ਜੈਸਿਕਾ ਪੇਗੁਲਾ ਸੰਘਰਸ਼ਪਰੂਣ ਜਿੱਤ ਨਾਲ ਚਾਈਨਾ ਓਪਨ ਦੇ ਅਗਲੇ ਦੌਰ ’ਚ
Sunday, Sep 29, 2024 - 06:31 PM (IST)

ਬੀਜ਼ਿੰਗ– ਅਮਰੀਕਾ ਦੀ ਤੀਜਾ ਦਰਜਾ ਪ੍ਰਾਪਤ ਜੈਸਿਕਾ ਪੇਗੁਲਾ ਨੇ ਐਤਵਾਰ ਨੂੰ ਇੱਥੇ ਟਾਈਬ੍ਰੇਕਰ ਤੱਕ ਖਿੱਚਿਆ ਪਹਿਲਾ ਸੈੱਟ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਕੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਦੌਰ ਵਿਚ ਪ੍ਰਵੇਸ਼ ਕੀਤਾ। ਪੇਗੁਲਾ ਨੇ ਤੀਜੇ ਦੌਰ ਵਿਚ ਰੂਸ ਕੀਵੇਰੋਨਿਕਾ ਕੁਦੇਰਮੇਤੋਵਾ ’ਤੇ 6-7(9), 6-1, 6-2 ਨਾਲ ਜਿੱਤ ਦਰਜ ਕੀਤੀ। ਪੇਗੁਲਾ ਨੇ ਆਪਣੇ ਪਿਛਲੇ 19 ਮੈਚਾਂ ਵਿਚੋਂ 17 ਵਿਚ ਜਿੱਤ ਹਾਸਲ ਕੀਤੀ ਹੈ, ਜਿਸ ਵਿਚ ਟੋਰਾਂਟੋ ਵਿਚ ਆਪਣੇ ਖਿਤਾਬ ਦਾ ਬਚਾਅ ਕਰਨਾ ਤੇ ਸਿਨਸਿਨਾਟੀ ਤੇ ਅਮਰੀਕੀ ਓਪਨ ਦੇ ਫਾਈਨਲ ਵਿਚ ਜਗ੍ਹਾ ਬਣਾਉਣਾ ਸ਼ਾਮਲ ਹੈ। ਇਹ ਅਮਰੀਕੀ ਖਿਡਾਰੀ ਚੌਥੇ ਦੌਰ ਵਿਚ ਸਪੇਨ ਦੀ 15ਵਾਂ ਦਰਜਾ ਪ੍ਰਾਪਤ ਪਾਓਲਾ ਬਡੋਸਾ ਨਾਲ ਭਿੜੇਗੀ, ਜਿਸ ਨੇ ਸਰਬੀਆ ਦੀ ਰੇਬੇਕਾ ਸ਼੍ਰਾਮਕੋਵਾ ਨੂੰ 7-5, 7-5 ਨਾਲ ਹਰਾਇਆ।
ਇਕ ਹੋਰ ਮੈਚ ਵਿਚ ਪੋਲੈਂਡ ਦੀ 23ਵਾਂ ਦਰਜਾ ਪ੍ਰਾਪਤ ਮੈਗਡੇਲੇਨਾ ਫ੍ਰ੍ਰੇਚ ਨੇ ਖਰਾਬ ਸ਼ੁਰੂਆਤ ਤੋਂ ਉੱਭਰਦੇ ਹੋਏ 12ਵਾਂ ਦਰਜਾ ਪ੍ਰਾਪਤ ਡਾਇਨਾ ਸ਼੍ਰਾਈਡਰ ਨੂੰ 0-6, 6-3, 6-4 ਨਾਲ ਹਰਾਇਆ। ਪੁਰਸ ਵਰਗ ਵਿਚ ਸਥਾਨਕ ਖਿਡਾਰੀ ਬੂ ਯੂਨਚਾ ਓਕੇਤੇ ਨੇ ਪੈਰਿਸ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਲੋਰੇਂਜੋ ਮੁਸੇਟੀ ਨੂੰ 6-2, 6-4 ਨਾਲ ਹਰਾ ਕੇ ਉਲਟਫੇਰ ਕੀਤਾ। ਇਸ 22 ਸਾਲਾ ਖਿਡਾਰੀ ਦੀ ਟਾਪ-20 ਵਿਚ ਸ਼ਾਮਲ ਕਿਸੇ ਖਿਡਾਰੀ ਵਿਰੁੱਧ ਇਹ ਪਹਿਲੀ ਜਿੱਤ ਹੈ।