ਗੇਲ ਤੇ ਰਸੇਲ ਆਸਟਰੇਲੀਆ ਖਿਲਾਫ ਮੁਕਾਬਲੇ ਤੋਂ ਪਹਿਲਾਂ ਫਿੱਟ ਹੋ ਜਾਣਗੇ : ਹੋਲਡਰ
Saturday, Jun 01, 2019 - 01:29 PM (IST)

ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਕ੍ਰਿਸ ਗੇਲ ਅਤੇ ਆਂਦਰੇ ਰਸੇਲ ਦੀ ਫਿੱਟਨੈਸ ਦੀ ਚਿੰਤਾ ਨੂੰ ਦੂਰ ਕਰਦੇ ਹੋਏ ਕਿਹਾ ਕਿ ਆਸਟਰੇਲੀਆ ਦੇ ਖਿਲਾਫ ਵੀਰਵਾਰ ਨੂੰ ਟੀਮ ਦੇ ਵਰਲਡ ਕੱਪ ਦੇ ਦੂਜੇ ਮੁਕਾਬਲੇ ਤੋਂ ਪਹਿਲਾਂ ਦੋਵੇਂ ਫਿੱਟ ਹੋ ਜਾਣਗੇ। ਪਾਕਿਸਤਾਨ ਖਿਲਾਫ ਸ਼ੁੱਕਰਵਾਰ ਨੂੰ ਟੀਮ ਦੇ ਪਹਿਲੇ ਮੈਚ 'ਚ ਗੇਲ ਨੇ 33 ਗੇਂਦਾਂ 'ਚ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਟੀਮ ਨੂੰ 7 ਵਿਕਟਾਂ ਨਾਲ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਇਸ ਦੌਰਾਨ ਉਨ੍ਹਾਂ ਨੇ ਤਿੰਨ ਛੱਕੇ ਵੀ ਲਗਾਏ।
ਵਿਸ਼ਵ ਕੱਪ 'ਚ ਉਨ੍ਹਾਂ ਨੇ ਅਜੇ ਤਕ ਸਭ ਤੋਂ ਜ਼ਿਆਦਾ 40 ਛੱਕੇ ਲਗਾਏ ਹਨ। ਉਨ੍ਹਾਂ ਨੂੰ ਹਾਲਾਂਕਿ ਦੌੜਨ 'ਚ ਪਰੇਸ਼ਾਨੀ ਹੋ ਰਹੀ ਸੀ ਅਤੇ ਆਊਟ ਹੋਣ ਦੇ ਬਾਅਦ ਪਵੇਲੀਅਨ ਪਰਤਦੇ ਹੋਏ ਉਹ ਥੋੜ੍ਹਾ ਲੰਗੜਾ ਰਹੇ ਸਨ। ਹੋਲਡਰ ਨੇ ਉਮੀਦ ਜਤਾਈ ਕਿ ਇਸ ਜਿੱਤ (ਸ਼ੁੱਕਰਵਾਰ) ਅਤੇ ਆਸਟਰੇਲੀਆ ਖਿਲਾਫ ਹੋਣ ਵਾਲੇ ਮੈਚ ਵਿਚਾਲੇ ਪੰਜ ਦਿਨ ਦਾ ਸਮਾਂ ਸੱਟ ਤੋਂ ਉਭਰਨ ਲਈ ਕਾਫੀ ਹੋਵੇਗਾ। ਮੈਚ 'ਚ ਸ਼ਾਟ ਪਿੱਚ ਗੇਂਦਾਂ ਦਾ ਸ਼ਾਨਦਾਰ ਤਰੀਕੇ ਨਾਲ ਇਸਤੇਮਾਲ ਕਰ ਕੇ ਦੋ ਵਿਕਟ ਝਟਕਾਉਣ ਵਾਲੇ ਰਸੇਲ ਨੇ ਵੀ ਉਮੀਦ ਜਤਾਈ ਕਿ ਉਹ ਗੇਡੇ ਦੀ ਸੱਟ ਤੋਂ ਉਭਰ ਜਾਣਗੇ। ਉਨ੍ਹਾਂ ਕਿਹਾ, ''ਮੇਰੇ ਕੋਲ ਗੋਡੇ ਦੀ ਸੱਟ ਤੋਂ ਠੀਕ ਹੋਣ ਲਈ ਕਾਫੀ ਸਮਾਂ ਹੈ ਅਤੇ ਗੋਡਾ ਠੀਕ ਹੋ ਜਾਵੇਗਾ।''