ਜਾਣੋ, B''day Boy ਇਸ਼ਾਂਤ ਸ਼ਰਮਾ ਦੇ ਕ੍ਰਿਕਟ ਕਰੀਅਰ ਬਾਰੇ ਕੁਝ ਖਾਸ ਗੱਲਾਂ
Sunday, Sep 02, 2018 - 12:58 PM (IST)

ਨਵੀਂ ਦਿੱਲੀ— ਟੀਮ ਇੰਡੀਆ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦਾ ਅੱਜ ਅਰਥਾਤ 2 ਸਤੰਬਰ ਨੂੰ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 2 ਸਤੰਬਰ 1988 'ਚ ਦਿੱਲੀ 'ਚ ਹੋਇਆ। ਘੱਟ ਉਮਰ 'ਚ ਹੀ ਇਨ੍ਹਾਂ ਨੇ ਕ੍ਰਿਕਟ ਕਰੀਅਰ 'ਚ ਆਪਣੇ ਨੂੰ ਸਥਾਪਤ ਕਰ ਲਿਆ ਅਤੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਉਹ ਆਪਣੀ ਤੇਜ਼ ਗੇਂਦਬਾਜ਼ੀ ਦੇ ਨਾਲ-ਨਾਲ ਆਪਣੇ ਲੰਬੇ ਵਾਲਾਂ ਦੀ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੇ ਹਨ।
ਇਸ਼ਾਂਤ ਦੇ ਕ੍ਰਿਕਟ ਕਰੀਅਰ ਨਾਲ ਜੁੜੀਆਂ ਕੁਝ ਖਾਸ ਗੱਲਾਂ
ਇਸ਼ਾਂਤ ਦੇ ਕ੍ਰਿਕਟ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਪਹਿਲੀ ਵਾਰ ਦਿੱਲੀ ਰਣਜੀ ਲਈ ਗੇਂਦਬਾਜ਼ੀ ਕੀਤੀ। 2006 'ਚ ਅੰਡਰ-19 ਟੀਮ ਦੇ ਨਾਲ ਉਨ੍ਹਾਂ ਨੇ ਇੰਗਲੈਂਡ ਟੂਰ ਕੀਤਾ। ਉਸ ਤੋਂ ਤੁਰੰਤ ਬਾਅਦ ਉਹ ਪਾਕਿਸਤਾਨੀ ਦੌਰੇ 'ਤੇ ਵੀ ਗਏ। ਇਨ੍ਹਾਂ ਦੋਹਾਂ ਟੂਰਨਾਮੈਂਟਾਂ 'ਚ ਉਨ੍ਹਾਂ ਚੰਗਾ ਪ੍ਰਦਰਸ਼ਨ ਕੀਤਾ। ਸਾਲ 2008 'ਚ ਹੀ ਆਸਟਰੇਲੀਆਈ ਟੀਮ ਜਦੋਂ ਟੈਸਟ ਮੈਚ ਖੇਡਣ ਭਾਰਤ ਆਈ ਤਾਂ ਇਸ਼ਾਂਤ ਫਿਰ ਆਪਣੇ ਪ੍ਰਦਰਸ਼ਨ ਨਾਲ ਛਾਏ ਰਹੇ। ਦੋ ਟੈਸਟ ਮੈਚਾਂ 'ਚ ਉਨ੍ਹਾਂ ਸਭ ਤੋਂ ਜ਼ਿਆਦਾ 16 ਵਿਕਟਾਂ ਝਟਕੀਆਂ ਅਤੇ ਮੈਨ ਆਫ ਦਿ ਸੀਰੀਜ਼ ਚੁਣੇ ਗਏ।
ਇਸ ਤੋਂ ਬਾਅਦ ਉਨ੍ਹਾਂ ਆਈ.ਪੀ.ਐੱਲ. 'ਚ ਵੀ ਹੱਥ ਆਜ਼ਮਾਇਆ। ਆਈ.ਪੀ.ਐੱਲ. 'ਚ ਕੋਲਕਾਤਾ ਨਾਈਟਰਾਈਡਰਜ਼ ਦੀ ਟੀਮ ਨੇ ਇਸ਼ਾਂਤ ਨੂੰ ਸਭ ਤੋਂ ਜ਼ਿਆਦਾ ਕੀਮਤ 'ਤੇ ਖਰੀਦਿਆ। 2011 'ਚ ਇਸ਼ਾਂਤ ਨੇ 100 ਟੈਸਟ ਵਿਕਟ ਪੂਰੇ ਕਰਨ ਵਾਲੇ 5ਵੇਂ ਸਭ ਤੋਂ ਯੁਵਾ ਗੇਂਦਬਾਜ਼ ਹੋਣ ਦਾ ਵਰਲਡ ਰਿਕਾਰਡ ਬਣਾਇਆ।
28 ਜੂਨ 2011 ਨੂੰ ਇਸ਼ਾਂਤ ਸ਼ਰਮਾ ਨੇ ਟੈਸਟ ਕਰੀਅਰ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਵੈਸਟ ਇੰਡੀਜ਼ ਦੇ ਖਿਲਾਫ ਬ੍ਰਿਜਟਾਊਨ ਟੈਸਟ ਦੀ ਪਹਿਲੀ ਪਾਰੀ 'ਚ ਉਨ੍ਹਾਂ ਨੇ 55 ਦੌੜਾਂ ਦੇ ਕੇ 6 ਬੱਲੇਬਾਜ਼ਾਂ ਨੂੰ ਆਊਟ ਕੀਤਾ। ਦੂਜੀ ਪਾਰੀ 'ਚ ਵੀ ਉਹ ਹਾਵੀ ਰਹੇ ਅਤੇ 53 ਦੌੜਾਂ ਖਰਚ ਕੇ 4 ਬੱਲੇਬਾਜ਼ਾਂ ਨੂੰ ਆਊਟ ਕੀਤਾ। ਵਨਡੇ ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਇਸ਼ਾਂਤ ਵਿਕਟ ਦੇ ਸੈਂਕੜੇ ਤੋਂ 6 ਕਦਮ ਦੂਰ ਹਨ। 65 ਮੈਚਾਂ 'ਚ 94 ਵਿਕਟਾਂ ਲੈ ਚੁੱਕੇ ਇਸ਼ਾਂਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 38 ਦੌੜਾਂ ਦੇ ਕੇ 4 ਵਿਕਟਾਂ ਲੈਣ ਦਾ ਰਿਹਾ ਹੈ।