ਟੈਸਟ ਟੀਮ ’ਚ ਪੁਜਾਰਾ ਦੀ ਜਗ੍ਹਾ ਲੈ ਸਕਦੈ ਜਾਇਸਵਾਲ

Friday, Jun 16, 2023 - 12:30 PM (IST)

ਟੈਸਟ ਟੀਮ ’ਚ ਪੁਜਾਰਾ ਦੀ ਜਗ੍ਹਾ ਲੈ ਸਕਦੈ ਜਾਇਸਵਾਲ

ਮੁੰਬਈ (ਵਾਰਤਾ)- ਜੁਲਾਈ ਵਿਚ ਹੋਣ ਵਾਲੇ ਭਾਰਤ ਦੇ ਵੈਸਟ ਇੰਡੀਜ਼ ਦੌਰੇ ’ਤੇ ਨੌਜਵਾਨ ਕ੍ਰਿਕਟਰ ਜਾਇਸਵਾਲ ਭਾਰਤੀ ਟੈਸਟ ਟੀਮ ਵਿਚ ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦੀ ਜਗ੍ਹਾ ਲੈ ਸਕਦਾ ਹੈ। ਵੈਸਟ ਇੰਡੀਜ਼ ਦੌਰਾ 2023-25 ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਚੱਕਰ ਵਿਚ ਉਸ ਦੀ ਪਹਿਲੀ ਸੀਰੀਜ਼ ਹੋਵੇਗੀ ਪਰ ਚੋਣਕਰਤਾ ਡਬਲਯੂ. ਟੀ. ਸੀ. ਫਾਈਨਲ ਵਿਚ ਆਸਟ੍ਰੇਲੀਆ ਹੱਥੋਂ ਮਿਲੀ ਹਾਰ ਤੋਂ ਬਾਅਦ ਟੀਮ ’ਚ ਵੱਡੇ ਬਦਲਾਅ ਕਰਨ ਬਾਰੇ ਵਿਚ ਨਹੀਂ ਸੋਚ ਰਹੇ ਹਨ। ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ ਅਤੇ ਅਜਿੰਕਯ ਰਹਾਨੇ ਦਾ ਡੋਮੀਨਿਕਾ ਅਤੇ ਤ੍ਰਿਨੀਦਾਦ ਵਿਚ ਹੋਣ ਵਾਲੇ 2 ਟੈਸਟ ਮੈਚਾਂ ’ਚ ਖੇਡਣਾ ਯਕੀਨੀ ਹੈ ਪਰ ਟੀਮ ਵਿਚ ਚੇਤੇਸ਼ਵਰ ਪੁਜਾਰਾ ਦੀ ਜਗ੍ਹਾ ’ਤੇ ਇਕ ਪ੍ਰਸ਼ਨ ਚਿੰਨ੍ਹ ਹੈ। 

ਟੈਸਟ ਕ੍ਰਿਕਟ ਵਿਚ ਲੰਬੇ ਸਮੇਂ ਤੋਂ ਭਾਰਤ ਲਈ ਨੰਬਰ-3 ’ਤੇ ਬੱਲੇਬਾਜ਼ੀ ਕਰਨ ਵਾਲੇ ਪੁਜਾਰਾ ਨੇ 2020 ਤੋਂ ਬਾਅਦ ਤੋਂ 29.69 ਦੀ ਔਸਤ ਨਾਲ 52 ਪਾਰੀਆਂ (28 ਟੈਸਟ) ਵਿਚ ਸਿਰਫ ਇਕ ਸੈਂਕੜਾ ਬਣਾਇਆ ਹੈ। ਦਸੰਬਰ 2022 ਵਿਚ ਚਟਗਾਂਵ ਟੈਸਟ ਵਿਚ ਉਸ ਦੀਆਂ 90 ਅਤੇ 102 ਅਜੇਤੂ ਦੌੜਾਂ ਨੂੰ ਹਟਾਉਣ ’ਤੇ ਉਸ ਦੀ ਬੱਲੇਬਾਜ਼ੀ ਔਸਤ ਡਿੱਗ ਕੇ 26.31 ਹੋ ਜਾਂਦੀ ਹੈ। ਰਿਪੋਰਟ ਅਨੁਸਾਰ ਪੁਜਾਰਾ ਦਾ ਟੈਸਟ ਟੀਮ ਤੋਂ ਬਾਹਰ ਜਾਣਾ ਤੈਅ ਨਹੀਂ ਹੈ ਪਰ ਇੰਨਾ ਕਿਹਾ ਜਾ ਸਕਦਾ ਹੈ ਕਿ ਪਲੇਇੰਗ ਇਲੈਵਨ ਵਿਚ ਉਸ ਦੀ ਜਗ੍ਹਾ ਸਥਿਰ ਨਹੀਂ ਰਹੀ। ਜੇਕਰ ਉਸ ਨੂੰ ਵੈਸਟ ਇੰਡੀਜ਼ ਦੌਰੇ ਲਈ ਚੁਣਿਆ ਵੀ ਜਾਂਦਾ ਹੈ ਤਾਂ ਉਸ ਦਾ ਖੇਡਣਾ ਯਕੀਨੀ ਨਹੀਂ ਹੈ।

ਭਾਰਤੀ ਟੀਮ ਮੈਨੇਜਮੈਂਟ ਇਸ ਸਥਾਨ ਲਈ ਜਾਇਸਵਾਲ ਨੂੰ ਅਜ਼ਮਾ ਸਕਦੀ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਬੀ. ਸੀ. ਸੀ. ਆਈ. ਇਕ ਝਟਕੇ ਵਿਚ ਟੀਮ ਦੀ ਰੂਪ-ਰੇਖਾ ਬਦਲ ਕੇ ਕੋਈ ਐਕਪੈਰੀਮੈਂਟ ਨਹੀਂ ਕਰਨਾ ਚਾਹੁੰਦੀ ਅਤੇ ਰੋਹਿਤ ਸ਼ਰਮਾ ਖੇਡ ਦੇ ਸਭ ਤੋਂ ਲੰਮੇ ਫਾਰਮੈੱਟ ਵਿਚ ਭਾਰਤ ਦਾ ਕਪਤਾਨ ਬਣਿਆ ਰਹੇਗਾ। ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਕਿਹਾ,“ਹਰ ਟੈਸਟ ਮਹੱਤਵਪੂਰਨ ਹੈ ਅਤੇ ਇਸ ਦਾ ਨਤੀਜਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ’ਚ ਯੋਗਦਾਨ ਦਿੰਦਾ ਹੈ। ਅਸੀਂ ਟੈਸਟ ਮੈਚ ਵਿਚ ਐਕਸਪੈਰੀਮੈਂਟ ਨਹੀਂ ਕਰ ਸਕਦੇ।”

ਸ਼ੰਮੀ ਨੂੰ ਦਿੱਤਾ ਜਾ ਸਕਦੈ ਆਰਾਮ

ਟੀਮ ਵਿਚ ਪੁਜਾਰਾ ਤੋਂ ਇਲਾਵਾ ਚੋਣਕਾਰ ਮੁਹੰਮਦ ਸ਼ੰਮੀ ਨੂੰ ਆਰਾਮ ਦੇਣ ’ਤੇ ਵੀ ਵਿਚਾਰ ਕਰ ਸਕਦੇ ਹਨ। ਸ਼ੰਮੀ ਬਾਰਡਰ-ਗਾਵਸਕਰ ਟਰਾਫੀ ਤੋਂ ਬਾਅਦ ਤੋਂ ਲਗਾਤਾਰ ਗੇਂਦਬਾਜ਼ੀ ਕਰ ਰਿਹਾ ਹੈ। ਉਸ ਨੇ ਡਬਲਯੂ. ਟੀ. ਸੀ. ਫਾਈਨਲ ਤੋਂ ਪਹਿਲਾਂ 17 ਆਈ. ਪੀ. ਐੱਲ. ਮੈਚ ਵੀ ਖੇਡੇ। ਅਕਤੂਬਰ-ਨਵੰਬਰ ਵਿਚ ਭਾਰਤੀ ਜ਼ਮੀਨ ’ਤੇ ਹੋਣ ਵਾਲੇ ਵਨ-ਡੇ ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਸ਼ੰਮੀ ਨੂੰ ਵਿੰਡੀਜ਼ ਟੈਸਟ ਸੀਰੀਜ਼ ਵਿਚ ਆਰਾਮ ਦਿੱਤਾ ਜਾ ਸਕਦਾ ਹੈ। ਆਂਧਰਾ ਪ੍ਰਦੇਸ਼ ਦਾ ਵਿਕਟਕੀਪਰ ਐੱਸ. ਕੇ. ਭਰਤ ਡਬਲਯੂ. ਟੀ. ਸੀ. ਫਾਈਨਲ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾ ਕਰਨ ਦੇ ਬਾਵਜੂਦ ਟੈਸਟ ਟੀਮ ਵਿਚ ਆਪਣਾ ਸਥਾਨ ਬਰਕਰਾਰ ਰੱਖ ਸਕਦਾ ਹੈ। ਸ਼੍ਰੇਅਸ ਅਈਅਰ ਅਤੇ ਕੇ. ਐੱਲ. ਰਾਹੁਲ ਦੀ ਗੈਰ-ਮੌਜੂਦਗੀ ’ਚ ਸੰਜੂ ਸੈਮਸਨ ਵਨ-ਡੇ ਅਤੇ ਟੀ-20 ਟੀਮ ਵਿਚ ਵਾਪਸੀ ਕਰ ਸਕਦਾ ਹੈ।


author

cherry

Content Editor

Related News