ਵੀਰੂ ਦੀ ਉਪਲੱਬਧੀ ਦਾ ਅੱਧਾ ਵੀ ਹਾਸਲ ਕਰ ਲਿਆ ਤਾਂ ਬਹੁਤ ਖੁਸ਼ੀ ਹੋਵੇਗੀ : ਮਯੰਕ
Friday, Jan 11, 2019 - 02:23 AM (IST)
ਨਵੀਂ ਦਿੱਲੀ- ਆਸਟਰੇਲੀਆ ਵਿਚ 'ਸੁਨਹਿਰੇ ਡੈਬਿਊ' ਤੋਂ ਬਾਅਦ ਵਰਿੰਦਰ ਸਹਿਵਾਗ ਨਾਲ ਤੁਲਨਾ ਤੋਂ ਉਤਸ਼ਾਹਿਤ ਮਯੰਕ ਅਗਰਵਾਲ ਨੇ ਕਿਹਾ ਕਿ ਜੇਕਰ ਉਹ ਇਸ ਸਾਬਕਾ ਸਲਾਮੀ ਬੱਲੇਬਾਜ਼ ਦੇ ਚਮਕਦਾਰ ਕਰੀਅਰ ਦਾ ਅੱਧਾ ਵੀ ਹਾਸਲ ਕਰ ਲਵੇਗਾ ਤਾਂ ਉਸ ਨੂੰ ਖੁਸ਼ੀ ਹੋਵੇਗੀ। ਸਾਬਕਾ ਭਾਰਤੀ ਬੱਲੇਬਾਜ਼ ਸੰਜੇ ਮਾਂਜੇਰਕਰ ਤੇ ਉਸਦੇ ਨਿੱਜੀ ਕੋਚ ਇਰਫਾਨ ਸੈਤ ਨੂੰ ਲੱਗਦਾ ਹੈ ਕਿ ਅਗਰਵਾਲ ਵਿਚ 'ਸਹਿਵਾਗ ਦੀ ਥੋੜ੍ਹੀ ਝਲਕ' ਦਿਸਦੀ ਹੈ, ਜਿਸ ਦੇ ਖੇਡਣ ਦੀ ਸ਼ੈਲੀ ਸਹਿਵਾਗ ਦੀ ਹਮਲਾਵਰ ਸ਼ੈਲੀ ਦੀ ਤਰ੍ਹਾਂ ਦਿਸਦੀ ਹੈ।

ਕਰਨਾਟਕ ਦੇ ਇਸ ਬੱਲੇਬਾਜ਼ ਨੇ ਵਤਨ ਪਰਤਣ ਤੋਂ ਬਾਅਦ ਕਿਹਾ, ''ਈਮਾਨਦਾਰੀ ਨਾਲ ਕਹਾਂ, ਮੈਂ ਤੁਲਨਾ ਦਾ ਪ੍ਰਸ਼ੰਸਕ ਨਹੀਂ ਹਾਂ ਪਰ ਉਹ (ਸਹਿਵਾਗ) ਭਾਰਤੀ ਕ੍ਰਿਕਟ ਵਿਚ ਮਹਾਨ ਖਿਡਾਰੀਆਂ ਵਿਚੋਂ ਇਕ ਹੈ। ਮੈਂ ਸਿਰਫ ਕ੍ਰੀਜ਼ 'ਤੇ ਜਾ ਕੇ ਆਪਣਾ ਸਰਵਸ੍ਰੇਸ਼ਠ ਦੇਣਾ ਚਾਹੁੰਦਾ ਹਾਂ ਤੇ ਦੇਖਣਾ ਚਾਹੁੰਦਾ ਹਾਂ ਕਿ ਇਸ ਵਿਚ ਕਿੰਨਾ ਚੰਗਾ ਹੋ ਸਕਦਾ ਹੈ। ਇੰਝ ਕਹਿਣ ਦਾ ਮੇਰਾ ਮਤਲਬ ਹੈ ਕਿ ਉਸ ਨੇ (ਸਹਿਵਾਗ ਨੇ ) ਜੋ ਕੀਤਾ ਹੈ, ਜੇਕਰ ਮੈਂ ਉਸਦਾ ਅੱਧਾ ਵੀ ਹਾਸਲ ਕਰ ਲਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ।''
