ਜਲੰਧਰ ਦੇ ਅਭਿਨਵ ਦੀ ਭਾਰਤੀ ਬੈਡਮਿੰਟਨ ਟੀਮ 'ਚ ਚੋਣ, ਜੂਨੀਅਰ ਵਰਲਡ ਚੈਂਪੀਅਨਸ਼ਿਪ 'ਚ ਲੈਣਗੇ ਹਿੱਸਾ

Wednesday, Aug 24, 2022 - 04:43 PM (IST)

ਜਲੰਧਰ ਦੇ ਅਭਿਨਵ ਦੀ ਭਾਰਤੀ ਬੈਡਮਿੰਟਨ ਟੀਮ 'ਚ ਚੋਣ, ਜੂਨੀਅਰ ਵਰਲਡ ਚੈਂਪੀਅਨਸ਼ਿਪ 'ਚ ਲੈਣਗੇ ਹਿੱਸਾ

ਜਲੰਧਰ- ਜਲੰਧਰ ਸ਼ਹਿਰ ਦੇ ਬੈਡਮਿੰਟਨ ਖਿਡਾਰੀ ਅਭਿਨਵ ਠਾਕੁਰ ਨੂੰ ਸਪੇਨ ਵਿੱਚ ਆਯੋਜਿਤ ਹੋਣ ਵਾਲੀ ਵਰਲਡ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿੱਚ ਚੁਣਿਆ ਗਿਆ ਹੈ। ਇਹ ਚੈਂਪੀਅਨਸ਼ਿਪ 24 ਤੋਂ 30 ਅਕਤੂਬਰ ਤੱਕ ਚੱਲੇਗੀ। ਖਿਡਾਰੀਆਂ ਦੀ ਚੋਣ ਲਈ ਲਈ ਰਾਏਪੁਰ ਵਿੱਚ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਟਰਾਇਲ ਕਰਵਾਏ ਗਏ, ਜਿਸ ਵਿੱਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਮੁੱਖ ਮਹਿਮਾਨ ਵਜੋਂ ਅਭਿਨਵ ਨੂੰ ਸਨਮਾਨਿਤ ਕੀਤਾ ਹੈ।

ਰੇਲਵੇ ਆਡਿਟ ਅਫਸਰ ਸੁਦਰਸ਼ਨ ਠਾਕੁਰ ਦੇ ਪੁੱਤਰ ਅਭਿਨਵ ਦੀ ਇਸ ਪੁਲਾਂਘ ਨੇ ਜਲੰਧਰ ਸ਼ਹਿਰ ਦਾ ਨਾਂ ਇਕ ਵਾਰ ਮੁੜ ਚਮਕਾ ਦਿੱਤਾ ਹੈ। ਸਾਲ 1999 ਵਿੱਚ ਛੱਤੀਸਗੜ੍ਹ ਵਿੱਚ ਆਯੋਜਿਤ ਚਾਰ ਰੋਜ਼ਾ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਜਲੰਧਰ ਸ਼ਹਿਰ ਦੇ ਸਚਿਨ ਰੱਤੀ ਭਾਰਤੀ ਟੀਮ ਦਾ ਹਿੱਸਾ ਸਨ। ਅਭਿਨਵ ਦੀ ਭੈਣ ਪਾਰੁਲ ਠਾਕੁਰ ਵੀ ਰਾਸ਼ਟਰੀ ਪੱਧਰ ਦੀ ਬੈਡਮਿੰਟਨ ਖਿਡਾਰਨ ਹੈ, ਪਿਤਾ ਸੁਦਰਸ਼ਨ ਠਾਕੁਰ ਰੇਲਵੇ ਵਿੱਚ ਆਡਿਟ ਅਫਸਰ ਹਨ ਅਤੇ ਮਾਂ ਸੀਮਾ ਠਾਕੁਰ ਦੁਆਬਾ ਖਾਲਸਾ ਮਾਡਲ ਸਕੂਲ, ਲਾਡੋਵਾਲੀ ਰੋਡ ਵਿੱਚ ਅਧਿਆਪਕਾ ਹੈ। 

ਇਹ ਵੀ ਪੜ੍ਹੋ : ਸਾਨੀਆ ਮਿਰਜ਼ਾ ਸੱਟ ਕਾਰਨ ਯੂ. ਐੱਸ. ਓਪਨ ’ਚੋਂ ਬਾਹਰ

ਅਭਿਨਵ 6 ਸਾਲਾਂ ਤੋਂ ਹੈਦਰਾਬਾਦ ਦੀ ਗੋਪੀਚੰਦ ਅਕੈਡਮੀ ਵਿੱਚ ਅਭਿਆਸ ਕਰ ਰਿਹਾ ਹੈ। 12ਵੀਂ ਪਾਸ ਅਭਿਨਵ ਨੇ ਇਸ ਸਾਲ ਪੰਜਾਬੀ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਹੈ। ਜੁਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਹੁਸ਼ਿਆਰਪੁਰ ਦੀ ਰਾਧਿਕਾ ਵੀ ਸ਼ਾਮਲ ਹੈ। ਇੰਡੀਆ ਰੈਂਕ ਦੀ ਗੱਲ ਕਰੀਏ ਤਾਂ ਅਭਿਨਵ ਅੰਡਰ-19 ਡਬਲਜ਼ ਵਿੱਚ ਪਹਿਲੇ ਅਤੇ ਅੰਡਰ-19 ਸਿੰਗਲਜ਼ ਵਿੱਚ 9ਵੇਂ ਸਥਾਨ ’ਤੇ ਹੈ ਜਦਕਿ ਸਟੇਟ ਰੈਂਕ 'ਚ ਮੈਨਸ ਸਿੰਗਲ ਅਤੇ ਡਬਲ 'ਚ ਪਹਿਲੇ ਸਥਾਨ 'ਤੇ ਹਨ।

ਅਭਿਨਵ ਦੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ

ਅਭਿਨਵ ਨੇ ਲਗਾਤਾਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ। ਉਸ ਨੇ ਇਸੇ ਸਾਲ ਅੰਡਰ-19 ਡਬਲ ਸਨਰਾਈਜ਼ ਆਲ ਇੰਡੀਆ ਜੂਨੀਅਰ ਨੈਸ਼ਨਲ ਰੈਂਕਿੰਗ ਟੂਰਨਾਮੈਂਟ ਬੈਂਗਲੁਰੂ ਵਿਚ ਗੋਲਡ, ਆਲ ਇੰਡੀਆ ਸਬ ਜੂਨੀਅਰ ਨੈਸ਼ਨਲ ਰੈਂਕਿੰਗ ਟੂਰਨਾਮੈਂਟ 2019 'ਚ ਗੋਲਡ, 2018 ਨੈਸ਼ਨਲ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ, 2018 ਆਲ ਇੰਡੀਆ ਸਬ ਜੂਨੀਅਰ ਰੈਂਕਿੰਗ ਟੂਰਨਾਮੈਂਟ ਵਿੱਚ ਗੋਲਡ, 2018, 2019, 2021, 2022 ਵਿੱਚ ਪੰਜਾਬ ਸਟੇਟ ਸੀ. ਅਤੇ ਸਬ ਜੂਨੀਅਰ ਸਟੇਟ ਚੈਂਪੀਅਨਸ਼ਿਪ ਮੁਹਾਲੀ ਵਿੱਚ ਸੋਨ ਤਮਗੇ ਜਿੱਤੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News