ਫਿਡੇ ਗ੍ਰੈਂਡ ਸਵਿਸ : ਨਿਹਾਲ ਅਤੇ ਵੈਸ਼ਾਲੀ ਸਿਖਰ ''ਤੇ ਕਾਬਜ
Saturday, Sep 13, 2025 - 01:55 PM (IST)

ਸਮਰਕੰਦ (ਉਜ਼ਬੇਕਿਸਤਾਨ)- ਭਾਰਤੀ ਗ੍ਰੈਂਡਮਾਸਟਰ ਨਿਹਾਲ ਸਰੀਨ ਨੇ ਸ਼ਾਨਦਾਰ ਜਿੱਤ ਨਾਲ ਪਰਮ ਮਾਘਸੂਦਲੂ ਦੀ ਅਜੇਤੂ ਮੁਹਿੰਮ ਨੂੰ ਰੋਕ ਦਿੱਤਾ ਅਤੇ ਫਿਡੇ ਗ੍ਰੈਂਡ ਸਵਿਸ ਸ਼ਤਰੰਜ ਟੂਰਨਾਮੈਂਟ ਦੇ ਸੱਤਵੇਂ ਦੌਰ ਤੋਂ ਬਾਅਦ ਸਾਂਝੀ ਲੀਡ ਹਾਸਲ ਕਰ ਲਈ। ਮਹਿਲਾ ਵਰਗ ਵਿੱਚ, ਆਰ ਵੈਸ਼ਾਲੀ ਨੇ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਇਕਲੌਤੀ ਲੀਡ ਹਾਸਲ ਕੀਤੀ। ਪਿਛਲੀ ਵਾਰ ਦੀ ਜੇਤੂ ਵੈਸ਼ਾਲੀ ਨੇ ਚੀਨ ਦੀ ਗੁਓ ਕਿਊ ਨੂੰ ਹਰਾਇਆ ਅਤੇ ਹੁਣ ਉਹ ਰੂਸ ਦੀ ਕੈਟਰੀਨਾ ਲਾਗਨੋ ਤੋਂ ਅੱਧਾ ਅੰਕ ਅੱਗੇ ਹੈ।
ਇਸ ਤੋਂ ਇਲਾਵਾ ਵਿਸ਼ਵ ਚੈਂਪੀਅਨ ਡੀ. ਗੁਕੇਸ਼ ਦਾ ਸੰਘਰਸ਼ ਜਾਰੀ ਰਿਹਾ ਅਤੇ ਵੀਰਵਾਰ ਨੂੰ ਉਸਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਉਸਨੂੰ ਤੁਰਕੀ ਦੇ ਐਡਿਜ਼ ਗੁਰੇਲ ਤੋਂ ਹਾਰ ਮਿਲੀ। ਇਸ ਨਾਲ ਉਹ ਲਾਈਵ ਵਿਸ਼ਵ ਰੈਂਕਿੰਗ ਵਿੱਚ 10ਵੇਂ ਸਥਾਨ 'ਤੇ ਖਿਸਕ ਗਿਆ।
ਮਾਘਸੂਦਲੂ ਵਿਰੁੱਧ ਜਿੱਤ ਦਰਜ ਕਰਕੇ, ਨਿਹਾਲ ਜਰਮਨੀ ਦੇ ਬਲੂਬੌਮ ਨਾਲ ਸਾਂਝੀ ਲੀਡ 'ਤੇ ਪਹੁੰਚ ਗਿਆ। ਜਰਮਨ ਖਿਡਾਰੀ ਨੇ ਭਾਰਤ ਦੇ ਅਰਜੁਨ ਏਰੀਗਾਸੀ ਨੂੰ ਹਰਾਇਆ। ਓਪਨ ਵਰਗ ਵਿੱਚ, ਮੌਜੂਦਾ ਚੈਂਪੀਅਨ ਵਿਦਿਤ ਗੁਜਰਾਤੀ ਨੇ ਫਰਾਂਸੀਸੀ ਜੀਐਮ ਮਾਰਕੈਂਡੋਰਾ ਮੌਰੀਜ਼ੀ 'ਤੇ ਜਿੱਤ ਨਾਲ ਵਾਪਸੀ ਕੀਤੀ ਜਦੋਂ ਕਿ ਆਰ ਪ੍ਰਗਿਆਨੰਧਾ ਨੇ ਇਜ਼ਰਾਈਲ ਦੇ ਮੈਕਸਿਮ ਰੋਡਸ਼ਟੀਨ ਨੂੰ ਹਰਾਇਆ।