ਸਿਰਾਜ ਦੇ ਬਦਲ ਦੇ ਰੂਪ ’ਚ ਉਮੇਸ਼ ’ਤੇ ਇਸ਼ਾਂਤ ਦਾ ਤਜਰਬਾ ਭਾਰੀ
Sunday, Jan 09, 2022 - 02:56 PM (IST)
ਨਵੀਂ ਦਿੱਲੀ–ਭਾਰਤੀ ਟੀਮ ਮੈਨੇਜਮੈਂਟ ਦੱਖਣੀ ਅਫਰੀਕਾ ਵਿਰੁੱਧ ਲੜੀ ਦੇ ਫੈਸਲਾਕੁੰਨ ਤੇ ਆਖ਼ਰੀ ਟੈਸਟ ਮੈਚ ਲਈ ਜਦੋਂ ਮੈਦਾਨ ’ਤੇ ਟੀਮ ਉਤਾਰੇਗੀ ਤਾਂ ਜ਼ਖ਼ਮੀ ਮੁਹੰਮਦ ਸਿਰਾਜ ਦੀ ਜਗ੍ਹਾ ਲਈ ਇਸ਼ਾਂਤ ਸ਼ਰਮਾ ਦਾ ਤਜਰਬਾ ਉਮੇਸ਼ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਸਮਰੱਥਾ ’ਤੇ ਭਾਰੀ ਪੈ ਸਕਦਾ ਹੈ। ਦੂਜੇ ਟੈਸਟ ਦੇ ਪਹਿਲੇ ਦਿਨ ਗੇਂਦਬਾਜ਼ੀ ਦੌਰਾਨ ਸਿਰਾਜ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਗਿਆ ਸੀ, ਜਿਸ ਦੇ ਕਾਰਨ ਉਹ ਪੂਰੇ ਮੈਚ ਦੌਰਾਨ ਸਿਰਫ 15.5 ਓਵਰ ਹੀ ਗੇਂਦਬਾਜ਼ੀ ਕਰ ਸਕਿਆ ਸੀ।
ਇਹ ਵੀ ਪੜ੍ਹੋ : ਮਯੰਕ ਆਈ. ਸੀ. ਸੀ. ਦੇ ‘ਮੰਥ ਆਫ਼ ਦਿ ਪਲੇਅਰ’ ਐਵਾਰਡ ਲਈ ਨਾਮਜ਼ਦ
ਕੋਚ ਰਾਹੁਲ ਦ੍ਰਾਵਿੜ ਨੇ ਸਵੀਕਾਰ ਕੀਤਾ ਸੀ ਕਿ ਉਸਦੀ ਸੱਟ ਨੇ ਚੌਥੀ ਪਾਰੀ ਵਿਚ 240 ਦੌੜਾਂ ਦਾ ਬਚਾਅ ਕਰਦੇ ਹੋਏ ਟੀਮ ਦੀ ਰਣਨੀਤੀ ’ਤੇ ਅਸਰ ਪਾਇਆ ਸੀ। ਭਾਰਤੀ ਟੀਮ 11 ਜਨਵਰੀ ਨੂੰ ਨਿਊਲੈਂਡਸ ਵਿਚ ਖੇਡੇ ਜਾਣ ਵਾਲੇ ਤੀਜੇ ਟੈਸਟ ਮੈਚ ਲਈ ਜਦੋਂ ਮੈਦਾਨ ਵਿਚ ਉਤਰੇਗੀ ਤਾਂ ਉਸਦੇ ਕੋਲ ਸਿਰਾਜ ਦੇ ਬਦਲ ਦੇ ਰੂਪ ਵਿਚ ਦੋ ਤਜਰਬੇਕਾਰ ਗੇਂਦਬਾਜ਼ ਮੌਜੂਦ ਹੋਣਗੇ। ਇਨ੍ਹਾਂ ਵਿਚੋਂ 33 ਸਾਲਾ ਇਸ਼ਾਂਤ ਸਰਵਸ੍ਰੇਸ਼ਠ ਲੈਅ ਵਿਚ ਨਹੀਂ ਹੈ ਪਰ ਉਸ ਨੂੰ 100 ਤੋਂ ਵੱਧ ਟੈਸਟ ਮੈਚਾਂ ਦਾ ਤਜਰਬਾ ਹੈ।
ਦੂਜਾ ਬਦਲ 34 ਸਾਲਾ ਉਮੇਸ਼ ਦਾ ਹੈ, ਜਿਸ ਦੇ ਨਾਂ 51 ਟੈਸਟ ਹਨ ਤੇ ਹਾਲ ਹੀ ਦੇ ਦਿਨਾਂ ਵਿਚ ਉਸਦਾ ਪ੍ਰਦਰਸ਼ਨ ਇਸ਼ਾਂਤ ਤੋਂ ਬਿਹਤਰ ਰਿਹਾ ਹੈ ਪਰ ਉਮਰ ਵਧਣ ਦੇ ਨਾਲ ਉਸਦੀ ਗਤੀ ਵਿਚ ਗਿਰਾਵਟ ਆਈ ਹੈ। ਅਗਲੇ ਮੈਚ ਵਿਚ ਉਮੀਦ ਹੈ ਕਿ ਕਪਤਾਨ ਵਿਰਾਟ ਕੋਹਲੀ ਸੱਟ ਤੋਂ ਵਾਪਸੀ ਕਰੇਗਾ। ਇਸ ਗੱਲ ਦੀ ਸੰਭਾਵਨਾ ਵਧੇਰੇ ਹੈ ਕਿ ਉਹ ਤੇ ਕੋਚ ਦ੍ਰਾਵਿੜ ਦਿੱਲੀ ਦੇ ਤੇਜ਼ ਗੇਂਦਬਾਜ਼ ਨੂੰ ਉਮੇਸ਼ ’ਤੇ ਤਰਜੀਹ ਦੇਣਗੇ। ਇਸਦਾ ਸਭ ਤੋਂ ਵੱਡਾ ਕਾਰਨ ਇਹ ਹੋ ਸਕਦਾ ਹੈ ਕਿ ਇਸ਼ਾਂਤ ਦਾ ਕੱਦ ਛੇ ਫੁੱਟ ਤਿੰਨ ਇੰਚ ਹੈ ਤੇ ਉਸਦੀ ਲੰਬਾਈ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰ ਸਕਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।