ਯੁਵੈਂਟਸ ਨੇ ਗੁਆਈ 2 ਗੋਲਾਂ ਦੀ ਬੜ੍ਹਤ
Wednesday, Jul 08, 2020 - 09:43 PM (IST)
![ਯੁਵੈਂਟਸ ਨੇ ਗੁਆਈ 2 ਗੋਲਾਂ ਦੀ ਬੜ੍ਹਤ](https://static.jagbani.com/multimedia/2020_7image_21_55_380466316kldf.jpg)
ਮਿਲਾਨ– ਯੁਵੈਂਟਸ ਨੂੰ ਇਕ ਸਮੇਂ 2 ਗੋਲਾਂ ਨਾਲ ਅੱਗੇ ਰਹਿਣ ਦੇ ਬਾਵਜੂਦ ਇਥੇ ਏਸੀ ਮਿਲਾਨ ਤੋਂ 4-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਸ ਨੇ ਇਟਾਲੀਅਨ ਫੁੱਟਬਾਲ ਲੀਗ ਸੇਰੀ ਏ ’ਚ ਲਗਾਤਾਰ ਨੌਂਵੇਂ ਖਿਤਾਬ ਲਈ ਆਪਣੀ ਬੜ੍ਹਤ ਮਜ਼ਬੂਤ ਕਰਨ ਦਾ ਮੌਕਾ ਵੀ ਗੁਆ ਦਿੱਤਾ। ਦੂਜੇ ਸਥਾਨ ’ਤੇ ਕਾਬਜ਼ ਲਾਜਿਓ ਦੀ ਲੇਸੀ ਹੱਥੋਂ 2-1 ਨਾਲ ਹਾਰ ਤੋਂ ਬਾਅਦ ਯੁਵੈਂਟਸ ਕੋਲ ਅੰਕ ਸੂਚੀ ’ਚ ਉੱਪਰਲੇ ਕ੍ਰਮ ’ਚ ਆਪਣੀ ਬੜ੍ਹਤ 10 ਅੰਕਾਂ ਤੱਕ ਪਹੁੰਚਾਉਣ ਦਾ ਮੌਕਾ ਸੀ।
ਮੈਚ ਦਾ ਪਹਿਲਾ ਹਾਫ ਬਿਨਾਂ ਗੋਲ ਦੇ ਲੰਘਿਆ। ਇਸ ਦੌਰਾਨ ਮਿਲਾਨ ਦੇ ਜਾਲਟਨ ਇਬ੍ਰਾਹਿਮੋਵਿਚ ਦਾ ਗੋਲ ਆਫਸਾਈਡ ਕਾਰਣ ਮੰਨਿਆ ਨਹੀਂ ਗਿਆ ਪਰ ਐਡ੍ਰੀਅਨ ਰੈਬੀਆਟ ਨੇ ਹਾਫ ਟਾਈਮ ਤੋਂ ਬਾਅਦ ਦੂਜੇ ਮਿੰਟ ’ਚ ਗੋਲ ਕੀਤਾ ਤੇ ਇਸ ਦੇ 6 ਮਿੰਟਾਂ ਬਾਅਦ ਕ੍ਰਿਸਟਿਆਨੋ ਰੋਨਾਲਡੋ ਨੇ ਯੁਵੈਂਟਸ ਦੀ ਬੜ੍ਹਤ ਦੁਗਣੀ ਕਰ ਦਿੱਤੀ। ਏਸੀ ਮਿਲਾਨ ਨੇ ਇਸ ਤੋਂ ਬਾਅਦ ਮੈਚ ਦਾ ਪਾਸਾ ਪਲਟਨ ’ਚ ਦੇਰ ਨਹੀਂ ਕੀਤੀ। ਪਹਿਲਾਂ ਇਬ੍ਰਾਹਿਮੋਵਿਚ ਨੇ 62ਵੇਂ ਮਿੰਟ ’ਚ ਪੈਨਲਟੀ ’ਤੇ ਗੋਲ ਕੀਤਾ ਤੇ ਫਿਰ ਇਸ ਤੋਂ ਬਾਅਦ ਫ੍ਰੈਂਕ ਕੇਸੀ ਤੇ ਤਬਦੀਲ ਖਿਡਾਰੀ ਰਾਫੇਲ ਲਿਓ ਨੇ ਗਲਤਾਰ ਗੋਲ ਕੀਤੇ। ਇਸ ਹਾਰ ਨਾਲ ਯੁਵੈਂਟਸ ਦੇ ਹੁਣ 31 ਮੈਚਾਂ ’ਚ 75 ਅੰਕ ਹੋ ਗਏ ਹਨ ਜਦਕਿ ਮਿਲਾਨ ਦੇ 31 ਮੈਚਾਂ ’ਚ 49 ਅੰਕ ਹੋ ਗਏ ਹਨ ਅਤੇ ਉਹ 5ਵੇਂ ਸਥਾਨ ’ਤੇ ਪਹੁੰਚ ਗਿਆ ਹੈ।