਾਲ ਸਨਮਾਨਤ ਕੀਤਾ ਤਾਂ ਹਾਕੀ ਖਿਡਾਰੀ ਅਜੀਤ ਸਿੰਘ ਨੂੰ 45 ਵਰ੍ਹਿਆਂ ਬਾਅਦ ਖੇਡ ਪ੍ਰਾਪਤੀਆਂ ਬਦਲੇ ਸਨਮਾਨਿਆ ਗਿਆ। ਇਸੇ ਤਰ੍ਹਾਂ ਅਥਲੀਟ ਕੁਲਦੀਪ ਸਿੰਘ ਭੁੱਲਰ ਨੂੰ 40 ਵਰ੍ਹਿਆਂ ਅਤੇ ਮੁੱਕੇਬਾਜ਼ ਲੱਖਾ ਸਿੰਘ ਨੂੰ 25 ਵਰ੍ਹਿਆਂ ਬਾਅਦ ਸਨਮਾਨ ਮਿਲਿਆ। ਮਾਨੇ ਨੂੰ ਆਪਣੇ 15 ਸਾਲ ਛੋਟੇ ਜਾਪਣ ਲੱਗ ਗਏ। ਉਂਝ ਵੀ ਉਸ ਨੂੰ ਰੱਬ ਦੀ ਰਜ਼ਾ ਵਿੱਚ ਰਹਿਣਾ ਆਉਂਦਾ। ਉਸ ਨੇ ਕਦੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ। ਜੇ ਉਸ ਨੂੰ ਕੋਈ ਲਾਲਚ ਹੁੰਦਾ ਤਾਂ ਉਹ ਕਦੋਂ ਦਾ ਪ੍ਰੋ.ਕਬੱਡੀ ਲੀਗ ਵਿੱਚ ਆਪਣੀ ਟੀਮ ਗੁਜਰਾਤ ਜਾਇੰਟਸ ਨੂੰ ਛੱਡ ਕੇ ਹੋਰ ਕੋਈ ਟੀਮ ਦੀ ਕੋਚਿੰਗ ਸਾਂਭ ਲੈਂਦਾ, ਕਿਉਂਕਿ ਉਸ ਨੂੰ ਵੱਡੀਆਂ ਵੱਡੀਆਂ ਟੀਮਾਂ ਵੱਲੋਂ ਕੋਚਿੰਗ ਲਈ 1-1 ਕਰੋੜ ਰੁਪਏ ਤੱਕ ਦੀਆਂ ਆਫਰਾਂ ਮਿਲੀਆਂ ਹਨ।

ਧਿਆਨ ਚੰਦ ਐਵਾਰਡ ਹਾਸਲ ਕਰਨ ਤੋਂ ਬਾਅਦ ਮਨਪ੍ਰੀਤ ਸਿੰਘ ਆਪਣੀ ਪਤਨੀ ਤੇ ਪੁੱਤਰ ਨਾਲ

PunjabKesari

ਮਨਪ੍ਰੀਤ ਮਾਨਾ ਦਾ ਜਨਮ, ਪਰਿਵਾਰ ਅਤੇ ਪਿਛੋਕੜ
ਮਨਪ੍ਰੀਤ ਮਾਨਾ ਦਾ ਜਨਮ ਪੰਜਾਬ-ਹਰਿਆਣਾ ਬਾਰਡਰ ਨੇੜੇ ਲਾਲੜੂ ਨੇੜੇ ਪਿੰਡ ਮੀਰਪੁਰ ਵਿਖੇ ਪਾਖਰ ਸਿੰਘ ਸਿੰਘ ਦੇ ਘਰ ਦਿਲਬਾਰ ਕੌਰ ਦੀ ਕੁੱਖੋਂ 5 ਅਪਰੈਲ 1979 ਨੂੰ ਹੋਇਆ। ਮਾਨੇ ਹੁਰੀਂ ਦੋ ਭਰਾ ਹਨ। ਪਰਿਵਾਰ ਵਿੱਚ ਖੇਡਾਂ ਨਾਲ ਪਿਛੋਕੜ ਸਿਰਫ ਉਸ ਦੇ ਚਾਚਾ ਨਛੱਤਰ ਸਿੰਘ ਦਾ ਸੀ ਜੋ ਵਾਲੀਬਾਲ ਖਿਡਾਰੀ ਸੀ। ਬਚਪਨ ਤੋਂ ਖੁੱਲ੍ਹੀ ਖੁਰਾਕ ਖਾਣ ਅਤੇ ਹੁੰਦੜ ਹੇਲ ਮਾਨਾ ਦਾ ਰੁਝਾਨ ਕਬੱਡੀ ਖੇਡ ਵੱਲ ਸੀ। ਪਿੰਡ ਰਹਿੰਦਿਆਂ ਹੀ ਮਾਸਟਰ ਹਰਬੰਸ ਲਾਲ ਤੇ ਮਾਸਟਰ ਚਰਨ ਸਿੰਘ ਕੋਲੋਂ ਕਬੱਡੀ ਖੇਡਣ ਦੀ ਚੇਟਕ ਲੱਗੀ। ਮਾਨੇ ਦੀ ਖੇਡ ਕਰੀਅਰ ਦੀ ਸ਼ੁਰੂਆਤ 1997 ਵਿੱਚ ਹੋਈ ਜਦੋਂ ਉਸ ਨੇ ਪਟਿਆਲਾ ਦੇ ਮਲਟੀਪਰਪਜ਼ ਸਕੂਲ ਵਿੱਚ ਪੜ੍ਹਦਿਆਂ ਆਪਣੀ ਪਹਿਲੀ ਨੈਸ਼ਨਲ ਖੇਡੀ। ਇਸ ਸਕੂਲ ਵਿੱਚ ਪੜ੍ਹਦਿਆਂ ਕੋਚ ਸ਼ੇਰ ਸਿੰਘ ਨੇ ਮਾਨੇ ਨੂੰ ਖੇਡ ਦੇ ਗੁਰ ਸਿਖਾਏ। 

ਕੌਮਾਂਤਰੀ ਮੁਕਾਬਲੇ ਵਿੱਚ ਪ੍ਰਾਪਤੀ ਕਰਨ ਤੋਂ ਬਾਅਦ ਘਰ ਵਾਪਸੀ ਉਤੇ ਪਰਿਵਾਰਕ ਮੈਂਬਰਾਂ ਨਾਲ ਮਨਪ੍ਰੀਤ ਸਿੰਘ ਮਾਨਾ

PunjabKesari

ਮਾਨੇ ਦੇ ਜੀਵਨ ਵਿੱਚ ਕਦੋ ਆਇਆ ਅਹਿਮ ਮੋੜ 
ਮਾਨੇ ਦੇ ਜੀਵਨ ਵਿੱਚ ਅਹਿਮ ਮੋੜ ਉਸ ਦੀ ਕਾਲਜ ਦੀ ਪੜ੍ਹਾਈ ਵਿੱਚ ਆਇਆ ਜਦੋਂ ਉਸ ਨੇ ਕਬੱਡੀ ਖੇਡ ਦੇ ਗੜ੍ਹ ਮੰਨੇ ਜਾਂਦੇ ਬਠਿੰਡਾ ਦੇ ਡੀ.ਏ.ਵੀ. ਕਾਲਜ ਵਿਖੇ ਦਾਖਲਾ ਲਿਆ। ਕੋਚ ਮਦਨ ਲਾਲ ਨੇ ਮਾਨੇ ਅੰਦਰਲੀ ਪ੍ਰਤਿਭਾ ਪਛਾਣਨ ਨੂੰ ਦੇਰ ਨਾ ਲੱਗੀ। ਉਸ ਵੇਲੇ ਮਾਨਾ ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ ਦੋਵਾਂ ਵਿੱਚ ਚੰਗਾ ਖੇਡ ਲੈਂਦਾ ਸੀ। ਮਾਨਾ ਦੱਸਦਾ ਹੈ ਕਿ ਉਸ ਵੇਲੇ ਕੰਪੀਟੀਸ਼ਨ ਬਹੁਤ ਸੀ ਅਤੇ ਬਠਿੰਡਾ ਵਿਖੇ ਖਿਡਾਰੀ ਵੀ ਚੰਗੇ ਸਨ। ਕੋਚ ਨੇ ਉਸ ਨੈਸ਼ਨਲ ਸਟਾਈਲ ਖੇਡ ਵੱਲ ਧਿਆਨ ਕੇਂਦਰਿਤ ਕਰਨ ਲਈ ਕਿਹਾ। ਮਾਨਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਲ ਇੰਡੀਆ ਇੰਟਰ 'ਵਰਸਿਟੀ ਚੈਂਪੀਅਨਸ਼ਿਪ ਜਿੱਤ ਕੇ ਖੇਡ ਵਿੱਚ ਆਪਣੀ ਦਸਤਕ ਦੇ ਦਿੱਤੀ। ਚੈਂਪੀਅਨਸ਼ਿਪ ਵਿੱਚ ਮਾਨਾ ਬਤੌਰ ਰੇਡਰ ਬਹੁਤ ਚਮਕਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਖਿਲਾਫ ਫਾਈਨਲ ਖੇਡਦਿਆਂ ਉਹ ਆਪਣੇ ਪਾਲੇ ਵਿੱਚ ਇਕੱਲਾ ਖਿਡਾਰੀ ਰਹਿ ਗਿਆ ਸੀ ਜਦੋਂ ਉਸ ਨੇ ਵਿਰੋਧੀ ਟੀਮ ਦੇ ਰੇਡਰ ਨੂੰ ਇਕੱਲਿਆਂ ਡੱਕ ਕੇ ਮੈਚ ਦਾ ਪਾਸਾ ਪਲਟ ਦਿੱਤਾ। ਨਾ ਸਿਰਫ ਵਿਰੋਧੀ ਟੀਮ ਨੂੰ ਲੋਨਾ ਦੇ 2 ਅੰਕ ਲੈਣ ਦਿੱਤੇ ਸਗੋਂ ਰੇਡਰ ਨੂੰ ਇਕੱਲਿਆ ਡੱਕ ਕੇ ਅਹਿਮ ਅੰਕ ਲਿਆ।

ਪ੍ਰੋ.ਕਬੱਡੀ ਲੀਗ ਦੌਰਾਨ ਕੋਚਿੰਗ ਕਰਦਿਆਂ ਮਨਪ੍ਰੀਤ ਸਿੰਘ ਦੇ ਤੇਵਰ

PunjabKesari

ਸਰਵੋਤਮ ਖਿਡਾਰੀ ਐਲਾਨ ਕਰਨ ਮਗਰੋਂ ਭਾਰਤੀ ਟੀਮ ਵਿੱਚ ਹੋਈ ਚੋਣ
ਸੰਨ੍ਹ 2000 ਵਿੱਚ ਮਾਨਾ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸਰਵੋਤਮ ਖਿਡਾਰੀ ਐਲਾਨਿਆ ਗਿਆ, ਜਿਸ ਸਦਕਾ ਉਹ ਭਾਰਤੀ ਟੀਮ ਵਿੱਚ ਚੁਣਿਆ ਗਿਆ। ਇਸੇ ਸਾਲ ਮਾਨਾ ਦੀ ਪ੍ਰਸਿੱਧੀ ਕੌਮਾਂਤਰੀ ਪੱਧਰ 'ਤੇ ਹੋਈ ਜਦੋਂ ਉਸ ਦੀ ਵਧੀਆ ਖੇਡ ਬਦੌਲਤ ਭਾਰਤ ਨੇ ਸ੍ਰੀਲੰਕਾ ਵਿਖੇ ਖੇਡਿਆ ਏਸ਼ੀਆ ਕੱਪ ਜਿੱਤਿਆ। ਉਸ ਤੋਂ ਬਾਅਦ ਚੱਲ ਸੋ ਚੱਲ ਸੀ। ਮਾਨਾ ਹਰ ਵੱਡੇ ਟੂਰਨਾਮੈਂਟ ਵਿੱਚ ਭਾਰਤੀ ਟੀਮ ਲਈ ਜਿੱਤ ਦੀ ਗਾਰੰਟੀ ਹੁੰਦਾ। ਦੋ ਸਾਲ ਬਾਅਦ ਕੁਆਲਾ ਲੰਪਰ ਵਿਖੇ ਹੋਈ ਮਲੇਸ਼ੀਅਨ ਓਪਨ ਚੈਂਪੀਅਨਸ਼ਿਪ ਭਾਰਤੀ ਟੀਮ ਨੇ ਜਿੱਤੀ। ਇਸੇ ਸਾਲ ਬੁਸਾਨ ਵਿਖੇ ਹੋਇਆ ਏਸ਼ਿਆਈ ਖੇਡਾਂ ਵਿੱਚ ਮਾਨਾ ਨੇ ਪਹਿਲੀ ਵਾਰ ਹਿੱਸਾ ਲਿਆ। ਭਾਰਤ ਨੇ ਲਗਾਤਾਰ ਚੌਥੀ ਵਾਰ ਕਬੱਡੀ ਵਿੱਚ ਸੋਨ ਤਮਗਾ ਜਿੱਤਿਆ। ਭਾਰਤ ਦੀ ਇਸ ਸੁਨਹਿਰੀ ਪ੍ਰਾਪਤੀ ਵਿੱਚ ਇਸ ਵਾਰ ਸਭ ਤੋਂ ਵੱਡਾ ਯੋਗਦਾਨ ਮਨਪ੍ਰੀਤ ਦਾ ਸੀ। ਪਾਕਿਸਤਾਨ ਖਿਲਾਫ ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਦੇ ਕੁੱਲ 37 ਅੰਕਾਂ ਵਿੱਚੋਂ 22 ਅੰਕ ਇਕੱਲਿਆ ਮਾਨੇ ਨੇ ਬਟੋਰੇ।

ਧਿਆਨ ਚੰਦ ਐਵਾਰਡ ਹਾਸਲ ਕਰਨ ਤੋਂ ਪਹਿਲਾਂ ਦੀ ਮਨਪ੍ਰੀਤ

PunjabKesari

ਚੜ੍ਹਦੇ ਪੰਜਾਬ ਦੀ ਜਿੱਤ ਵਿੱਚ ਮਾਨਾ ਦਾ ਵੱਡਾ ਯੋਗਦਾਨ
2004 ਵਿੱਚ ਮਾਨਾ ਕਬੱਡੀ ਖੇਡ ਦਾ ਆਲਮੀ ਚੈਂਪੀਅਨ ਬਣ ਗਿਆ, ਜਦੋਂ ਭਾਰਤੀ ਟੀਮ ਨੇ ਮੁੰਬਈ ਵਿਖੇ ਹੋਏ ਪਹਿਲੇ ਵਿਸ਼ਵ ਕੱਪ ਨੂੰ ਜਿੱਤਿਆ। ਕਿਸੇ ਵੀ ਖਿਡਾਰੀ ਲਈ ਵਿਸ਼ਵ ਚੈਂਪੀਅਨ ਬਣਨਾ ਸਭ ਤੋਂ ਵੱਡਾ ਖੁਆਬ ਹੁੰਦਾ, ਜੋ ਮਾਨੇ ਨੇ ਆਪਣੇ ਖੇਡ ਕਰੀਅਰ ਦੇ ਚਾਰ ਸਾਲਾਂ ਅੰਦਰ ਪੂਰਾ ਕਰ ਲਿਆ। ਸੈਮੀ ਫਾਈਨਲ ਵਿੱਚ ਫੱਟੜ ਹੋਣ ਦੇ ਬਾਵਜੂਦ ਮਾਨਾ ਖੇਡਿਆ ਅਤੇ 'ਮੈਨ ਆਫ ਦਿ ਮੈਚ' ਬਣਿਆ। ਇਸ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 39-19 ਨਾਲ ਹਰਾਇਆ ਸੀ। ਫਾਈਨਲ ਵਿੱਚ ਭਾਰਤ ਨੇ ਇਰਾਨ ਨੂੰ 55-27 ਨਾਲ ਹਰਾ ਕੇ ਵਿਸ਼ਵ ਖਿਤਾਬ ਆਪਣੀ ਝੋਲੀ ਪਾਇਆ। ਇਸੇ ਸਾਲ ਬੰਗਲਾਦੇਸ਼ ਖਿਲਾਫ ਖੇਡੀ ਟੈਸਟ ਲੜੀ ਵਿੱਚ ਮਾਨਾ ਨੇ ਭਾਰਤੀ ਟੀਮ ਨੂੰ ਜਿੱਤ ਦਿਵਾਈ। ਸਾਲ ਦੇ ਆਖਰੀ ਮਹੀਨੇ ਦਸੰਬਰ ਵਿੱਚ ਪਟਿਆਲਾ ਵਿਖੇ ਪਹਿਲੀ ਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਖੇਡਾਂ ਹੋਈਆਂ। ਚੜ੍ਹਦੇ ਪੰਜਾਬ ਦੀ ਜਿੱਤ ਵਿੱਚ ਮਾਨਾ ਦਾ ਵੱਡਾ ਯੋਗਦਾਨ ਸੀ।

 ਮਨਪ੍ਰੀਤ ਸਿੰਘ ਮਾਨਾ ਦੀ ਪੁਰਾਣੀ ਤਸਵੀਰ

PunjabKesari

ਖੇਡ ਲਾਇਬ੍ਰੇਰੀ ਦਾ ਸ਼ਿੰਗਾਰ ‘ਝੰਡਾ’
ਸਾਲ 2006 ਵਿੱਚ ਕੋਲੰਬੋ ਵਿਖੇ ਸੈਫ ਖੇਡਾਂ ਹੋਈਆਂ, ਜਿੱਥੇ ਭਾਰਤੀ ਕਬੱਡੀ ਟੀਮ ਨੇ ਸੋਨੇ ਦਾ ਤਮਗਾ ਜਿੱਤਿਆ। ਇਸ ਜਿੱਤ ਵਿੱਚ ਮਾਨੇ ਦਾ ਅਹਿਮ ਯੋਗਦਾਨ ਰਿਹਾ। ਇਸੇ ਸਾਲ ਮਾਨਾ ਨੇ ਦੋਹਾ ਵਿਖੇ ਹੋਈ ਓਪਨ ਏਸ਼ੀਅਨ ਚੈਂਪੀਅਨਸ਼ਿਪ ਜਿੱਤ ਕੇ ਦੂਜੀ ਵਾਰ ਏਸ਼ੀਆ ਕੱਪ ਜਿੱਤਿਆ। ਇਸੇ ਸਾਲ ਦੇ ਅੰਤ ਵਿੱਚ ਦੋਹਾ ਵਿਖੇ ਏਸ਼ਿਆਈ ਖੇਡਾਂ ਵਿੱਚ ਮਾਨਾ ਨੂੰ ਦੂਜੀ ਵਾਰ ਏਸ਼ੀਆਡ ਖੇਡਣ ਦਾ ਮੌਕਾ ਮਿਲਿਆ। ਸਪੋਰਟਸ ਸਿਟੀ ਦੇ ਐਸਪਾਇਰ ਹਾਲ ਵਿਖੇ ਖੇਡੇ ਗਏ ਫਾਈਨਲ ਵਿੱਚ ਪਾਕਿਸਤਾਨ ਨੂੰ 35-23 ਨਾਲ ਹਰਾ ਕੇ ਭਾਰਤ ਨੇ ਲਗਾਤਾਰ 5ਵੀਂ ਵਾਰ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ। ਉਸ ਵੇਲੇ ਮੈਂ ਵੀ ਏਸ਼ਿਆਈ ਖੇਡਾਂ ਦੀ ਕਵਰੇਜ਼ ਕਰਨ ਲਈ ਦੋਹਾ ਵਿਖੇ ਹੀ ਸੀ, ਜਿੱਥੇ ਮਾਨੇ ਨੂੰ ਏਸ਼ੀਅਨ ਚੈਂਪੀਅਨ ਬਣਦਿਆਂ ਮੈਂ ਅੱਖੀ ਵੇਖਿਆ। ਮੈਚ ਜਿੱਤਣ ਤੋਂ ਬਾਅਦ ਮਾਨੇ ਨਾਲ ਹੋਈ ਮੇਰੀ ਸੰਖੇਪ ਮੁਲਾਕਾਤ ਵਿੱਚ ਜਦੋਂ ਮੈਂ ਉਸ ਕੋਲੋਂ ਜਿੱਤ ਦੀ ਪਾਰਟੀ ਮੰਗੀ ਤਾਂ ਉਸ ਨੇ ਝੱਟ ਤਿਰੰਗਾ ਝੰਡਾ ਫੜ੍ਹਾਉਂਦਿਆਂ ਕਿਹਾ, ''ਇਹ ਜੇਤੂ ਝੰਡਾ ਮੇਰੇ ਵੱਲੋਂ ਤੈਨੂੰ ਗਿਫਟ।'' ਇਹ ਉਹੀ ਝੰਡਾ ਸੀ ਜੋ ਮਾਨਾ ਨੇ ਜਿੱਤਣ ਤੋਂ ਬਾਅਦ ਜੇਤੂ ਚੱਕਰ ਲਗਾਉਂਦਿਆਂ ਹੱਥ ਵਿੱਚ ਫੜਿਆ ਸੀ। ਬਾਅਦ ਵਿੱਚ ਇਹੋ ਝੰਡਾ ਦੋਹਾ ਵਿਖੇ 4 ਗੁਣਾਂ 400 ਮੀਟਰ ਰਿਲੇਅ ਜਿੱਤਣ ਵਾਲੀ ਭਾਰਤੀ ਮਹਿਲਾ ਅਥਲੈਟਿਕਸ ਟੀਮ ਦੇ ਹੱਥ ਵਿੱਚ ਸੀ, ਜਿਸ ਨੂੰ ਲਹਿਰਾਉਂਦਿਆ ਉਨ੍ਹਾਂ ਖਲੀਫਾ ਸਟੇਡੀਅਮ ਦਾ ਚੱਕਰ ਲਗਾਇਆ ਸੀ। ਅਸਲ ਵਿੱਚ ਮਨਜੀਤ ਕੌਰ ਫਿਨਸ਼ਿੰਗ ਲਾਈਨ ਤੋਂ ਬਾਅਦ ਮੇਰੇ ਵੱਲ ਆਈ ਜਦੋਂ ਉਸ ਨੇ ਮੇਰੇ ਹੱਥ ਫੜਿਆ ਤਿਰੰਗਾ ਮੰਗਿਆ। ਇਹ ਝੰਡਾ ਮੇਰੀ ਖੇਡ ਲਾਇਬ੍ਰੇਰੀ ਦਾ ਸ਼ਿੰਗਾਰ ਹੈ, ਜਿਸ ਨੂੰ ਮੈਂ ਆਪਣੇ ਖੇਡ ਪੱਤਰਕਾਰੀ ਦੇ ਦਿਨਾਂ ਦੀ ਸਭ ਤੋਂ ਵੱਡੀ ਯਾਦਗਾਰ ਮੰਨਦਾ ਹੈ।

ਪ੍ਰੋ.ਕਬੱਡੀ ਲੀਗ ਦੌਰਾਨ ਮਨਪ੍ਰੀਤ ਸਿੰਘ ਮਾਨਾ 

PunjabKesari

ਮਾਨਾ ਦਾ ਆਖਰੀ ਕੌਮਾਂਤਰੀ ਟੂਰਨਾਮੈਂਟ 
ਸਾਲ 2007 ਵਿੱਚ ਪਨਵੇਲ (ਮਹਾਂਰਾਸ਼ਟਰ) ਵਿਖੇ ਹੋਏ ਦੂਜੇ ਵਿਸ਼ਵ ਕੱਪ ਵਿੱਚ ਮਾਨਾ ਨੇ ਹਿੱਸਾ ਲਿਆ, ਜੋ ਉਸ ਦਾ ਆਖਰੀ ਕੌਮਾਂਤਰੀ ਟੂਰਨਾਮੈਂਟ ਸੀ। ਮਾਨਾ ਆਪਣੀ ਖੇਡ ਦੇ ਪੂਰੇ ਸ਼ਬਾਬ 'ਤੇ ਸੀ। ਭਾਰਤ ਨੇ ਫਾਈਨਲ ਵਿੱਚ ਇਰਾਨ ਨੂੰ 29-19 ਨਾਲ ਹਰਾ ਕੇ ਦੂਜੀ ਵਾਰ ਵਿਸ਼ਵ ਚੈਂਪੀਅਨਸ਼ਿਪ ਜਿੱਤੀ। ਇਸ ਜਿੱਤ ਦਾ ਸੂਤਰਧਾਰ ਮਾਨਾ ਹੀ ਸੀ, ਜਿਸ ਨੇ ਮੈਚ ਦੇ ਅਹਿਮ ਪੜਾਅ ਉਤੇ ਇਰਾਨ ਦੇ ਰਹਿੰਦੇ 3 ਜਾਫੀਆਂ ਨੂੰ ਇਕੱਠਿਆਂ ਆਊਟ ਕਰਕੇ ਲੋਨਾ ਦੇ 2 ਅੰਕਾਂ ਸਮੇਤ ਇਕੱਠੇ 5 ਅੰਕ ਬਟੋਰੇ। ਉਥੋਂ ਭਾਰਤੀ ਟੀਮ ਨੇ ਜੇਤੂ ਲੀਡ ਬਣਾਉਣੀ ਸ਼ੁਰੂ ਕੀਤੀ। ਭਾਰਤ ਦੇ 29 ਅੰਕਾਂ ਵਿੱਚੋਂ 17 ਅੰਕ ਇਕੱਲੇ ਮਾਨਾ ਨੇ ਬਟੋਰੇ।

PunjabKesari

ਕੌਮੀ ਪੱਧਰ 'ਤੇ ਪੰਜਾਬ ਦੀ ਟੀਮ ਨੂੰ ਜਿਤਾਉਣ ਦਾ ਸੁਫਨਾ
ਕੌਮਾਂਤਰੀ ਪੱਧਰ 'ਤੇ 4 ਵਾਰ ਏਸ਼ੀਆ ਅਤੇ 2 ਵਾਰ ਵਿਸ਼ਵ ਖਿਤਾਬ ਜਿੱਤਣ ਵਾਲੇ ਮਾਨੇ ਨੂੰ ਕੌਮੀ ਚੈਂਪੀਅਨਸ਼ਿਪ ਜਿੱਤਣ ਦੀ ਕਸਕ ਸਦਾ ਮਨ ਵਿੱਚ ਰਹਿੰਦੀ ਸੀ। ਕੌਮੀ ਪੱਧਰ 'ਤੇ ਪੰਜਾਬ ਦੀ ਟੀਮ ਨੂੰ ਜਿਤਾਉਣ ਦਾ ਸੁਫਨਾ ਉਸ ਦਾ 2004 ਵਿੱਚ ਪੂਰਾ ਹੋਇਆ। ਹਰਿਆਣਾ ਦੇ ਸ਼ਹਿਰ ਪੇਹੋਵਾ ਵਿਖੇ ਹੋਈ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪੰਜਾਬ ਕਈ ਵਰ੍ਹਿਆਂ ਬਾਅਦ ਕੌਮੀ ਚੈਂਪੀਅਨ ਬਣਿਆ। ਇਸ ਚੈਂਪੀਅਨਸ਼ਿਪ ਦੀ ਕਹਾਣੀ ਦਿਲਚਸਪ ਹੈ। ਮਾਨਾ ਇਕੱਲਾ ਵਿਰੋਧੀ ਟੀਮਾਂ ਦੇ ਭਾਰੀ ਪਿਆ। ਰੇਲਵੇ ਖਿਲਾਫ ਫਾਈਨਲ ਵਿੱਚ ਉਹ ਇਕ ਵਾਰ ਡੱਕਿਆ ਨਹੀਂ ਗਿਆ ਅਤੇ ਆਖਰੀ ਰੇਡ 'ਤੇ ਵਿਰੋਧੀ ਟੀਮ ਦੇ ਬਚਦੇ ਸਾਰੇ ਖਿਡਾਰੀਆਂ ਨੂੰ ਆਊਟ ਕਰਕੇ ਪੰਜਾਬ ਨੂੰ ਜੇਤੂ ਬਣਾਇਆ। ਮਾਨਾ 'ਮੈਨ ਆਫ ਦਿ ਟੂਰਨਾਮੈਂਟ' ਬਣਿਆ। ਨੈਸ਼ਨਲ ਚੈਂਪੀਅਨਸ਼ਿਪ ਵਿੱਚ ਉਸ ਨੇ ਪੰਜਾਬ ਨੂੰ 2005 ਵਿੱਚ ਕਾਂਸੀ ਦਾ ਤਮਗਾ ਅਤੇ 2007 ਵਿੱਚ ਚਾਂਦੀ ਦਾ ਤਮਗਾ ਜਿਤਾਇਆ। ਓ.ਐੱਨ.ਜੀ.ਐਸ. ਨੂੰ ਤਾਂ ਉਸ ਨੇ ਕੌਮੀ ਪੱਧਰ ਦੇ 26 ਵੱਡੇ ਟੂਰਨਾਮੈਂਟ ਜਿਤਾਏ ਹਨ।

ਦੋਹਾ ਏਸ਼ਿਆਈ ਖੇਡਾਂ ਦੇ ਫਾਈਨਲ ਦੌਰਾਨ ਪਾਕਿਸਤਾਨ ਖਿਲਾਫ ਰੇਡ ਪਾ ਕੇ ਅੰਕ ਬਟੋਰਨ ਲਈ ਜੂਝ ਰਿਹਾ ਮਨਪ੍ਰੀਤ ਮਾਨਾ

PunjabKesari

ਕਬੱਡੀ ਲੀਗ ਵੀ ਮਾਨਾ ਦਾ ਰਿਕਾਰਡ 
ਪੇਸ਼ੇਵਾਰ ਕਬੱਡੀ ਲੀਗ ਵੀ ਮਾਨਾ ਦਾ ਰਿਕਾਰਡ ਬਹੁਤ ਵਧੀਆ ਰਿਹਾ ਹੈ। 2011 ਵਿੱਚ ਖੇਡੀ ਗਈ ਕਬੱਡੀ ਲੀਗ (ਕੇ.ਪੀ.ਐਲ.) ਵਿੱਚ ਉਹ ਹੈਦਰਾਬਾਦ ਹਾਵਰਜ਼ ਵੱਲੋਂ ਖੇਡਿਆ ਅਤੇ ਉਸ ਦੀ ਟੀਮ ਚੈਂਪੀਅਨ ਬਣੀ। ਇਹ ਲੀਗ ਥੋੜਾਂ ਸਮਾਂ ਚੱਲੀ ਸੀ। ਉਸ ਤੋਂ ਬਾਅਦ ਹੀ 2014 ਵਿੱਟ ਪ੍ਰੋ. ਕਬੱਡੀ ਲੀਗ ਸ਼ੁਰੂ ਹੋਈ, ਜੋ ਮੌਜੂਦਾ ਸਮੇ ਸਭ ਤੋਂ ਪ੍ਰਚੱਲਿਤ ਅਤੇ ਦੇਸ਼ ਦੇ ਮਕਬੂਲ ਟੂਰਨਾਮੈਂਟਾਂ ਵਿੱਚੋਂ ਇਕ ਹੈ। ਮਾਨਾ ਦੀ ਉਮਰ ਉਸ ਵੇਲੇ 35 ਸਾਲ ਸੀ ਅਤੇ ਬਤੌਰ ਖਿਡਾਰੀ ਉਹ ਆਪਣੇ ਖੇਡ ਜੀਵਨ ਦੇ ਆਖਰੀ ਪੜਾਅ ਉਤੇ ਸੀ। ਪ੍ਰੋ.ਕਬੱਡੀ ਲੀਗ ਲਈ ਖਿਡਾਰੀ ਦਾ ਵਜ਼ਨ 80 ਕਿਲੋ ਤੋਂ ਘੱਟ ਹੋਣਾ ਲਾਜ਼ਮੀ ਸੀ ਜਦੋਂ ਕਿ ਮਾਨਾ ਦਾ ਭਾਰ 125 ਕਿਲੋ ਸੀ। ਮਾਨਾ ਲਈ ਪਹਿਲੀ ਵੱਡੀ ਚੁਣੌਤੀ ਵਜ਼ਨ ਘਟਾਉਣਾ ਸੀ। ਉਸ ਨੇ ਛੇ ਮਹੀਨੇ ਸਾਧ ਬਣ ਕੇ ਪ੍ਰੈਕਟਿਸ ਕੀਤੀ। ਰੋਜ਼ਾਨਾ 9 ਘੰਟੇ ਅਭਿਆਸ ਕਰਦਾ ਅਤੇ ਖੁਰਾਕ ਦਾ ਹਿੱਸਾ ਸਿਰਫ ਤਰਲ ਪਦਾਰਥ ਹੁੰਦੇ। ਭਾਰ ਘਟਾਉਣ ਦੇ ਨਾਲ ਮੁਕਾਬਲੇ ਲਈ ਆਪਣੇ ਸਰੀਰ ਨੂੰ ਤਕੜਾ ਰੱਖਣਾ ਵੀ ਉਸ ਲਈ ਵੱਡੀ ਚੁਣੌਤੀ ਸੀ। ਮਾਨੇ ਨੇ ਕ੍ਰਿਸ਼ਮਾ ਕਰਦਿਆਂ ਛੇ ਮਹੀਨਿਆਂ ਵਿੱਚ 47 ਕਿਲੋ ਭਾਰ ਘਟਾ ਕੇ ਆਪਣੇ ਆਪ ਨੂੰ ਪ੍ਰੋ.ਕਬੱਡੀ ਲੀਗ ਲਈ ਯੋਗ ਕਰ ਲਿਆ। ਪ੍ਰਬੰਧਕਾਂ, ਖੇਡ ਪ੍ਰੇਮੀਆਂ ਦੇ ਨਾਲ ਮਾਨੇ ਦੇ ਜਾਣਕਾਰਾਂ ਲਈ ਇਹ ਅਚੰਭਾ ਸੀ। ਇਸ ਟੀਚੇ ਨੂੰ ਹਾਸਲ ਕਰਨ ਬਾਰੇ ਮਾਨਾ ਕਹਿੰਦਾ ਹੈ ਕਿ ਹੌਸਲਾ ਬੁਲੰਦ ਹੋਣਾ ਚਾਹੀਦਾ, ਜ਼ਿੰਦਗੀ ਵਿੱਚ ਕੁਝ ਅਸੰਭਵ ਨਹੀਂ। ਮਾਨਾ ਲੀਗ ਵਿੱਚ ਪਟਨਾ ਪਾਇਰਟਸ ਵੱਲੋਂ ਖੇਡਿਆ ਜਿਸ ਟੀਮ ਵਿੱਚ ਪਰਦੀਪ ਨਰਵਾਲ, ਰੋਹਿਤ ਛਿੱਲਰ ਜਿਹੇ ਖਿਡਾਰੀ ਸਨ। ਲੀਗ ਦੇ ਤੀਜੇ ਸਾਲ 2016 ਵਿੱਚ ਮਾਨੇ ਦੀ ਟੀਮ ਪਟਨਾ ਚੈਂਪੀਅਨ ਬਣੀ। ਫਾਈਨਲ ਵਿੱਚ ਪਟਨਾ ਪਾਇਰਟਸ ਨੇ ਯੂ ਮੁੰਬਾ ਨੂੰ ਫਸਵੇਂ ਮੁਕਾਬਲੇ ਵਿੱਚ 31-28 ਨਾਲ ਹਰਾਇਆ। 37 ਵਰ੍ਹਿਆਂ ਦੇ ਮਾਨੇ ਦਾ ਤਜ਼ਰਬਾ ਟੀਮ ਦੇ ਕੰਮ ਆਇਆ।

PunjabKesari

ਖਿਡਾਰੀ ਵਜੋਂ ਸੰਨਿਆਸ ਲੈ ਕੇ ਸ਼ਾਂਭਿਆ ਕੋਚਿੰਗ ਦਾ ਜ਼ਿੰਮਾ 
2016 ਤੋਂ ਬਾਅਦ ਮਾਨਾ ਨੇ ਖਿਡਾਰੀ ਵਜੋਂ ਸੰਨਿਆਸ ਲੈ ਕੇ ਕੋਚਿੰਗ ਦਾ ਜ਼ਿੰਮਾ ਸਾਂਭ ਲਿਆ। ਪੰਜਾਬ ਦੀ ਕਬੱਡੀ ਟੀਮ ਦੀ ਕੋਚਿੰਗ ਉਹ 2015 ਤੋਂ ਹੀ ਕਰਦਾ ਆ ਰਿਹਾ ਹੈ। ਪ੍ਰੋ.ਕਬੱਡੀ ਲੀਗ ਵਿੱਚ ਗੁਜਰਾਜ ਫਰਚੂਨ ਜਾਇੰਟਸ ਨੇ ਮਾਨਾ ਦੀ ਕੋਚਿੰਗ ਹੇਠ ਲਗਾਤਾਰ ਦੋ ਸਾਲ 2017 ਤੇ 2018 ਵਿੱਚ ਉਪ ਜੇਤੂ ਦਾ ਖਿਤਾਬ ਜਿੱਤਿਆ। ਟੀਮ ਦੀ ਕੋਚਿੰਗ ਕਰਦਿਆਂ ਬੈਂਚ ਉਤੇ ਬੈਠੇ ਮਾਨਾ ਦਾ ਜੋਸ਼ ਖਿਡਾਰੀਆਂ ਤੋਂ ਘੱਟ ਨਹੀਂ ਆਉਂਦਾ। ਉਹ ਕਈ ਵਾਰ ਉਤੇਜਕ ਹੋ ਕੇ ਖਿਡਾਰੀਆਂ ਨੂੰ ਗੁਰ ਸਿਖਾਉਂਦਾ। ਉਸ ਦੇ ਹਾਵ-ਭਾਵ ਅਤੇ ਸਟਾਈਲ ਨੂੰ ਦੇਖਦਿਆਂ ਲੱਗਦਾ ਹੈ ਜਿਵੇਂ ਕਿ ਹਾਲੇ ਵੀ ਖੇਡ ਹੀ ਰਿਹਾ।

PunjabKesari

ਕਬੱਡੀ ਖਿਡਾਰੀਆਂ ਵਾਂਗ ਮਾਨੇ ਦੀ ਖੁਰਾਕ
ਮਨਪ੍ਰੀਤ ਨੂੰ ਭਾਰਤ ਸਰਕਾਰ ਵੱਲੋਂ ਧਿਆਨ ਚੰਦ ਐਵਾਰਡ ਮਿਲਣ ਤੋਂ ਇਲਾਵਾ ਪੈਟੋਰਲੀਅਮ ਮੰਤਰਾਲੇ ਵੱਲੋਂ ਵੀ ਪੀ.ਐੱਸ.ਪੀ.ਬੀ. ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਸ ਨੂੰ 'ਬੁਲਟ' ਮੋਟਰ ਸਾਈਕਲ ਨਾਲ ਸਨਮਾਨਤ ਕੀਤਾ। ਹਾਲ ਹੀ ਵਿੱਚ ਜਦੋਂ ਉਸ ਨੂੰ ਭਾਰਤ ਸਰਕਾਰ ਨੇ ਸਨਮਾਨਤ ਕੀਤਾ ਤਾਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮਾਨਾ ਸਣੇ ਸਾਰੇ ਐਵਾਰਡ ਜੇਤੂਆਂ ਨੂੰ ਆਪਣੇ ਘਰ ਚਾਹ ਪਾਰਟੀ ਉਤੇ ਬੁਲਾ ਕੇ ਉਚੇਚੇ ਤੌਰ ਉਤੇ ਸਨਮਾਨਤ ਕੀਤਾ। ਕਬੱਡੀ ਖਿਡਾਰੀਆਂ ਵਾਂਗ ਮਾਨੇ ਦੀ ਖੁਰਾਕ ਵੀ ਖੁੱਲ੍ਹੀ ਰਹੀ। ਮਾਨਾ ਜ਼ਿਆਦਾ ਕਰਕੇ ਸ਼ਾਕਾਹਾਰੀ ਭੋਜਨ ਪਸੰਦ ਕਰਦਾ ਹੈ। ਦੇਸੀ ਖੁਰਾਕ ਦੁੱਧ, ਘਿਓ, ਮੱਖਣ ਉਸ ਦੀ ਖੁਰਾਕ ਦਾ ਮੁੱਖ ਹਿੱਸਾ ਰਿਹਾ। ਖੇਡਣ ਦੇ ਦਿਨਾਂ ਵਿੱਚ ਉਹ 4 ਲਿਟਰ ਦੁੱਧ ਪੀ ਜਾਂਦਾ ਸੀ। ਅੱਜ-ਕੱਲ੍ਹ ਵੀ ਉਹ ਇਕੱਲਾ ਦੋ-ਢਾਈ ਲਿਟਰ ਦੁੱਧ ਤਾਂ ਪੀ ਹੀ ਜਾਂਦਾ ਹੈ। ਕਿਲੋ ਬਦਾਮ ਉਹ ਤਿੰਨ ਦਿਨਾਂ ਵਿੱਚ ਮੁਕਾ ਦਿੰਦਾ ਰਿਹਾ। ਫੂਡ ਸਪਲੀਮੈਂਟ ਦਾ ਉਸ ਨੇ ਅੱਜ ਤੱਕ ਸਵਾਦ ਨਹੀਂ ਚਖਿਆ। ਪ੍ਰੈਕਟਿਸ ਉਹ ਛੇ ਤੋਂ ਸੱਤ ਘੰਟੇ ਰੋਜ਼ਾਨਾ ਕਰਦਾ ਸੀ।

ਪ੍ਰੋ.ਕਬੱਡੀ ਲੀਗ ਦਾ ਖਿਤਾਬ ਜਿੱਤਣ ਮੌਕੇ ਮਨਪ੍ਰੀਤ ਸਿੰਘ ਮਾਨਾ

PunjabKesari

ਮਾਨਾ ਦੀ ਖੇਡ ਦਾ ਢੰਗ ਨਿਵੇਕਲਾ ਤੇ ਖਿੱਚ ਭਰਪੂਰ 
ਕਬੱਡੀ ਦੇ ਮੈਦਾਨ ਵਿਚ ਮਾਨਾ ਦੀ ਖੇਡ ਦਾ ਢੰਗ ਨਿਵੇਕਲਾ ਤੇ ਖਿੱਚ ਭਰਪੂਰ ਹੈ। ਉਹ ਜਦੋਂ ਵੀ ਵਿਰੋਧੀ ਪਾਲੇ ਵਿੱਚ ਰੇਡ ਪਾਉਣ ਜਾਂਦਾ ਹੈ ਤਾਂ ਬੜੇ ਆਤਮ ਵਿਸ਼ਵਾਸ ਨਾਲ ਵਿਰੋਧੀ ਜਾਫੀ ਨੂੰ ਛੂਹ ਕੇ ਆਪਣੇ ਪਾਲੇ ਵੱਲ ਮੂੰਹ ਕਰਕੇ ਪੱਟਾਂ ਤੇ ਥਾਪੀ ਮਾਰ ਕੇ ਉੱਪਰ ਹਵਾ ਵਿਚ ਉਂਗਲੀ ਕਰਕੇ ਛਾਲ ਮਾਰਦਾ ਹੈ। ਇਸ ਤਰ੍ਹਾਂ ਜਾਫੀ ਅਤੇ ਰੈਫਰੀ ਆਪਣੇ ਆਪ ਮੰਨ ਜਾਂਦੇ ਹਨ। ਨਹੀਂ ਤਾਂ ਕਬੱਡੀ ਵਿੱਚ ਰੇਡਰ, ਜਾਫੀ ਤੇ ਰੈਫਰੀ ਹੱਥ ਛੂਹਣ ਬਾਰੇ ਬਹਿਸ ਕਰੀ ਜਾਂਦੇ ਰਹਿੰਦੇ ਹਨ। ਇਹ ਢੰਗ ਮਾਨੇ ਨੂੰ ਹੋਰ ਵੀ ਖਿੱਚ ਭਰਪੂਰ ਬਣਾ ਦਿੰਦਾ ਹੈ। ਇਸ ਤੋਂ ਇਲਾਵਾ ਇਕ ਗੱਲ ਤੋਂ ਮਾਨੇ ਦੀ ਹੋਰ ਪ੍ਰਾਪਤੀ ਸਾਹਮਣੇ ਆਉਂਦੀ ਹੈ ਕਿ ਜਦੋਂ ਉਹ ਆਪਣੇ ਪਾਲੇ ਵਿਚ ਆਉਂਦਾ ਹੈ ਤਾਂ ਉਸ ਦੀ ਟੀਮ ਦੇ ਜਾਫੀ ਉੁਸ ਨੂੰ ਪਿੱਛੇ ਰੱਖਦੇ ਹਨ। ਕਿਉਂਕਿ ਵਿਰੋਧੀ ਰੇਡਰ ਦੀ ਨਜ਼ਰ ਮਾਨੇ ਉਪਰ ਹੀ ਹੁੰਦੀ ਹੈ।

PunjabKesari

ਯਾਦਗਾਰੀ ਮੈਚਾਂ ਦੇ ਕਿੱਸੇ ਸੁਣਾਉਂਦਿਆਂ ਚਿਹਰੇ ਉਤੇ ਆਉਂਦਾ ਵੱਖਰਾ ਨੂਰ
ਆਪਣੇ ਯਾਦਗਾਰੀ ਮੈਚਾਂ ਦੇ ਕਿੱਸੇ ਸੁਣਾਉਂਦਿਆਂ ਉਸ ਦੇ ਚਿਹਰੇ ਉਤੇ ਵੱਖਰਾ ਨੂਰ ਆ ਜਾਂਦਾ ਹੈ। ਇਕੇਰਾਂ ਕੌਮੀ ਪੱਧਰ ਦੇ ਮੁਕਾਬਲੇ ਵਿੱਚ ਬਰਾਬਰ ਚੱਲ ਰਹੇ ਮੈਚ ਵਿੱਚ ਉਸ ਨੇ ਆਖਰੀ ਰੇਡ ਉਤੇ ਇਕੱਲਿਆਂ ਵਿਰੋਧੀ ਰੇਡਰ ਨੂੰ ਡੱਕ ਕੇ ਟੀਮ ਨੂੰ ਜਿੱਤ ਦਿਵਾਈ। ਮਾਨਾ ਦੱਸਦਾ ਹੈ ਕਿ ਫੈਡਰੇਸ਼ਨ ਕੱਪ ਦੇ ਸੈਮੀ ਫਾਈਨਲ ਵਿੱਚ ਪੰਜਾਬ ਦੀ ਟੀਮ ਤਾਮਿਲਨਾਡੂ ਕੋਲੋਂ 20-22 ਅੰਕ ਪਿੱਛੇ ਚੱਲ ਰਹੀ ਸੀ। ਅੱਧੇ ਸਮੇਂ ਤੋਂ ਮਾਨੇ ਦੀਆਂ ਰੇਡਾਂ ਨੇ ਸਾਰੀ ਕਹਾਣੀ ਹੀ ਬਦਲ ਦਿੱਤੀ। ਪੰਜਾਬ ਦੀ ਟੀਮ ਨੇ 6 ਵਾਰ ਪੂਰੀ ਟੀਮ ਆਊਟ ਕੀਤਾ ਅਤੇ ਆਖਰ ਵਿੱਚ 25 ਤੋਂ ਵੱਧ ਅੰਕਾਂ ਨਾਲ ਪੰਜਾਬ ਦੀ ਜਿੱਤ ਹੋਈ। ਇਕ ਮੌਕਿਆਂ ਮਾਨਾ ਨੇ ਆਪਣੀ ਰੇਡ ਦੌਰਾਨ ਵਿਰੋਧੀ ਪੂਰੀ ਟੀਮ ਦੇ ਸੱਤੇ ਖਿਡਾਰੀਆਂ ਨੂੰ ਆਊਟ ਕਰਦਿਆਂ ਲੋਨੇ ਦੇ ਦੋ ਅੰਕਾਂ ਸਣੇ ਕੁੱਲ 9 ਅੰਕ ਬਟੋਰੇ। ਵੱਡੇ ਕੌਮੀ ਮੁਕਾਬਲਿਆਂ ਦੌਰਾਨ ਅਜਿਹਾ ਕਾਰਨਾਮਾ ਉਸ ਨੇ ਕੇਰਲਾ ਖਿਲਾਫ ਵੀ ਕੀਤਾ ਸੀ ਜਦੋਂ ਪੂਰੀ ਟੀਮ ਇਕੱਲਿਆ ਆਊਟ ਕਰ ਦਿੱਤੀ ਸੀ। ਨੈਸ਼ਨਲ ਸਟਾਈਲ ਕਬੱਡੀ ਵਿੱਚ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਰੇਡਰ ਸਾਰੀ ਟੀਮ ਨੂੰ ਇਕ ਰੇਡ ਵਿੱਚ ਆਊਟ ਕਰ ਦੇਵੇ। 'ਏ' ਗਰੇਡ ਟੂਰਨਾਮੈਂਟ ਵਿੱਚ ਤਾਂ ਇਹ ਕਾਰਨਾਮਾ ਉਹ ਕਈ ਵਾਰ ਕਰ ਚੁੱਕਿਆ ਹੈ। ਮਾਨਾ ਜਿਸ ਵੀ ਟੀਮ ਵੱਲੋਂ ਖੇਡਿਆ, ਚਾਹੇ ਉਹ ਕਾਲਜ, ਯੂਨੀਵਰਸਿਟੀ, ਪੰਜਾਬ, ਭਾਰਤ ਜਾਂ ਫੇਰ ਕਬੱਡੀ ਲੀਗ ਵਿੱਚ ਹੋਵੇ, ਉਹ ਹਮੇਸ਼ਾ ਆਪਣੀ ਟੀਮ ਦਾ ਅਨਮੋਲ ਹੀਰਾ ਰਿਹਾ ਹੈ। ਮਾਨਾ ਆਪਣੇ ਖੇਡ ਜੀਵਨ ਵਿੱਚ ਕਬੱਡੀ ਕੋਚ ਗੁਰਦੀਪ ਸਿੰਘ ਮੱਲ੍ਹੀ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾਉਂਦਾ ਜਿਨ੍ਹਾਂ ਦੇ ਮਾਰਗ ਦਰਸ਼ਨ ਸਦਕਾ ਉਹ ਸਿਖਰਾਂ ਛੂਹ ਸਕਿਆ। ਕੌਮੀ ਟੀਮ ਵਿੱਚ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਉਹ ਈ ਪ੍ਰਸ਼ਾਦ ਰਾਓ ਸਿਰ ਬੱਝਦਾ ਹੈ।

ਆਪਣੇ ਮਾਰਗ ਦਰਸ਼ਕ ਗੁਰਦੀਪ ਸਿੰਘ ਮੱਲ੍ਹੀ ਨਾਲ ਮਨਪ੍ਰੀਤ ਸਿੰਘ ਮਾਨਾ

PunjabKesari

ਗਜ਼ਟਿਡ ਅਫਸਰ ਵਜੋਂ ਜੁਆਇਨ

2000 ਵਿਚ ਸੀ.ਆਰ.ਪੀ.ਐਫ. ਵਿੱਚ ਭਰਤੀ ਹੋਣ ਵਾਲੇ ਮਾਨਾ ਨੇ 2004 ਵਿੱਚ ਸੀ.ਆਰ.ਪੀ.ਐਫ. ਵਿੱਚ ਡੀ.ਐਸ.ਪੀ. ਦੀ ਨੌਕਰੀ ਛੱਡ ਕੇ ਓ.ਐਨ.ਜੀ.ਸੀ. ਵਿੱਚ ਗਜ਼ਟਿਡ ਅਫਸਰ ਵਜੋਂ ਜੁਆਇਨ ਕਰ ਲਈ। ਉਸ ਵੇਲੇ ਮਾਨਾ ਤੇ ਕ੍ਰਿਕਟਰ ਵਿਰੇਂਦਰ ਸਹਿਵਾਗ ਇਕੋ ਰੈਂਕ 'ਤੇ ਭਰਤੀ ਹੋਏ ਸਨ। ਸ਼ੁਰੂਆਤ ਵਿੱਚ ਦੋਵਾਂ ਦੀ ਪੋਸਟਿੰਗ ਦੇਹਰਾਦੂਨ ਸੀ। ਦੋਵਾਂ ਵਿਚਾਲੇ ਦੋਸਤੀ ਵੀ ਬਹੁਤ ਹੈ। ਮਾਨਾ ਦੱਸਦਾ ਹੈ ਕਿ ਸਹਿਵਾਗ ਬਹੁਤ ਹੀ ਮਜਾਹੀਆ ਲਹਿਜ਼ੇ ਵਿੱਚ ਗੱਲ ਕਰਨ ਵਾਲਾ ਇਨਸਾਨ ਹੈ। ਸ਼ੁਰੂ ਵਿੱਚ ਰਸਮੀ ਹਾਲਚਾਲ ਪੁੱਛਣ ਤੋਂ ਬਾਅਦ ਉਹ ਆਪਣੇ ਅਸਲੀ ਰੰਗ ਵਿੱਚ ਆ ਜਾਂਦਾ ਹੈ। ਮਾਨਾ ਦੱਸਦਾ ਹੈ ਕਿ ਸਹਿਵਾਗ ਹਮੇਸ਼ਾ ਹੀ ਹਰ ਖਿਡਾਰੀ ਨੂੰ ਸਤਿਕਾਰ ਤੇ ਪਿਆਰ ਨਾਲ ਮਿਲਦਾ ਹੈ। ਖੇਡ ਪ੍ਰੇਮੀ ਬਹੁਤ ਘੱਟ ਜਾਣਦੇ ਹੋਣਗੇ ਕਿ ਕਿੰਗ ਕੋਹਲੀ ਵਜੋਂ ਜਾਣਿਆ ਜਾਂਦਾ ਭਾਰਤੀ ਕ੍ਰਿਕਟ ਦਾ ਕਪਤਾਨ ਵਿਰਾਟ ਕੋਹਲੀ ਵੀ ਓ.ਐਨ.ਜੀ.ਸੀ. ਵਿੱਚ ਨੌਕਰੀ ਕਰਦਾ ਹੈ। ਮਾਨਾ ਦਾ ਰੈਂਕ ਕੋਹਲੀ ਤੋਂ ਉਪਰ ਹੈ। ਮਾਨਾ ਚੀਫ ਮੈਨੇਜਰ ਹੈ ਜਦੋਂ ਕੋਹਲੀ ਮੈਨੇਜਰ। ਕੋਹਲੀ ਨਾਲ ਇਕ ਪੁਰਾਣੀ ਘਟਨਾ ਸਾਂਝੀ ਕਰਦਾ ਹੋਇਆ ਮਾਨਾ ਦੱਸਦਾ ਹੈ ਕਿ ਓ.ਐਨ.ਜੀ.ਸੀ. ਵਿੱਚ ਉਸ (ਮਾਨਾ) ਦੀ ਪੰਜ ਸਾਲ ਦੀ ਸਰਵਿਸ ਹੋਣ ਤੋਂ ਬਾਅਦ ਪੱਕੇ ਹੋਣ ਲਈ ਇੰਟਰਵਿਊ ਅਤੇ ਵਿਰਾਟ ਕੋਹਲੀ ਦੀ ਭਰਤੀ ਹੋਣ ਦੀ ਇੰਟਰਵਿਊ ਇਕੱਠਿਆ ਹੋਈ ਸੀ। ਵਿਰਾਟ ਉਸ ਵੇਲੇ 2008 ਵਿੱਚ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਕਪਤਾਨ ਸੀ। ਇੰਟਰਵਿਊ ਪੈਨਲ ਕੋਲ ਜਾਣ ਤੋਂ ਪਹਿਲਾ ਬਾਹਰ ਬੈਠੇ ਕੋਹਲੀ ਨੂੰ ਓ.ਐਨ.ਜੀ.ਸੀ. ਵਿੱਚ ਭਰਤੀ ਹੋਣ ਲਈ ਮਾਨੇ ਦੇ ਬੋਲਾਂ ਨੇ ਹੀ ਪ੍ਰੇਰਿਆ ਸੀ। ਮਾਨੇ ਵੱਲੋਂ ਕੀਤੀਆਂ ਸਿਫਤਾਂ ਨਾਲ ਕੋਹਲੀ ਕੀਲਿਆ ਗਿਆ। ਹੁਣ ਭਾਰਤੀ ਖੇਡਾਂ ਦਾ ਸਭ ਤੋਂ ਵੱਡਾ ਬਰਾਂਡ ਬਣਿਆ ਕੋਹਲੀ ਹਾਲੇ ਤੱਕ ਓ.ਐਨ.ਜੀ.ਸੀ. ਦਾ ਹੀ ਹਿੱਸਾ ਹੈ। ਕੋਹਲੀ ਬਾਰੇ ਇਕ ਗੱਲ ਉਹ ਹੋਰ ਦੱਸਦਾ ਹੈ ਕਿ ਸ਼ੁਰੂ ਵਿੱਚ ਉਹ ਹਿੰਦੀ ਵਿੱਚ ਗੱਲ ਕਰਦਾ ਪਰ ਜਦੋਂ ਮਾਨੇ ਦਾ ਪੰਜਾਬੀ ਲਹਿਜਾ ਸੁਣਨਾ ਤਾਂ ਕੋਹਲੀ ਵੀ ਪੰਜਾਬੀ ਬੋਲਣ ਲੱਗ ਜਾਂਦਾ। ਕੋਹਲੀ ਮਾਨੇ ਨੂੰ ਬੜੇ ਮਾਣ ਨਾਲ ਦੱਸਦਾ ਕਿ ਉਹ ਵੀ ਪੰਜਾਬੀ ਪਰਿਵਾਰ ਵਿੱਚੋਂ ਹੈ।

ਲੇਖਕ ਨਾਲ ਵੱਖ-ਵੱਖ ਮੌਕਿਆਂ 'ਤੇ ਵਿਚਰਦਾ ਮਨਪ੍ਰੀਤ ਸਿੰਘ ਮਾਨਾ

PunjabKesari

ਅੱਜ-ਕੱਲ੍ਹ ਮਨਪ੍ਰੀਤ ਸਿੰਘ ਮਾਨਾ ਦੀ ਪੋਸਟਿੰਗ 
ਮਨਪ੍ਰੀਤ ਸਿੰਘ ਮਾਨਾ ਦੀ ਪੋਸਟਿੰਗ ਅੱਜ-ਕੱਲ੍ਹ ਸੋਨੀਪਤ ਵਿਖੇ ਹੈ ਅਤੇ ਆਪਣੇ ਪਰਿਵਾਰ ਨਾਲ ਉਸ ਨੇ ਪੱਕੀ ਰਿਹਾਇਸ਼ ਸੋਨੀਪਤ ਹੀ ਕੀਤੀ ਹੋਈ ਹੈ। ਮਾਨਾ ਜਿੱਥੇ ਖੇਡਾਂ ਵਿੱਚ ਗੋਲਡ ਮੈਡਲ ਜਿੱਤਦਾ ਰਿਹਾ ਉਥੇ ਉਸ ਦੀ ਪਤਨੀ ਪੜ੍ਹਾਈ ਵਿੱਚ ਗੋਲਡ ਮੈਡਲਿਸਟ ਹੈ। ਕਰਨਾਲ ਦੀ ਰਹਿਣ ਵਾਲੀ ਮਾਨਾ ਦੀ ਪਤਨੀ ਪੂਜਾ ਐਮ.ਬੀ.ਏ. ਦੀ ਗੋਲਡ ਮੈਡਲਿਸਟ ਹੈ। ਇਕ ਵਾਰ ਇੰਟਰਵਿਊ ਕਰਦਿਆਂ ਮੈਂ ਜਦੋਂ ਮਾਨਾ ਨੂੰ ਪੁੱਛਿਆ ਸੀ ਕਿ ਜੀਵਨ ਸਾਥਣ ਵੀ ਕੋਈ ਖਿਡਾਰਨ ਹੈ ਤਾਂ ਉਸ ਦਾ ਜਵਾਬ ਸੀ, ''ਹੈ ਤਾਂ ਉਹ ਵੀ ਚੈਂਪੀਅਨ ਪਰ ਹੈਗੀ ਪੜ੍ਹਾਈ ਵਿੱਚ ਚੈਂਪੀਅਨ।'' ਇਸ ਜੋੜੀ ਦਾ ਇਕ ਬੇਟਾ ਹੈ ਸਮਪ੍ਰੀਤ ਜੋ ਨੌਵੀਂ ਕਲਾਸ ਵਿੱਚ ਪੜ੍ਹਦਾ ਹੈ। ਮਾਨਾ ਨਾਲ ਮੇਰਾ ਵਾਹ ਵੀਹ ਵਰ੍ਹਿਆਂ ਤੋਂ ਪੁਰਾਣਾ ਹੈ ਪਰ ਪਿਛਲੇ ਦਿਨੀਂ ਉਹ 10-12 ਵਰ੍ਹਿਆਂ ਬਾਅਦ ਮਿਲਿਆ ਪਰ ਸੁਭਾਅ ਉਸ ਦਾ ਬਿਲਕੁਲ ਵੀ ਨਹੀਂ ਬਦਲਿਆ। ਮਾਨੇ ਵਿੱਚ ਉਹੀ ਅਪਣੱਤ ਤੇ ਨਿਸ਼ੰਗ ਗੱਲ ਕਹਿਣ ਦਾ ਸਟਾਈਲ ਬਰਕਰਾਰ ਹੈ। ਮੇਰੇ ਨਾਲ ਉਸ ਦੀ ਇਕ ਹੋਰ ਸਾਂਝ ਵੀ ਹੈ। ਮੇਰੇ ਸੀਨੀਅਰ ਰਹੇ ਪੱਤਰਕਾਰ ਗੁਰਦੇਵ ਸਿੰਘ ਭੁੱਲਰ ਦਾ ਉਹ ਭਾਣਜਾ ਹੈ। ਮਾਨੇ ਦੀ ਮਨ ਦੀ ਇਕੋ ਤਮੰਨਾ ਹੈ ਕਿ ਸਰਕਲ ਸਟਾਈਲ ਵਾਂਗ ਨੈਸ਼ਨਲ ਸਟਾਈਲ ਵਿੱਚ ਵੀ ਪੰਜਾਬ ਦੀ ਟੀਮ ਦੀ ਚੜ੍ਹਾਈ ਹੋਵੇ।

PunjabKesari

PunjabKesari


author

rajwinder kaur

Content Editor

Related News