ਜਯੋਤੀ ਨੇ 60 ਮੀਟਰ ਅੜਿੱਕਾ ਦੌੜ ’ਚ ਰਾਸ਼ਟਰੀ ਰਿਕਾਰਡ ਨਾਲ ਜਿੱਤਿਆ ਸੋਨਾ
Sunday, Feb 18, 2024 - 10:39 AM (IST)
ਤਹਿਰਾਨ–ਭਾਰਤੀ ਦੌੜਾਕ ਜਯੋਤੀ ਯਾਰਾਜੀ ਨੇ ਸ਼ਨੀਵਾਰ ਨੂੰ ਇੱਥੇ ਏਸ਼ੀਆਈ ਇਨਡੋਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੀ 60 ਮੀਟਰ ਅੜਿੱਕਾ ਦੌੜ ਵਿਚ 8 :12 ਸੈਕੰਡ ਦਾ ਸਮਾਂ ਲੈ ਕੇ ਆਪਣੇ ਹੀ ਰਾਸ਼ਟਰੀ ਰਿਕਾਰਡ ਵਿਚ ਸੁਧਾਰ ਕਰਦੇ ਹੋਏ ਸੋਨ ਤਮਗਾ ਜਿੱਤ ਲਿਆ। 100 ਮੀਟਰ ਅੜਿੱਕਾ ਦੌੜ ਵਿਚ 2022 ਏਸ਼ੀਆਈ ਖੇਡਾਂ ਦੀ ਚਾਂਦੀ ਤਮਗਾ ਜੇਤੂ ਨੇ ਪਿਛਲੇ ਸਾਲ ਇਸੇ ਪ੍ਰਤੀਯੋਗਿਤਾ ਵਿਚ 8:13 ਸੈਕੰਡ ਦਾ ਆਪਣਾ ਸਰਵਸ੍ਰੇਸ਼ਠ ਸਮਾਂ ਕੱਢਿਆ ਸੀ। ਉਹ ਤਦ ਉਪ ਜੇਤੂ ਰਹੀ ਸੀ।
ਇਸ ਤੋਂ ਪਹਿਲਾਂ 24 ਸਾਲ ਦੀ ਇਸ ਐਥਲੀਟ ਨੇ 8:22 ਸੈਕੰਡ ਦੇ ਸਮੇਂ ਨਾਲ ਆਪਣੀ ਹੀਟ ਵਿਚੋਂ ਚੋਟੀ ਦੇ ਸਥਾਨ ਨਾਲ ਫਾਈਨਲ ਵਿਚ ਜਗ੍ਹਾ ਬਣਾਈ ਸੀ। ਫਾਈਨਲ ਵਿਚ ਉਸ ਨੇ ਜਾਪਾਨ ਦੀ ਅਸੂਕਾ ਟੇਰੇਡਾ (8:21 ਸੈਕੰਡ) ਤੋਂ ਕਾਫੀ ਬਿਹਤਰ ਪ੍ਰਦਰਸ਼ਨ ਕੀਤਾ। ਹਾਂਗਕਾਂਗ ਦੀ ਲੂਈ ਲਾਈ ਯਿਯੂ (8:26 ਸੈਕੰਡ) ਨੇ ਤੀਜਾ ਸਥਾਨ ਹਾਸਲ ਕੀਤਾ। ਜਯੋਤੀ 100 ਮੀਟਰ ਅੜਿੱਕਾ ਦੌੜ ਵਿਚ ਮੌਜੂਦਾ ਏਸ਼ੀਆਈ ਆਊਟਡੋਰ ਚੈਂਪੀਅਨ ਹੈ। ਉਸਨੇ ਪਿਛਲੇ ਸਾਲ ਬੈਂਕਾਕ ਵਿਚ ਖਿਤਾਬ ਜਿੱਤਿਆ ਸੀ। ਉਸ ਨੇ ਹਾਂਗਝੋਊ ਏਸ਼ੀਆਈ ਖੇਡਾਂ ਵਿਚ ਚਾਂਦੀ ਤਮਗਾ ਜਿੱਤਿਆ ਸੀ।