ਬੁਮਰਾਹ ਨੇ ਰਚਿਆ ਇਤਿਹਾਸ, 'ICC ਕ੍ਰਿਕਟ ਆਫ ਦਿ ਈਅਰ' ਅਵਾਰਡ ਜਿੱਤਣ ਵਾਲੇ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਬਣੇ
Tuesday, Jan 28, 2025 - 09:11 PM (IST)
ਸਪੋਰਟਸ ਡੈਸਕ- ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਲਈ 2024 ਦਾ ਸਾਲ ਯਾਦਗਾਰ ਰਿਹਾ। ਇਸ ਸਾਲ, ਉਨ੍ਹਾਂ ਨੇ ਨਾ ਸਿਰਫ਼ ਟੀਮ ਇੰਡੀਆ ਲਈ ਅਨਮੋਲ ਯੋਗਦਾਨ ਪਾਇਆ ਬਲਕਿ ਕਈ ਰਿਕਾਰਡ ਵੀ ਬਣਾਏ। ਹਾਲ ਹੀ ਵਿੱਚ ਬੁਮਰਾਹ ਨੂੰ ਆਈਸੀਸੀ ਦੇ 'ਟੈਸਟ ਕ੍ਰਿਕਟਰ ਆਫ ਦਿ ਈਅਰ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਹੁਣ ਬੁਮਰਾਹ ਨੂੰ ਸਰ 'ਗਾਰਫੀਲਡ ਸੋਬਰਸ ਟਰਾਫੀ' ਨਾਲ ਵੀ ਸਨਮਾਨਿਤ ਕੀਤਾ ਜਾਵੇਗਾ, ਜੋ ਕਿ ਆਈਸੀਸੀ ਵੱਲੋਂ ਸਾਲ ਦੇ ਸਰਵੋਤਮ ਕ੍ਰਿਕਟਰ ਨੂੰ ਦਿੱਤਾ ਜਾਣ ਵਾਲਾ ਸਨਮਾਨ ਹੈ। ਉਹ ਇਹ ਖਿਤਾਬ ਜਿੱਤਣ ਵਾਲੇ 5ਵੇਂ ਭਾਰਤੀ ਖਿਡਾਰੀ ਹੋਣਗੇ।
ICC ਦੀ ਬੈਸਟ ਟੀਮ 'ਚ ਵੀ ਐਂਟਰੀ
ਆਈਸੀਸੀ ਨੇ ਹਾਲ ਹੀ ਵਿੱਚ ਸਾਲ ਦੀ ਬੈਸਟ ਟੈਸਟ ਟੀਮ ਚੁਣੀ ਸੀ। ਬੁਮਰਾਹ ਦਾ ਨਾਮ ਪਲੇਇੰਗ-11 ਵਿੱਚ ਸੀ। ਆਈਸੀਸੀ ਨੇ ਬੁਮਰਾਹ ਬਾਰੇ ਆਪਣੀ ਰਿਲੀਜ਼ ਵਿੱਚ ਕਿਹਾ, 'ਜਸਪ੍ਰੀਤ ਬੁਮਰਾਹ ਨੂੰ ਆਈਸੀਸੀ ਪੁਰਸਕਾਰਾਂ ਵਿੱਚ ਸਾਲ ਦੇ ਸਰਵੋਤਮ ਪੁਰਸ਼ ਕ੍ਰਿਕਟਰ ਲਈ ਸਰ ਗਾਰਫੀਲਡ ਸੋਬਰਸ ਪੁਰਸਕਾਰ ਲਈ ਚੁਣਿਆ ਗਿਆ ਹੈ।' ਸਾਲ 2024 ਵਿੱਚ ਉਨ੍ਹਾਂ ਨੇ ਟੈਸਟ ਅਤੇ ਸੀਮਤ ਓਵਰਾਂ ਦੇ ਫਾਰਮੈਟਾਂ ਵਿੱਚ ਵਿਰੋਧੀ ਟੀਮਾਂ 'ਤੇ ਦਬਾਅ ਬਣਾਈ ਰੱਖਿਆ।
ਇਹ ਵੀ ਪੜ੍ਹੋ- ਚਲਦੇ ਮੈਚ 'ਚ ਹੀ ਮਾਂ-ਭੈਣ ਦੀਆਂ ਗਾਲ੍ਹਾਂ ਕੱਢਣ ਲੱਗੇ ਗੌਤਮ ਗੰਭੀਰ, ਇਸ ਭਾਰਤੀ ਕ੍ਰਿਕਟਰ ਨੇ ਕੀਤੇ ਵੱਡੇ ਖੁਲਾਸੇ
7 ਸਾਲਾਂ ਬਾਅਦ ਆਇਆ ਭਾਰਤੀ ਦਾ ਨਾਂ
ਆਈਸੀਸੀ ਦੇ ਇਸ ਅਵਾਰਡ ਲਈ 7 ਸਾਲਾਂ ਬਾਅਦ ਕਿਸੇ ਭਾਰਤੀ ਦਾ ਨਾਂ ਆਇਆ ਹੈ। ਪਿਛਲੀ ਵਾਰ ਵਿਰਾਟ ਕੋਹਲੀ ਨੂੰ ਇਸ ਅਵਾਰਡ ਨਾਲ ਨਵਾਜਿਆ ਗਿਆ ਸੀ। ਰਾਹੁਲ ਦ੍ਰਾਵਿੜ (2004), ਸਚਿਨ ਤੇਂਦੁਲਕਰ (2010), ਰਵੀਚੰਦਰਨ ਅਸ਼ਵਿਨ (2016) ਅਤੇ ਵਿਰਾਟ ਕੋਹਲੀ (2017 ਅਤੇ 2018) ਨੂੰ ਇਹ ਪੁਰਸਕਾਰ ਮਿਲ ਚੁੱਕਾ ਹੈ।
ਰੈਂਕਿੰਗ 'ਚ ਬੁਮਰਾਹ ਨੇ ਰਚਿਆ ਇਤਿਹਾਸ
ਆਈਸੀਸੀ ਨੇ ਬੁਮਰਾਹ ਦੀ ਤਾਰੀਖ ਕਰਦੇ ਹੋਏ ਕਿਹਾ ਕਿ ਬੁਮਰਾਹ ਦੇ ਹੁਨਰ ਦੀ ਝਲਕ ਆਈਸੀਸੀ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਮਿਲਦੀ ਹੈ ਜਿਸ ਵਿਚ ਉਨ੍ਹਾਂ ਨੇ 900 ਅੰਕ ਦਾ ਅੰਕੜਾ ਪਾਰ ਕੀਤਾ। ਸਾਲ ਦੇ ਆਖੀਰ 'ਚ ਉਨ੍ਹਾਂ ਦੇ ਨਾਂ 907 ਅੰਕ ਰਹੇ ਜੋ ਰੈਂਕਿੰਗ ਦੇ ਇਤਿਹਾਸ 'ਚ ਕਿਸੇ ਵੀ ਭਾਰਤੀ ਗੇਂਦਬਾਜ਼ ਲਈ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ- ਇਨ੍ਹਾਂ 5 ਭਾਰਤੀ ਖਿਡਾਰੀਆਂ ਦਾ ਚੈਂਪੀਅਨਜ਼ ਟਰਾਫੀ 2025 ਖੇਡਣ ਦਾ ਸੁਪਨਾ ਟੁੱਟਾ, ਨਹੀਂ ਮਿਲੀ ਟੀਮ 'ਚ ਜਗ੍ਹਾ