ਕਵਿਤਾ ਦਲਾਲ ਹੁਣ ਵਿਦੇਸ਼ੀ ਪਹਿਲਵਾਨਾਂ ਨਾਲ ਲਵੇਗੀ ਲੋਹਾ

06/28/2017 1:36:29 PM

ਜਲੰਧਰ— ਫਲੋਰਿਡਾ ਵਿਖੇ 13 ਤੋਂ 14 ਜੁਲਾਈ ਤੱਕ ਕਰਵਾਈ ਜਾ ਰਹੀ ਡਬਲਿਉ.ਡਬਲਿਉ.ਈ. ਯੰਗ ਕਲਾਸਿਕ ਈਵੈਂਟਸ ਦੇ ਲਈ ਦਲੀਪ ਸਿੰਘ ਖਲੀ ਦੀ ਸ਼ਾਗਿਰਦ ਕਵਿਤਾ ਦਲਾਲ ਦੀ ਚੋਣ ਹੋਈ ਹੈ। ਦੇਸ਼ ਦੀ ਪਹਿਲੀ ਰੈਸਲਰ ਹੋਣ ਦਾ ਮਾਣ ਹਾਸਲ ਕਰਨ ਵਾਲੀ ਕਵਿਤਾ ਦਲਾਲ ਜੋ ਹਰਿਆਣਾ ਦੇ ਸ਼ਹਿਰ ਜੀਂਦ ਦੀ ਰਹਿਣ ਵਾਲੀ ਹੈ ਤੇ ਇਸ ਨੂੰ ਲੇਡੀ ਖਲੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਈਵੈਂਟਸ 'ਚ ਵਿਸ਼ਵ ਦੀਆਂ 32 ਦੇ ਕਰੀਬ ਮਹਿਲਾ ਰੈਸਲਰ ਹਿੱਸਾ ਲੈਣਗੀਆਂ ਤੇ ਇਸ ਦੇ ਸਿੰਗਲ ਇਲੀਮੀਨੇਸ਼ਨ ਵਿਚ ਕਵਿਤਾ ਨੂੰ ਡਬਲਿਉ.ਡਬਲਿਉ.ਈ ਦਾ ਕੰਟਰੈਟਕਟ ਵੀ ਮਿਲ ਸਕਦਾ ਹੈ। 

ਕਵਿਤਾ ਦਲਾਲ ਜੋ ਕਿ ਵੇਟਲਿਫਟਿੰਗ ਦੀ ਖਿਡਾਰਨ ਹੈ ਤੇ ਇਸ ਨੇ ਸਾਉਥ ਏਸ਼ੀਅਨ ਗੇਮਜ਼ ਵਿੱਚੋਂ ਸੋਨ ਤਗਮਾ ਹਾਸਿਲ ਕੀਤਾ ਹੈ। ਇਸ ਨੇ 11 ਮਹੀਨੇ ਪਹਿਲਾਂ ਹੀ ਖਲੀ ਦਾ ਸ਼ੋਅ ਵੇਖਿਆ ਤੇ ਇਸ ਖੇਡ ਦੀ ਦੀਵਾਨੀ ਹੋ ਗਈ ਤੇ ਸਰਕਾਰੀ ਨੌਕਰੀ ਛੱਡ ਦਿੱਤੀ ਤੇ ਰੈਸਲਿੰਗ ਦੀ ਦੁਨੀਆਂ 'ਚ ਪ੍ਰਵੇਸ਼ ਕਰ ਲਿਆ। ਕਵਿਤਾ ਦਲਾਲ ਦਾ ਪਤੀ ਗੌਰਵ ਵੀ ਇਕ ਵਾਲੀਬਾਲ ਦਾ ਚੰਗਾ ਖਿਡਾਰੀ ਹੈ। ਕਵਿਤਾ ਉਸ ਵੇਲੇ ਚਰਚਾ ਵਿਚ ਆਈ ਜਦੋਂ ਇਸ ਨੇ ਖਲੀ ਦੀ ਅਕੈਡਮੀ 'ਚ ਸਲਵਾਰ ਕਮੀਜ਼ ਦੇ ਵਿਚ ਇਕ ਰੈਸਲਰ ਦਾ ਬੁਰੀ ਤਰਾਂ ਕੁਟਾਪਾ ਚਾੜਿਆ ਸੀ।

ਇਸ ਮਾਮਲੇ ਤੇ ਜਦੋਂ ਕਵਿਤਾ ਦਲਾਲ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ ਦੀ ਚੋਣ 'ਤੇ ਉਸ ਨੂੰ ਬਹੁਤ ਖੁਸ਼ੀ ਹੋਈ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਜੋ ਮੌਕਾ ਮੈਨੂੰ ਮਿਲਿਆ ਹੈ, ਮੈਂ ਇਸ ਨੂੰ ਵੱਡੀ ਕਾਮਯਾਬੀ ਵਿਚ ਤਬਦੀਲ ਕਰਾਂਗੀ ਤੇ ਮੇਰੀ ਇਸ ਜਿੱਤ ਨਾਲ ਭਾਰਤ 'ਚ ਹੋਰ ਲੜਕੀਆਂ ਵੀ ਇਸ ਖੇਡ ਵੱਲ ਉਤਸ਼ਾਹਿਤ ਹੋਣਗੀਆਂ। ਯਾਦ ਰਹੇ ਡਬਲਿਉ.ਡਬਲਿਉ.ਈ ਰੈਸਲਿੰਗ ਦੀ ਦੁਨੀਆਂ ਦੇ ਬੇਤਾਜ ਬਾਦਸ਼ਾਹ ਦਲੀਪ ਸਿੰਘ ਰਾਣਾ ਉਰਫ ਖਲੀ ਨੇ ਇਸ ਲੇਡੀ ਖਲੀ ਨੂੰ ਆਪਣੀ ਜਲੰਧਰ ਸਥਿਤ ਅਕੈਡਮੀ ਦੇ ਵਿਚ ਸਿਖਲਾਈ ਦੇ ਕੇ ਤਿਆਰ ਕੀਤਾ ਹੈ ਤੇ ਇਸ ਵੇਲੇ ਇਹ ਭਾਰਤ ਦੀ ਪਹਿਲੀ ਮਹਿਲਾ ਰੈਸਲਰ ਹੈ ਜੋ ਵਿਸ਼ਵ ਦੇ ਵੱਡੇ ਟੂਰਨਾਮੈਂਟ ਵਿਚ ਹਿੱਸਾ ਲੈਣ ਜਾ ਰਹੀ ਹੈ।


Related News