ਆਸਟਰੇਲੀਆਈ ਕੋਚ ਨੇ ਮੰਨਿਆ ਭਾਰਤ ਦਾ ਲੋਹਾ, ਕਿਹਾ 'ਸੁਪਰ ਸਟਾਰ' ਹੈ ਧੋਨੀ
Saturday, Jan 19, 2019 - 02:51 PM (IST)

ਮੈਲਬੋਰਨ— ਆਸਟਰੇਲੀਆ ਖਿਲਾਫ ਭਾਰਤ ਦੀ ਇਤਿਹਾਸਕ ਵਨ ਡੇ ਸੀਰੀਜ਼ ਦੀ ਜਿੱਤ ਦੇ ਹੀਰੋ ਐੱਮ.ਐੱਸ. ਧੋਨੀ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਮੁਰੀਦ ਵਿਰੋਧੀ ਧਿਰ ਵੀ ਹੋ ਗਈ ਹੈ। ਕੰਗਾਰੂ ਕੋਚ ਜਸਟਿਨ ਲੈਂਗਰ ਨੇ ਧੋਨੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਸੁਪਰ ਸਟਾਰ ਅਤੇ ਆਲ ਟਾਈਮ ਮਹਾਨ ਕ੍ਰਿਕਟਰਾਂ 'ਚੋਂ ਇਕ ਦੱਸਿਆ ਹੈ।
ਲੈਂਗਰ ਨੇ ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, ''ਧੋਨੀ 37 ਸਾਲ ਦੇ ਹਨ ਪਰ ਵਿਕਟਾਂ ਦੇ ਪਿੱਛੇ ਉਨ੍ਹਾਂ ਦੀ ਦੌੜ ਅਤੇ ਫਿਟਨੈੱਸ ਸ਼ਾਨਦਾਰ ਹੈ। ਲਗਾਤਾਰ ਤਿੰਨ ਦਿਨ ਵਿਕਟਾਂ ਵਿਚਾਲੇ ਇਸ ਤਰ੍ਹਾਂ ਦੌੜਨਾ ਅਤੇ ਉਹ ਵੀ 40 ਡਿਗਰੀ ਤਾਪਮਾਨ 'ਚ ਅਤੇ ਅਜਿਹਾ ਖੇਡਣਾ ਸ਼ਾਨਦਾਰ ਹੈ। ਉਹ ਖੇਡ ਦੇ ਸੁਪਰ ਸਟਾਰ ਹਨ ਜੋ ਆਸਟਰੇਲੀਆਈ ਕ੍ਰਿਕਟਰਾਂ ਨੂੰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।'' ਉਨ੍ਹਾਂ ਕਿਹਾ, ''ਐੱਮ.ਐੱਸ. ਧੋਨੀ, ਵਿਰਾਟ ਕੋਹਲੀ ਅਤੇ ਟੈਸਟ 'ਚ ਚੇਤੇਸ਼ਵਰ ਪੁਜਾਰਾ, ਇਹ ਸਾਰੇ ਆਦਰਸ਼ ਹਨ। ਐੱਮ.ਐੱਸ. ਧੋਨੀ ਦਾ ਰਿਕਾਰਡ ਤਾਂ ਬਤੌਰ ਕਪਤਾਨ, ਬੱਲੇਬਾਜ਼ ਅਤੇ ਵਿਕਟਕੀਪਰ ਉਨ੍ਹਾਂ ਦੀ ਕਾਬਲੀਅਤ ਦਸਦਾ ਹੈ। ਉਹ ਮਹਾਨ ਕ੍ਰਿਕਟਰ ਹਨ ਅਤੇ ਅਜੇਹੇ ਖਿਡਾਰੀਆਂ ਦੇ ਖਿਲਾਫ ਹਾਰਨਾ ਦੁਖਦ ਹੈ ਪਰ ਉਨ੍ਹਾਂ ਦੇ ਖਿਲਾਫ ਖੇਡਣਾ ਮਾਣ ਦੀ ਗੱਲ ਹੈ।''