ਇਟਲੀ ਦੀ ਤੁਰਕੀ ’ਤੇ ਵੱਡੀ ਜਿੱਤ ਨਾਲ ਯੂਰੋ 2020 ਦਾ ਆਗਾਜ਼
Saturday, Jun 12, 2021 - 06:28 PM (IST)
ਸਪੋਰਟਸ ਡੈਸਕ— ਇਟਲੀ ਦੀ ਰਾਸ਼ਟਰੀ ਫ਼ੁੱਟਬਾਲ ਟੀਮ ਦੀ ਤੁਰਕੀ ’ਤੇ 3-0 ਨਾਲ ਜ਼ਬਰਦਸਤ ਜਿੱਤ ਦੇ ਨਾਲ ਸ਼ੁੱਕਰਵਾਰ ਨੂੰ ਯੂਰੋ 2020 ਦਾ ਸ਼ਾਨਦਾਰ ਆਗਾਜ਼ ਹੋਇਆ। ਇਸ ਦੌਰਾਨ ਮੇਜ਼ਬਾਨ ਇਟਲੀ ਨੇ ਗੋਲ ਸਕੋਰਿੰਗ ਰਿਕਾਰਡ ਵੀ ਬਣਾਇਆ। ਤੁਰਕੀ ਦੇ ਗੋਲ ਕੀਪਰ ਉਗੁਰਕਨ ਕਾਕਿਰ ਦੀ ਜ਼ਬਰਦਸਤ ਗੋਲਕੀਪਿੰਗ ਦੀ ਬਦੌਲਤ ਦੋਵੇਂ ਟੀਮਾਂ ਵਿਚਾਲੇ ਪਹਿਲਾ ਹਾਫ਼ ਡਰਾਅ ’ਤੇ ਖ਼ਤਮ ਹੋਇਆ।
ਟੂਰਨਾਮੈਂਟ ਦਾ ਪਹਿਲਾ ਗੋਲ 53ਵੇਂ ਮਿੰਟ ’ਚ ਆਇਆ, ਜਦੋਂ ਤੁਰਕੀ ਦੇ ਡਿਫ਼ੈਂਡਰ ਮੇਰਿਹ ਡੇਮਿਰਾਲ ਨੇ ਖ਼ੁਦ ਹੀ ਆਪਣੇ ਗੋਲ ਪੋਸਟ ’ਚ ਗੋਲ ਕਰ ਦਿੱਤਾ। ਇਸ ਤੋਂ ਬਾਅਦ ਇਟਲੀ ਦੇ ਸਟ੍ਰਾਈਕਰ ਸਿਰੋ ਇਮੋਬਿਲੇ ਨੇ 66ਵੇਂ ਮਿੰਟ ’ਚ ਗੋਲ ਦਾਗ਼ ਕੇ ਆਪਣੀ ਟੀਮ ਦੀ ਬੜ੍ਹਤ ਨੂੰ ਦੁਗਣਾ ਕਰ ਦਿੱਤਾ। ਫਿਰ ਲੋਰੇਂਜੋ ਇੰਸਿਗਨੇ ਨੇ 79ਵੇਂ ਮਿੰਟ ’ਚ ਇਕ ਹੋਰ ਗੋਲ ਕਰਕੇ ਟੀਮ ਨੂੰ ਜਿੱਤ ਦਿਵਾਈ। ਇਟਲੀ ਦੀ ਰਾਜਧਾਨੀ ਰੋਮ ਦੇ ਸਟੈਡੀਓ ਓਲੰਪੀਕੋ ਸਟੇਡੀਅਮ ’ਚ 16 ਹਜ਼ਾਰ ਪ੍ਰਸ਼ੰਸਕਾਂ ਦੀ ਮੌਜੂਦਗੀ ’ਚ ਹੋਇਆ ਇਹ ਮੈਚ ਯੂਰੋ ਕੱਪ ’ਚ ਇਟਲੀ ਦਾ ਸਰਵਉੱਚ ਸਕੋਰਿੰਗ ਮੈਚ ਬਣ ਗਿਆ।