ਬੀਬੀਆਂ ਦੇ ਟੀ-20 ਚੈਲੰਜ ਦਾ ਸਪਾਂਸਰ ਬਣਿਆ ਜੀਓ
Monday, Nov 02, 2020 - 01:12 AM (IST)
ਦੁਬਈ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਐਤਵਾਰ ਨੂੰ ਜੀਓ ਨੂੰ ਬੀਬੀਆਂ ਦੇ ਟੀ-20 ਚੈਲੰਜ ਦਾ ਟਾਈਟਲ ਸਪਾਂਸਰ ਐਲਾਨ ਕੀਤਾ ਹੈ, ਜਿਸ ਦਾ ਆਯੋਜਨ 4 ਤੋਂ 9 ਨਵੰਬਰ ਵਿਚਾਲੇ ਸ਼ਾਰਜਾਹ ਵਿਚ ਕੀਤਾ ਜਾਵੇਗਾ। ਕੋਵਿਡ-19 ਮਹਾਮਾਰੀ ਦੇ ਕਾਰਣ ਇਨ੍ਹਾਂ ਪ੍ਰਦਰਸ਼ਨੀ ਮੈਚਾਂ ਦੇ ਆਯੋਜਨ 'ਤੇ ਪਹਿਲਾਂ ਸ਼ੱਕ ਪ੍ਰਗਟਾਇਆ ਜਾ ਰਿਹਾ ਸੀ ਪਰ ਅਗਸਤ ਵਿਚ ਬੀ. ਸੀ. ਸੀ. ਆਈ. ਮੁਖੀ ਸੌਰਭ ਗਾਂਗੁਲੀ ਨੇ ਪੁਸ਼ਟੀ ਕੀਤੀ ਸੀ ਕਿ ਇਸ ਟੂਰਨਾਮੈਂਟ ਦਾ ਆਯੋਜਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਪਲੇਅ ਆਫ ਦੌਰਾਨ ਕੀਤਾ ਜਾਵੇਗਾ।
ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਬਿਆਨ ਵਿਚ ਕਿਹਾ,''ਸਾਨੂੰ ਉਮੀਦ ਹੈ ਕਿ ਜੀਓ ਬੀਬੀਆਂ ਦੇ ਟੀ-20 ਚੈਲੰਜ ਜ਼ਿਆਦਾਤਰ ਲੜਕੀਆਂ ਨੂੰ ਇਸ ਖੇਡ ਨੂੰ ਅਪਣਾਉਣ ਲਈ ਉਤਸ਼ਾਹਿਤ ਕਰੇਗਾ ਤੇ ਮਾਤਾ-ਪਿਤਾ ਵਿਚ ਇਹ ਭਰੋਸਾ ਹੋਵੇਗਾ ਕਿ ਕ੍ਰਿਕਟ ਉਨ੍ਹਾਂ ਦੀਆਂ ਬੇਟੀਆਂ ਲਈ ਕਰੀਅਰ ਦਾ ਇਕ ਬਿਹਤਰ ਬਦਲ ਹੋ ਸਕਦਾ ਹੈ।''
ਇਸ ਟੂਰਨਾਮੈਂਟ ਵਿਚ ਤਿੰਨ ਟੀਮਾਂ ਵੇਲੋਸਿਟੀ, ਸੁਪਰਨੋਵਾਜ਼ ਤੇ ਟ੍ਰੇਲਬਲੇਜ਼ਰਸ ਹਿੱਸਾ ਲੈਣਗੀਆਂ। ਇਹ ਟੀਮਾਂ ਇਕ-ਦੂਜੇ ਨਾਲ ਆਪਸ ਵਿਚ ਭਿੜਨਗੀਆਂ ਤੇ ਫਾਈਨਲ 9 ਨਵੰਬਰ ਨੂੰ ਖੇਡਿਆ ਜਾਵੇਗਾ।