ਜਸਪ੍ਰੀਤ ਬੁਮਰਾਹ ਨੇ ਟੈਸਟ ਕਰਿਕਟ 'ਚ ਰਚਿਆ ਇਤਿਹਾਸ, ਬਣਾਏ ਇਹ ਖਾਸ ਰਿਕਾਰਡ
Saturday, Aug 24, 2019 - 11:09 AM (IST)

ਸਪੋਰਟਸ ਡੈਸਕ— ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਬੇਹੱਦ ਖਾਸ ਉਪਲਬਧੀ ਹਾਸਲ ਕੀਤੀ ਹੈ। ਬੁਮਰਾਹ ਨੇ ਡੈਰੇਨ ਬ੍ਰਾਵੋ ਦਾ ਵਿਕਟ ਹਾਸਲ ਕਰਦੇ ਹੀ ਇਹ ਮੁਕਾਮ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਂ ਕਈ ਰਿਕਾਰਡ ਦਰਜ ਕੀਤੇ। 25 ਸਾਲਾ ਡੈਥ ਓਵਰ ਸਪੈਸ਼ਲਿਸਟ ਬੁਮਰਾਹ ਭਾਰਤੀ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਤੇਜ਼ 50 ਵਿਕਟ ਲੈਣ ਵਾਲੇ ਭਾਰਤ ਦੇ ਪਹਿਲੇ ਤੇਜ ਗੇਂਦਬਾਜ਼ ਬਣ ਗਏ। ਬੁਮਰਾਹ ਨੇ ਆਪਣੇ ਟੈਸਟ ਕਰੀਅਰ ਦੇ 11ਵੇਂ ਮੈਚ 'ਚ ਹੀ ਇਸ ਮੁਕਾਮ ਨੂੰ ਹਾਸਲ ਕੀਤਾ।
ਬੁਮਰਾਹ ਨੇ ਮੁਹੰਮਦ ਸ਼ੰਮੀ ਅਤੇ ਵੈਂਕਟੇਸ਼ ਪ੍ਰਸਾਦ ਨੂੰ ਪਿੱਛੇ ਛੱਡ ਦਿੱਤਾ ਹੈ। ਦੋਵੇਂ ਗੇਂਦਬਾਜ਼ਾਂ (ਵੈਂਕਟੇਸ਼ ਅਤੇ ਸ਼ੰਮੀ) ਨੇ 13ਵੇਂ ਟੈਸਟ ਮੈਚ 'ਚ ਸਭ ਤੋਂ ਤੇਜ਼ 50 ਵਿਕਟ ਲੈਣ ਦਾ ਕਮਾਲ ਕੀਤਾ ਸੀ। ਪਰ ਬੁਮਰਾਹ ਨੇ ਇਨ੍ਹਾਂ ਦੋਹਾਂ ਨੂੰ ਪਛਾੜਦੇ ਹੋਏ ਸਿਰਫ 11 ਮੈਚਾਂ 'ਚ 50 ਟੈਸਟ ਵਿਕਟ ਲੈ ਕੇ ਕਾਮਯਾਬੀ ਦੀ ਨਵੀਂ ਇਬਾਰਤ ਲਿਖ ਦਿੱਤੀ ਹੈ। ਜਸਪ੍ਰੀਤ ਬੁਮਰਾਹ ਭਾਰਤ ਵੱਲੋਂ ਟੈਸਟ ਕ੍ਰਿਕਟ 'ਚ ਸਭ ਤੋਂ ਘੱਟ ਗੇਂਦਾਂ 'ਤੇ 50 ਵਿਕਟ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਬੁਮਰਾਹ ਨੇ ਟੈਸਟ ਕ੍ਰਿਕਟ 'ਚ 2465ਵੀਂ ਗੇਂਦ 'ਤੇ 50ਵਾਂ ਵਿਕਟ ਲਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਆਰ. ਅਸ਼ਵਿਨ ਦੇ ਨਾਂ 'ਤੇ ਸੀ। ਅਸ਼ਵਿਨ ਨੇ ਆਪਣੇ ਟੈਸਟ ਕਰੀਅਰ ਦੀ 50ਵੀਂ ਵਿਕਟ 2597ਵੀਂ ਗੇਂਦ 'ਤੇ ਲਈ ਸੀ।
ਇਸ ਤੋਂ ਇਲਾਵਾ ਭਾਰਤ ਵੱਲੋਂ ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ 50 ਵਿਕਟ ਲੈਣ ਵਾਲੇ ਗੇਂਦਬਾਜ਼ ਆਰ. ਅਸ਼ਵਿਨ ਹਨ। ਅਸ਼ਵਿਨ ਨੇ ਆਪਣੇ ਟੈਸਟ ਕਰੀਅਰ 'ਚ 9ਵੇਂ ਮੈਚ 'ਚ ਹੀ ਇਹ ਕਮਾਲ ਕੀਤਾ ਸੀ। ਜਦਕਿ ਇਸ ਮਾਮਲੇ 'ਚ ਦੂਜੇ ਸਥਾਨ 'ਤੇ ਅਨਿਲ ਕੁੰਬਲੇ ਹਨ। ਕੁੰਬਲੇ ਨੇ ਇਹ ਸਫਲਤਾ 10ਵੇਂ ਟੈਸਟ ਮੈਚ 'ਚ ਹਾਸਲ ਕੀਤੀ ਸੀ। ਜਦਕਿ ਜਸਪ੍ਰੀਤ ਬੁਮਰਾਹ ਭਾਰਤ ਵੱਲੋਂ ਸਭ ਤੋਂ ਤੇਜ਼ 50 ਟੈਸਟ ਵਿਕਟ ਲੈਣ ਵਾਲੇ ਤੀਜੇ ਗੇਂਦਬਾਜ਼ ਬਣ ਗਏ। ਉਨ੍ਹਾਂ ਨੇ 11ਵੇਂ ਮੈਚ 'ਚ ਇਹ ਕਮਾਲ ਕੀਤਾ।