ਡੋਮੈਸਟਿਕ ਕ੍ਰਿਕਟ ’ਚ ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਕਾਸ਼ਵੀ ਦੀ ਇੰਡੀਆ-ਏ ਟੀਮ ’ਚ ਚੋਣ

Saturday, Jun 03, 2023 - 06:00 PM (IST)

ਡੋਮੈਸਟਿਕ ਕ੍ਰਿਕਟ ’ਚ ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਕਾਸ਼ਵੀ ਦੀ ਇੰਡੀਆ-ਏ ਟੀਮ ’ਚ ਚੋਣ

ਚੰਡੀਗੜ੍ਹ, (ਲਲਨ)– ਸ਼ਹਿਰ ਦੀ ਮਹਿਲਾ ਕ੍ਰਿਕਟਰ ਕਾਸ਼ਵੀ ਗੌਤਮ ਦੀ ਚੋਣ ਏ. ਸੀ. ਸੀ. ਇਮਰਜਿੰਗ ਮਹਿਲਾ ਏਸ਼ੀਆ ਕੱਪ 2023 ਲਈ ਇੰਡੀਆ-ਏ ਟੀਮ ਵਿਚ ਹੋਈ ਹੈ। ਇਹ ਟੂਰਨਾਮੈਂਟ ਹਾਂਗਕਾਂਗ ਵਿਚ 12 ਤੋਂ 21 ਜੂਨ ਤਕ ਖੇਡਿਆ ਜਾਵੇਗਾ। ਕਾਸ਼ਵੀ ਗੌਤਮ ਦੀ ਚੋਣ ’ਤੇ ਯੂ. ਟੀ. ਸੀ. ਏ. ਦੇ ਪ੍ਰਧਾਨ ਸੰਜੇ ਟੰਡਨ ਨੇ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਹ ਸ਼ਹਿਰ ਦੀਆਂ ਦੂਜੀ ਖਿਡਾਰਣ ਹੈ, ਜਿਸਦੀ ਚੋਣ ਇੰਡੀਆ ਟੀਮ ਵਿਚ ਹੋਈ ਹੈ। ਕਾਸ਼ਵੀ ਨੇ ਦੱਸਿਆ ਕਿ ਉਹ ਇਨ੍ਹੀਂ ਦਿਨੀਂ ਐੱਨ. ਸੀ. ਏ. ਕੈਂਪ ਵਿਚ ਟੂਰਨਾਮੈਂਟ ਸਬੰਧੀ ਤਿਆਰੀ ਕਰ ਰਹੀ ਹੈ। ਟੀਮ ਵਿਚ ਚੁਣੇ ਜਾਣ ਦੀ ਜਾਣਕਾਰੀ ਉਨ੍ਹਾਂ ਦੇ ਕੋਚ ਨਾਗੇਸ਼ ਗੁਪਤਾ ਵਲੋਂ ਦਿੱਤੀ ਗਈ ਹੈ। ਕਾਸ਼ਵੀ ਟੀਮ ਵਿਚ ਤੇਜ਼ ਗੇਂਦਬਾਜ਼ ਅਤੇ ਬੱਲੇਬਾਜ਼ ਦੀ ਭੂਮਿਕਾ ਨਿਭਾਉਂਦੀ ਹੈ, ਉਹ ਯੂ. ਟੀ. ਸੀ. ਏ. ਸੀਨੀਅਰ ਵੂਮੈਨਸ ਟੀਮ ਦੀ ਕਪਤਾਨ ਦੀ ਜ਼ਿੰਮੇਵਾਰੀ ਵੀ ਨਿਭਾਅ ਰਹੀ ਹੈ।

ਪ੍ਰੈਕਟਿਸ ਲਈ ਪਿਤਾ ਨੇ ਬਦਲਿਆ ਘਰ
ਕਾਸ਼ਵੀ ਨੂੰ ਬਿਹਤਰੀਨ ਪਲੇਅਰ ਬਣਾਉਣ ਲਈ ਉਨ੍ਹਾਂ ਦੇ ਪਿਤਾ ਨੇ ਚੰਡੀਗੜ੍ਹ ਛੱਡ ਕੇ ਜ਼ੀਰਕਪੁਰ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਹੈ। ਕਾਸ਼ਵੀ ਨੇ ਦੱਸਿਆ ਕਿ ਪਹਿਲਾਂ ਉਹ ਚੰਡੀਗੜ੍ਹ ਸੈਕਟਰ-37 ਵਿਚ ਰਹਿੰਦੇ ਸਨ ਪਰ ਕੋਚ ਨਾਗੇਸ਼ ਗੁਪਤਾ ਵਲੋਂ ਪੀਰਮੁਛੱਲਾ ਵਿਚ ਕੋਚਿੰਗ ਸ਼ੁਰੂ ਕਰਨ ਤੋਂ ਬਾਅਦ ਪ੍ਰੈਟਿਕਸ ਲਈ ਦੂਰ ਜਾਣਾ ਪੈਂਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਘਰ ਹੀ ਬਦਲ ਲਿਆ।

ਇਹ ਵੀ ਪੜ੍ਹੋ : ਓਡੀਸ਼ਾ 'ਚ ਜਾਨਲੇਵਾ ਰੇਲ ਹਾਦਸੇ 'ਤੇ ਵਿਰਾਟ ਤੇ ਹਰਭਜਨ ਸਣੇ ਖੇਡ ਜਗਤ ਦੇ ਕਈ ਦਿੱਗਜਾਂ ਨੇ ਪ੍ਰਗਟਾਇਆ ਦੁੱਖ

ਇਕ ਮੈਚ ’ਚ 10 ਵਿਕਟਾਂ ਲੈ ਕੇ ਚੋਣਕਾਰਾਂ ਦੀ ਨਜ਼ਰ ’ਚ ਆਈ ਸੀ ਕਾਸ਼ਵੀ
ਕਾਸ਼ਵੀ ਗੌਤਮ ਨੇ 2020 ਵਿਚ ਡੋਮੈਸਟਿਕ ਮੈਚ ਵਿਚ ਬਿਹਤਰੀਨ ਗੇਂਦਬਾਜ਼ੀ ਕਰਦਿਆਂ ਅਰੁਣਾਚਲ ਪ੍ਰਦੇਸ਼ ਖਿਲਾਫ਼ 4.5 ਓਵਰਾਂ ਵਿਚ 1 ਮੇਡਨ ਅਤੇ 12 ਦੌੜਾਂ ਦੇ ਕੇ 10 ਵਿਕਟ ਝਟਕੀਆਂ ਸਨ। ਪੂਰੇ ਸੀਜ਼ਨ ਵਿਚ ਕਾਸ਼ਵੀ ਨੇ ਡੋਮੈਸਟਿਕ ਵਿਚ 12 ਮੈਚ ਖੇਡ ਕੇ 83 ਵਿਕਟਾਂ ਲਈਆਂ ਅਤੇ 330 ਦੌੜਾਂ ਬਣਾਈਆਂ ਸਨ, ਜਿਸ ਤੋਂ ਬਾਅਦ ਤੋਂ ਬੀ. ਸੀ. ਸੀ. ਆਈ. ਦੇ ਚੋਣਕਾਰਾਂ ਨੇ ਚੰਡੀਗੜ੍ਹ ਦੇ ਖਿਡਾਰੀਆਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ। ਇਸ ਦੇ ਨਾਲ ਹੀ ਕਾਸ਼ਵੀ ਗੌਤਮ ਦੀ ਚੋਣ ਵੂਮੈਨਸ ਆਈ. ਪੀ. ਐੱਲ. ਟੀ-20 ਮੈਚਾਂ ਲਈ ਵੀ ਕੀਤੀ ਗਈ ਸੀ। ਹਾਲਾਂਕਿ ਉਸਨੂੰ ਇਸ ਪੂਰੇ ਟੂਰਨਾਮੈਂਟ ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ।

ਅੰਡਰ-23 ਕ੍ਰਿਕਟ ’ਚ ਵੀ ਕਰ ਰਹੀ ਬਿਹਤਰੀਨ ਪ੍ਰਦਰਸ਼ਨ
ਕਾਸ਼ਵੀ ਗੌਤਮ ਸਿਰਫ਼ ਅੰਡਰ-19 ਵਿਚ ਹੀ ਨਹੀਂ ਸਗੋਂ ਅੰਡਰ-23 ਵਨਡੇ ਟੀਮ ਵਿਚ ਵੀ ਗੇਂਦਬਾਜ਼ੀ ਦਾ ਲੋਹਾ ਮਨਵਾ ਰਹੀ ਹੈ। ਉਸਨੇ ਚੰਡੀਗੜ੍ਹ ਟੀਮ ਨੂੰ ਕੁਆਲੀਫ਼ਾਈ ਰਾਊਂਡ ਵਿਚ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕਾਸ਼ਵੀ ਗੌਤਮ ਅੰਡਰ-23 ਵਿਚ 9 ਮੈਚਾਂ ਵਿਚ 31 ਵਿਕਟਾਂ ਝਟਕ ਚੁੱਕੀ ਹੈ। ਇਸ ਦੇ ਨਾਲ ਹੀ ਬੈਟਿੰਗ ਨਾਲ ਵੀ ਟੀਮ ਨੂੰ ਯੋਗਦਾਨ ਦਿੱਤਾ ਹੈ। ਉਹ ਲੀਗ ਮੈਚਾਂ ਵਿਚ 180 ਦੌੜਾਂ ਬਣਾ ਚੁੱਕੀ ਹੈ। ਇਸ ਦੇ ਨਾਲ ਹੀ ਅੰਡਰ-23 ਟੀ-20 ਮੁਕਾਬਲੇ ਵਿਚ ਵੀ ਬਿਹਤਰੀਨ ਗੇਂਦਬਾਜ਼ੀ ਕੀਤੀ ਸੀ। ਉਸ ਨੇ 15 ਵਿਕਟਾਂ ਝਟਕੀਆਂ ਸਨ।

ਇਹ ਵੀ ਪੜ੍ਹੋ : ਜੂਨੀਅਰ ਮਹਿਲਾ ਏਸ਼ੀਆ ਕੱਪ : ਭਾਰਤ ਦੀ ਉਜ਼ਬੇਕਿਸਤਾਨ 'ਤੇ ਵੱਡੀ ਜਿੱਤ, 22-0 ਨਾਲ ਹਰਾਇਆ

ਰੋਜ਼ਾਨਾ 5 ਘੰਟੇ ਕਰਦੀ ਹੈ ਪ੍ਰੈਕਟਿਸ
ਕਾਸ਼ਵੀ ਗੌਤਮ ਨੇ ਦੱਸਿਆ ਕਿ ਕੋਚ ਨਾਗੇਸ਼ ਗੁਪਤਾ ਨੇ ਉਸਦੀ ਗੇਂਦਬਾਜ਼ੀ ਵਿਚ ਧਾਰ ਲਿਆਉਣ ਵਿਚ ਭੂਮਿਕਾ ਨਿਭਾਈ ਹੈ। ਕੋਚ ਨਾਗੇਸ਼ ਗੁਪਤਾ ਨੇ ਦੱਸਿਆ ਕਿ ਕਾਸ਼ਵੀ ਰੋਜ਼ਾਨਾ 5 ਘੰਟੇ ਪ੍ਰੈਕਟਿਸ ਕਰਦੀ ਹੈ, ਜਿਸ ਵਿਚ 2 ਘੰਟੇ ਫਿਟਨੈੱਸ ਅਤੇ ਸ਼ਾਮ ਨੂੰ 3 ਘੰਟੇ ਗੇਂਦਬਾਜ਼ੀ, ਬੱਲੇਬਾਜ਼ੀ ਤੇ ਫੀਲਡਿੰਗ ’ਤੇ ਫੋਕਸ ਰਹਿੰਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਰਾਏ।


author

Tarsem Singh

Content Editor

Related News