ਲਾਸ ਏਂਜਲਸ ’ਚ ਜੋਤੀ ਅਤੇ ਰਿਸ਼ਭ ਜਿੱਤ ਸਕਦੇ ਹਨ ਤੀਅੰਦਾਜ਼ੀ ਦਾ ਪਹਿਲਾ ਓਲੰਪਿਕ ਤਮਗਾ
Friday, Sep 19, 2025 - 03:53 PM (IST)

ਨਵੀਂ ਦਿੱਲੀ (ਭਾਸ਼ਾ)- ਵਿਸ਼ਵ ਰੈਂਕਿੰਗ ’ਚ ਟਾਪ ’ਤੇ ਪਹੁੰਚੇ ਭਾਰਤੀ ਮਿਕਸਡ ਟੀਮ ਤੀਅੰਦਾਜ਼ਾਂ ਰਿਸ਼ਭ ਯਾਦਵ ਅਤੇ ਤਜ਼ਰਬੇਕਾਰ ਜੋਤੀ ਸੁਰੇਖਾ ਨੂੰ ਵਿਸ਼ਵਾਸ ਹੈ ਕਿ ਲਾਸ ਏਂਜਿਲਸ ਓਲੰਪਿਕ ’ਚ ਡੈਬਿਊ ਕਰ ਰਹੇ ਕੰਪਾਊਂਡ ਮਿਕਸਡ ਤੀਅੰਦਾਜ਼ੀ ਮੁਕਾਬਲੇ ਦੇ ਜ਼ਰੀਏ ਇਸ ਖੇਡ ’ਚ ਉਹ ਭਾਰਤ ਨੂੰ ਪਹਿਲਾ ਓਲੰਪਿਕ ਤਮਗਾ ਦੁਆ ਸਕਦੇ ਹਨ।
ਲਾਸ ਏਂਜਲਸ ਓਲੰਪਿਕ 2028 ਵਿਚ ਪਹਿਲੀ ਵਾਰ ਕੰਪਾਊਂਡ ਤੀਰਅੰਦਾਜ਼ੀ ਮਿਕਸਡ ਮੁਕਾਬਲੇ ਨੂੰ ਸ਼ਾਮਿਲ ਕੀਤਾ ਗਿਆ ਹੈ। ਜੋਤੀ ਅਤੇ ਰਿਸ਼ਭ ਸਾਲ 2025 ਵਿਚ ਸ਼ਾਨਦਾਰ ਪ੍ਰਦਰਸ਼ਨ ਕਾਰਨ ਇਸ ਸਮੇਂ ਦੁਨੀਆ ਦੀ ਨੰਬਰ ਇਕ ਮਿਕਸਡ ਕੰਪਾਊਂਡ ਟੀਮ ਹੈ। ਉਨ੍ਹਾਂ ਨੇ ਅਪ੍ਰੈਲ ’ਚ ਅਮਰੀਕਾ ’ਚ ਤੀਅੰਦਾਜ਼ੀ ਵਿਸ਼ਵ ਕੱਪ ਦੇ ਪਹਿਲੇ ਪੜਾਅ ’ਚ ਸੋਨ ਤਮਗਾ ਜਿੱਤਿਆ ਅਤੇ ਜੁਲਾਈ ਵਿਚ ਸਪੇਨ ਦੇ ਮੈਡ੍ਰਿਡ ’ਚ ਚੌਥੇ ਪੜਾਅ ’ਚ ਕੁੱਲ 1,431 ਸਕੋਰ ਕਰ ਕੇ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ। ਉਨ੍ਹਾਂ ਨੇ ਡੈਨਮਾਰਕ ਦੇ ਤੰਜਾ ਜੇਲੇਂਥਿਯੇਨ ਅਤੇ ਮਥਿਆਸ ਫੁਲੇਰਟਨ ਦਾ 1429 ਅੰਕਾਂ ਦਾ ਰਿਕਾਰਡ ਤੋੜਿਆ, ਜੋ ਉਸ ਨੇ 2023 ਯੂਰਪੀ ਖੇਡਾਂ ’ਚ ਬਣਾਇਆ ਸੀ।