ਸ਼ਾਟਪੁੱਟ 'ਚ ਜੋਆਏ ਬੈਦਵਾਣ ਨੇ ਜਿੱਤਿਆ ਗੋਲਡ, ਇੰਟਰਨੈਸ਼ਨਲ ਸਕੂਲ ਗੇਮਜ਼ ਲਈ ਸੀਟ ਕੀਤੀ ਪੱਕੀ
Wednesday, Oct 28, 2026 - 04:13 PM (IST)
ਮੋਹਾਲੀ (ਨਿਆਮੀਆਂ) : ਪੰਜਾਬ ਦੀ ਸ਼ਾਨ ਅਤੇ ਪੁਆਧ ਇਲਾਕੇ ਦਾ ਮਾਣ ਜੋਆਏ ਬੈਦਵਾਣ ਨੇ ਮਦਰਾਸ ਵਿਖੇ ਹੋ ਰਹੀਆਂ ਜੂਨੀਅਰ ਨੈਸ਼ਨਲ ਗੇਮਜ਼ ਅੰਡਰ-18 'ਚ ਸ਼ਾਟਪੁੱਟ ਦੇ ਮੁਕਾਬਲੇ 'ਚ ਇੱਕ ਵਾਰ ਫਿਰ ਗੋਲਡ ਮੈਡਲ ਜਿੱਤ ਕੇ ਆਪਣੀ ਜੇਤੂ ਲੈਅ ਬਰਕਰਾਰ ਰੱਖੀ ਹੈ। ਪਿਛਲੇ ਦਿਨੀਂ ਹੋਈਆਂ ਨੈਸ਼ਨਲ ਸਕੂਲ ਗੇਮਜ਼ 'ਚ ਸਭ ਤੋ ਵਧੀਆਂ ਪ੍ਰਦਰਸ਼ਨ ਕਰਕੇ ਉਸ ਨੇ ਬ੍ਰਾਜ਼ੀਲ 'ਚ 3 ਦਸੰਬਰ ਤੋਂ ਹੋਣ ਜਾ ਰਹੀਆਂ ਇੰਟਰਨੈਸ਼ਨਲ ਸਕੂਲ ਗੇਮਜ਼ 'ਚ ਕੁਆਲੀਫਾਈ ਕਰ ਲਿਆ ਹੈ ਅਤੇ ਉਹ ਭਾਰਤ ਵੱਲੋਂ ਕੁਆਲੀਫਾਈ ਕਰਕੇ ਬ੍ਰਾਜ਼ੀਲ ਖੇਡਣ ਜਾ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਜੋਆਏ ਬੈਦਵਾਣ ਨੇ ਐੱਸ. ਜੀ. ਐੱਫ. ਆਈ ਇੰਟਰਨੈਸ਼ਨਲ ਸਕੂਲ ਗੋਆ ਅੰਡਰ-17 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਆਪਣੇ ਨਾਂ ਕੀਤਾ ਸੀ। 2023 'ਚ ਅੰਡਰ-14 ਇੰਡੀਆ ਸ਼ਾਟਪੁੱਟ 'ਚ ਵੀ ਰਿਕਾਰਡ ਬਣਾ ਕੇ ਗੋਲਡ ਮੈਡਲ ਜਿੱਤਿਆ ਸੀ, ਉਸ ਤੋਂ ਬਾਅਦ 2024 ਅੰਡਰ-17 'ਚ ਵੀ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ।
ਇਸ ਤੋਂ ਬਾਅਦ ਫਿਰ ਜੋਆਏ ਬੈਦਵਾਣ ਨੇ 2025 'ਚ ਵੀ ਯੂਥ ਗੇਮਜ਼ 'ਚ ਆਪਣੀ ਆਦਤ ਅਨੁਸਾਰ ਗੋਲਡ ਮੈਡਲ ਆਪਣੇ ਨਾਮ ਕੀਤਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੋਆਏ ਬੈਦਵਾਣ ਨੇ ਬਹਿਰੀਨ ਅਤੇ ਸਾਊਦੀ ਅਰਬ 'ਚ ਵਧੀਆ ਪ੍ਰਦਰਸ਼ਨ ਕਰਕੇ ਪੰਜਾਬ ਸਮੇਤ ਭਾਰਤ ਦਾ ਨਾਮ ਰੌਸ਼ਨ ਕੀਤਾ ਸੀ। ਜੋਆਏ ਬੈਦਵਾਣ ਦੇ ਪਿਤਾ ਪਰਮਦੀਪ ਸਿੰਘ ਬੈਦਵਾਣ ਸਮਾਜ ਸੇਵੀ ਆਗੂ ਹੋਣ ਦੇ ਨਾਲ ਕਿਸਾਨ ਜੱਥੇਬੰਦੀ ਦੇ ਆਗੂ ਵੀ ਹਨ, ਜਿਸ ਕਾਰਨ ਕਿਸਾਨ ਅੰਦੋਲਨ ਵੇਲੇ ਵੀ ਜੋਆਏ ਬੈਦਵਾਣ ਨੇ ਆਪਣੇ ਪਿਤਾ ਨਾਲ ਸ਼ੁਰੂਆਤ ਤੋਂ ਲੈ ਕੇ ਅਖ਼ੀਰ ਤੱਕ ਪੂਰੀ ਤਨਦੇਹੀ ਨਾਲ ਕੌਮ ਪ੍ਰਤੀ ਆਪਣਾ ਫਰਜ਼ ਅਦਾ ਕੀਤਾ। ਸ਼ਾਟਪੁੱਟ ਖੇਡਾਂ ਦੇ ਨਾਲ-ਨਾਲ ਜੋਆਏ ਬੈਦਵਾਣ ਵੱਲੋਂ ਆਪਣੀ ਪੜ੍ਹਾਈ ਵੀ ਡੀ. ਏ. ਵੀ. ਲਾਹੌਰ ਸੈਕਟਰ 8 ਤੋਂ ਕੀਤੀ ਜਾ ਰਹੀ ਹੈ। ਜੋਆਏ ਬੈਦਵਾਣ ਨੇ ਗੱਲਬਾਤ ਕਰਦੇ ਦੱਸਿਆ ਕਿ ਉਸਦੀ ਮਿਹਨਤ ਅਤੇ ਸਫ਼ਲਤਾ ਪਿੱਛੇ ਸਭ ਤੋਂ ਵੱਡਾ ਹੱਥ ਉਸ ਦੇ ਪਿਤਾ ਅਤੇ ਕੋਚ ਸਾਹਿਬਾਨ ਦਾ ਹੈ, ਜੋ ਮੇਰੇ ਲਈ ਹਮੇਸ਼ਾ ਹਰ ਤਰੀਕੇ ਨਾਲ ਖੜ੍ਹੇ ਰਹਿੰਦੇ ਹਨ।
