ਜਾਪਾਨ ਦੇ ਓਲੰਪਿਕ ਖਿਡਾਰੀਆਂ ਨੂੰ ਕੋਵਿਡ-19 ਦਾ ਟੀਕਾ ਲੱਗਣਾ ਸ਼ੁਰੂ
Tuesday, Jun 01, 2021 - 05:01 PM (IST)
ਟੋਕੀਓ (ਭਾਸ਼ਾ) : ਓਲੰਪਿਕ ਵਿਚ ਹਿੱਸਾ ਲੈਣ ਵਾਲੇ ਜਾਪਾਨ ਦੇ ਖਿਡਾਰੀਆਂ ਦਾ ਮੰਗਲਵਾਰ ਨੂੰ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਸ਼ੁਰੂ ਕੀਤਾ ਗਿਆ। ਜਾਪਾਨ ਦੀ ਓਲੰਪਿਕ ਕਮੇਟੀ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਅਭਿਆਨ ਦੇ ਪਹਿਲੇ ਦਿਨ ਸਿਖਲਾਈ ਵਾਲੀਆਂ ਥਾਵਾਂ ’ਤੇ ਲੱਗਭਗ 200 ਖਿਡਾਰੀਆਂ ਨੂੰ ਟੀਕਾ ਲਗਾਇਆ ਗਿਆ। ਜਾਪਾਨ ਵਿਚ ਆਮ ਲੋਕਾਂ ਲਈ ਟੀਕਾਕਰਨ ਦੀ ਰਫ਼ਤਾਰ ਕਾਫ਼ੀ ਹੌਲੀ ਹੈ ਅਤੇ ਲੋਕਾਂ ਦੇ ਵਿਰੋਧ ਦੇ ਖਦਸ਼ਿਆਂ ਕਾਰਨ ਅਧਿਕਾਰੀਆਂ ਨੇ ਟੀਕਾ ਲਗਵਾਉਣ ਵਾਲੇ ਖਿਡਾਰੀਆਂ ਨੇ ਨਾਵਾਂ ਦਾ ਖ਼ੁਲਾਸਾ ਨਹੀਂ ਕੀਤਾ।
ਜਾਪਾਨੀ ਓਲੰਪਿਕ ਕਮੇਟੀ ਦੇ ਅਧਿਕਾਰੀ ਮਿਤਸੁਗੀ ਓਗਾਟਾ ਨੇ ਕਿਹਾ ਕਿ ਨੌਜਵਾਨ ਐਥਲੀਟਾਂ ਦੇ ਟੀਕਾਕਰਨ ਨਾਲ ਬਜ਼ੁਰਗਾਂ ਅਤੇ ਮੈਡੀਕਲ ਸਟਾਫ਼ ਸਮੇਤ ਆਮ ਆਬਾਦੀ ਵਿਚ ਇਸ ਦੀ ਵੰਡ ਪ੍ਰਭਾਵਿਤ ਨਹੀਂ ਹੋਵੇਗੀ। ਓਗਾਟਾ ਨੇ ਕਿਹਾ, ‘ਖਿਡਾਰੀਆਂ ਦਾ ਟੀਕਾਕਰਨ ਅਭਿਆਨ ਦੇਸ਼ ਵਿਚ ਚੱਲ ਰਹੇ ਅਭਿਆਨ ਤੋਂ ਵੱਖ ਹੈ।’ ਟੋਕੀਓ ਓਲੰਪਿਕ 23 ਜੁਲਾਈ ਤੋਂ ਸ਼ੁਰੂ ਹੋਣਗੇ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਕਿਹਾ ਹੈ ਕਿ ਓਲੰਪਿਕ ਵਿਚ ਹਿੱਸਾ ਲੈਣ ਲਈ ਟੀਕਾਕਰਨ ਦੀ ਜ਼ਰੂਰਤ ਨਹੀਂ ਹੈ। ਆਈ.ਓ.ਸੀ. ਨੇ ਹਾਲਾਂਕਿ ਸਾਰੇ ਐਥਲੀਟਾਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕੀਤਾ ਹੈ।