ਅੰਤਿਮ ਪੰਘਾਲ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤਿਆ ਤਮਗਾ
Friday, Sep 19, 2025 - 03:20 PM (IST)

ਜਾਗਰੇਬ (ਭਾਸ਼ਾ)- ਨੌਜਵਾਨ ਪਹਿਲਵਾਨ ਅੰਤਿਮ ਪੰਘਾਲ ਨੇ ਮਜ਼ਬੂਤ ਡਿਫੈਂਸ ਅਤੇ ਸ਼ਾਨਦਾਰ ਹਮਲੇ ਦਾ ਮਿਸ਼ਰਨ ਕਰਦੇ ਹੋਏ ਵੀਰਵਾਰ ਨੂੰ ਇਥੇ 53 ਕਿ. ਗ੍ਰਾ. ਵਰਗ ’ਚ ਕਾਂਸੀ ਦੇ ਪਲੇਆਫ ਵਿਚ ਅੰਡਰ-23 ਵਿਸ਼ਵ ਚੈਂਪੀਅਨ ਏਮਾ ਜੋਨਾ ਡੇਨਿਸ ਮਾਲਮਗ੍ਰੇਨ ’ਤੇ 9-1 ਨਾਲ ਸ਼ਾਨਦਾਰ ਜਿੱਤ ਹਾਸਲ ਕਰ ਕੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਆਪਣਾ ਦੂਸਰਾ ਤਮਗਾ ਜਿੱਤਿਆ।
ਇਸ ਜਿੱਤ ਨਾਲ ਉਸ ਨੇ ਇਹ ਪੱਕਾ ਕੀਤਾ ਕਿ ਭਾਰਤੀ ਦਲ ਕ੍ਰੋਏਸ਼ੀਆਈ ਰਾਜਧਾਨੀ ਤੋਂ ਖਾਲੀ ਹੱਥ ਨਹੀਂ ਪਰਤੇਗਾ। ਪ੍ਰਤੀਯੋਗਿਤਾ ਦੇ ਪਹਿਲੇ ਦਿਨ ਅਮਨ ਸਹਿਰਾਵਤ ਦੇ ਹੈਰਾਨ ਕਰਨ ਵਾਲੇ ਡਿਸਕੁਆਲੀਫੀਕੇਸ਼ਨ ਤੋਂ ਬਾਅਦ ਹੀ ਭਾਰਤੀ ਪਹਿਲਵਾਨ ਮਜਬੂਰ ਦਿਸ ਰਹੇ ਸਨ ਪਰ ਅੰਤਿਮ ਨੇ ਪੱਕਾ ਕੀਤਾ ਕਿ ਇਸ ਵੱਕਾਰੀ ਟੂਰਨਾਮੈਂਟ ’ਚ ਦੇਸ਼ ਦੀ ਤਮਗਾ ਜਿੱਤਣ ਦੀ ਰਿਵਾਇਤ ਜਾਰੀ ਰਹੇਗੀ। ਇਸ 21 ਸਾਲਾ ਪਹਿਲਵਾਨ ਨੇ 2023 ਵਿਸ਼ਵ ਚੈਂਪੀਅਨਸ਼ਿਪ ’ਚ ਵੀ ਕਾਂਸੀ ਦਾ ਤਮਗਾ ਜਿੱਤਿਆ ਸੀ ਪਰ 2024 ਓਲੰਪਿਕ ਖੇਡਾਂ ਦੇ ਬਾਅਦ ਤੋਂ ਉਹ ਦਬਾਅ ਵਿਚ ਸੀ।