ਜਾਪਾਨੀ ਸਟਾਰ ਓਸਾਕਾ ਓਲੰਪਿਕ ਟੈਨਿਸ ਮੁਕਾਬਲਿਆਂ 'ਚੋਂ ਬਾਹਰ

07/27/2021 3:43:36 PM

ਟੋਕੀਓ(ਭਾਸ਼ਾ)- ਜਾਪਾਨੀ ਟੈਨਿਸ ਸਟਾਰ ਨੋਓਮੀ ਓਸਾਕਾ ਮੰਗਲਵਾਰ ਨੂੰ ਤੀਜੇ ਗੇੜ ਵਿਚ ਹਾਰਨ ਤੋਂ ਬਾਅਦ ਟੋਕਿਓ ਓਲੰਪਿਕ ਤੋਂ ਬਾਹਰ ਹੋ ਗਈ। ਵਿਸ਼ਵ ਦੀ ਦੂਜੇ ਨੰਬਰ ਖਿਡਾਰੀ ਓਸਾਕਾ ਨੂੰ ਚੈੱਕ ਗਣਰਾਜ ਦੀ ਮਾਰਕੇਰਟਾ ਵੋਂਡਰੂਸੋਵਾ ਨੇ 6-1, 6-4 ਨਾਲ ਹਰਾਇਆ। ਓਸਾਕਾ ਨੇ ਇਸ ਤੋਂ ਪਹਿਲਾਂ ਕਦੇ ਵੋਂਡਰੂਸੋਵਾ ਦਾ ਸਾਹਮਣਾ ਨਹੀਂ ਕੀਤਾ ਸੀ। ਹਾਰਨ ਤੋਂ ਬਾਅਦ ਓਸਾਕਾ ਨੇ ਮੰਨਿਆ ਕਿ ਇਸ ਮੁਕਾਬਲੇ ਲਈ ਉਸ 'ਤੇ ਬਹੁਤ ਦਬਾਅ ਸੀ।

ਓਸਾਕਾ ਨੇ 23 ਜੁਲਾਈ ਨੂੰ ਉਦਘਾਟਨੀ ਸਮਾਰੋਹ ਵਿਚ ਓਲੰਪਿਕ ਦੀ ਜੋਤ ਜਗਾਈ ਸੀ। ਇਹ ਓਸਾਕਾ ਦਾ ਪਹਿਲਾ ਓਲੰਪਿਕ ਸੀ ਅਤੇ ਉਸ 'ਤੇ ਪਹਿਲੀ ਵਾਰ ਓਲੰਪਿਕ ਖੇਡਣ ਦਾ ਦਬਾਅ ਸਾਫ਼ ਨਜ਼ਰ ਆਇਆ। ਓਸਾਕਾ ਨੇ ਪਹਿਲੀ ਅਤੇ ਤੀਸਰੀ ਖੇਡ ਵਿਚ ਆਪਣੀ ਸਰਵਿਸ ਗੁਆਈ ਅਤੇ 0-4 ਨਾਲ ਪਛੜ ਗਈ। ਇਸ ਤੋਂ ਬਾਅਦ ਓਸਾਕਾ ਨੇ ਇਸ ਸੈੱਟ ਦੀ ਆਪਣੀ ਪਹਿਲੀ ਖੇਡ ਜਿੱਤੀ ਪਰ ਚੈੱਕ ਖਿਡਾਰੀ ਨੇ ਜਾਪਾਨੀ ਖਿਡਾਰੀ ਦੀ ਸਰਵਿਸ ਤੋੜ ਕੇ ਪਹਿਲਾ ਸੈੱਟ 6-1 ਨਾਲ ਆਪਣੇ ਨਾਮ ਕਰ ਲਿਆ। ਓਸਾਕਾ ਨੇ ਪਹਿਲਾ ਸੈੱਟ ਗੁਆਉਣ ਦੇ ਸਦਮੇ ਤੋਂ ਉਭਰਦੇ ਹੋਏ ਦੂਜੇ ਸੈੱਟ ਵਿਚ ਵੋਂਡਰੂਸੋਵਾ ਦੀ ਸਰਵਿਸ ਤੋੜ ਦਿੱਤੀ ਪਰ 42ਵੇਂ ਨੰਬਰ ਦੀ ਚੈੱਕ ਖਿਡਾਰੀ ਨੇ ਵਾਪਸੀ ਕਰਦੇ ਹੋਏ ਦੂਜੇ ਸੈੱਟ ਦੀ 10ਵੀਂ ਗੇਮ ਵਿਚ ਸਰਵਿਸ ਬਰੇਕ ਹਾਸਲ ਕੀਤੀ ਅਤੇ ਮੁਕਾਬਲਾ ਖ਼ਤਮ ਕਰ ਦਿੱਤਾ। ਵੌਂਡ੍ਰੋਸੋਵਾ ਨੇ ਇਸ ਜਿੱਤ ਤੋਂ ਬਾਅਦ ਇਸ ਨੂੰ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਵਿਚੋਂ ਇਕ ਦੱਸਿਆ।


cherry

Content Editor

Related News