ਪਹਿਲੇ ਟੈਸਟ ਮੈਚ ਵਿਚ ਮੈਦਾਨ ''ਤੇ ਉਤਰ ਸਕਦੇ ਹਨ ਇਸ਼ਾਂਤ ਅਤੇ ਪ੍ਰਿਥਵੀ
Wednesday, Feb 19, 2020 - 07:18 PM (IST)

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸੰਕੇਤ ਦਿੱਤੇ ਹਨ ਕਿ ਸੀਨੀਅਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਪਹਿਲੇ ਟੈਸਟ ਮੈਚ ਵਿਚ ਅੰਤਿਮ ਇਲੈਵਨ ਵਿਚ ਸ਼ਾਮਿਲ ਹੋ ਸਕਦੇ ਹਨ। ਬੁੱਧਵਾਰ ਨੂੰ ਹੋਏ ਨੈੱਟ ਅਭਿਆਸ 'ਤੇ ਗੌਰ ਕਰੀਏ ਤਾਂ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਵਿਚ ਰਿੱਧੀਮਾਨ ਸਾਹਾ ਟੀਮ ਵਿਚ ਵਿਕਟਕੀਪਰ ਦੇ ਰੂਪ ਵਿਚ ਰਿਸ਼ਭ ਪੰਤ ਦੀ ਜਗ੍ਹਾ ਲੈ ਸਕਦਾ ਹੈ। ਜਸਪ੍ਰੀਤ ਬੁਮਹਾਰ, ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਟੀਮ ਵਿਚ 3 ਮਾਹਰ ਤੇਜ਼ ਗੇਂਦਬਾਜ਼ ਹੋ ਸਕਦੇ ਹਨ। ਜਦਕਿ 6ਵੇਂ ਸਥਾਨ ਦੇ ਬੱਲੇਬਾਜ਼ ਹਨੁਮਾ ਵਿਹਾਰੀ 5ਵੇਂ ਗੇਂਦਬਾਜ਼ ਦੀ ਭੂਮਿਕਾ ਨਿਭਾਅ ਸਕਦਾ ਹੈ। ਰਵੀਚੰਦਰਨ ਅਸ਼ਵਿਨ ਇਕੱਲਾ ਮਾਹਰ ਫਿਰਕੀ ਗੇਂਦਬਾਜ਼ ਹੋ ਸਕਦਾ ਹੈ ਜਦਕਿ ਰਵਿੰਦਰ ਜਡੇਜਾ ਦੇ ਹਰਫਨਮੌਲਾ ਪ੍ਰਦਰਸ਼ਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।