ਆਰਥਿਕ ਪ੍ਰੇਸ਼ਾਨੀ ਨਾਲ ਘਿਰੀ ਜੂਨੀਅਰ ਟੇਬਲ ਟੈਨਿਸ ਖਿਡਾਰਨ ਸਵਸਤਿਕਾ
Sunday, Aug 09, 2020 - 12:56 AM (IST)
ਕੋਲਕਾਤਾ– ਦੁਨੀਆ ਦੀ 5ਵੇਂ ਨੰਬਰ ਦੀ ਜੂਨੀਅਰ ਟੇਬਲ ਟੈਨਿਸ ਖਿਡਾਰਨ ਸਵਸਤਿਕਾ ਘੋਸ਼ ਨੂੰ ਕੋਰੋਨਾ ਲਾਕਡਾਊਨ ਦੇ ਕਾਰਣ ਆਰਥਿਕ ਪ੍ਰੇਸ਼ਾਨੀਆਂ ਨਾਲ ਜੂਝਣਾ ਪੈ ਰਿਹਾ ਹੈ। ਉਸਦਾ ਪਰਿਵਾਰ ਮੁੰਬਈ ਵਿਚ ਕਮਰੇ ਦਾ ਕਿਰਾਇਆ ਵੀ ਨਹੀਂ ਦੇ ਪਾ ਰਿਹਾ ਹੈ, ਜਿਸ ਦੀ ਵਜ੍ਹਾ ਨਾਲ ਉਹ ਵਾਪਸ ਬੰਗਾਲ ਆਉਣ ਦੀ ਸੋਚ ਰਿਹਾ ਹੈ। ਸਵਸਤਿਕਾ ਦਾ ਪਿਤਾ, ਸਹਿ-ਕੋਚ ਤੇ ਜੋੜੀਦਾਰ ਸੰਦੀਪ ਚਾਰ ਮਹੀਨੇ ਤੋਂ ਬੇਰੋਜ਼ਗਾਰ ਹੈ। ਉਹ ਨੇਰੂਲ ਵਿਚ ਡੀ. ਐੱਚ. ਵੀ. ਪਬਲਿਕ ਸਕੂਲ ਵਿਚ ਟੇਬਲ ਟੈਨਿਸ ਕੋਚ ਸੀ ਪਰ ਲਾਕਡਾਊਨ ਦੇ ਕਾਰਣ ਕੰਮ ਤੇ ਤਨਖਾਹ ਨਹੀਂ ਮਿਲੀ। ਉਸ ਨੂੰ ਆਪਣੇ ਪ੍ਰਾਵੀਡੈਂਟ ਫੰਡ ਦੀ ਸਾਰੀ ਬਚਤ ਖਰਚ ਕਰਨੀ ਪਈ।
ਉਸ ਨੇ ਕਿਹਾ, ''ਸਵਸਤਿਕਾ ਨੂੰ ਰੋਜ਼ ਤਕਰੀਬਨ 1200 ਰੁਪਏ ਦਾ ਫੂਡ ਸਪਲੀਮੈਂਟ ਦੇਣਾ ਪੈਂਦਾ ਹੈ ਕਿਉਂਕਿ ਉਹ ਛੇ ਘੰਟੇ ਅਭਿਆਸ ਕਰਦੀ ਹੈ। ਹੁਣ ਸਭ ਬੰਦ ਹੋ ਗਿਆ ਹੈ। ਲਾਕਡਾਊਨ ਜਾਰੀ ਰਿਹਾ ਤਾਂ ਸਾਨੂੰ ਬੰਗਾਲ ਪਰਤਣਾ ਪਵੇਗਾ।'' ਮੁੰਬਈ ਵਿਚ 1992 ਤੋਂ ਲੈਵਲ ਟੂ ਦੇ ਕੋਚ ਸੰਦੀਪ ਨੇ ਕਿਹਾ,''ਮੇਰੇ ਪ੍ਰਾਵੀਡੈਂਟ ਫੰਡ ਵਿਚ ਤਕਰੀਬਨ 60,000 ਰੁਪਏ ਸਨ, ਜਿਹੜੇ ਖਰਚ ਹੋ ਗਏ। ਮੈਂ ਆਪਣੇ ਸਹੁਰੇ ਪਰਿਵਾਰ ਤੋਂ ਉਧਾਰ ਲਿਆ। ਹੁਣ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਤੇ ਅਭਿਆਸ ਜਾਰੀ ਨਹੀਂ ਰੱਖ ਸਕਦੇ।'' ਉਸ ਨੇ ਕਿਹਾ, ''ਮੈਂ ਉਮੀਦ ਕਰਦਾ ਹਾਂ ਕਿ ਸਕੂਲ ਖੁੱਲ੍ਹਣ ਤੇ ਅਭਿਆਸ ਬਹਾਲ ਹੋਵੇ, ਨਹੀਂ ਤਾਂ ਸਭ ਕੁਝ ਖਤਮ ਹੋ ਜਾਵੇਗਾ।'' 9 ਸਾਲ ਦੀ ਉਮਰ ਵਿਚ 2013 ਵਿਚ ਕੈਡੇਟ ਰਾਸ਼ਟਰੀ ਚੈਂਪੀਅਨ ਬਣੀ ਸਵਸਤਿਕਾ ਦੀ ਵਿਸ਼ਵ ਜੂਨੀਅਰ ਰੈਂਕਿੰਗ ਜਨਵਰੀ 2018 ਵਿਚ 278 ਸੀ, ਜਿਹੜੀ ਇਸ ਸਾਲ ਅਪ੍ਰੈਲ ਵਿਚ 5 ਤਕ ਪਹੁੰਚ ਗਈ ਹੈ। ਉਹ ਅਜੇ ਵੀ ਭਾਰਤ ਦੀ ਚੋਟੀ ਦੀ ਜੂਨੀਅਰ ਖਿਡਾਰਨ ਹੈ।