ਭਾਰਤ-ਸ਼੍ਰੀਲੰਕਾ ਸੀਰੀਜ਼ 'ਚ ਘੱਟ ਦਰਸ਼ਕਾਂ ਦੇ ਪੁੱਜਣ 'ਤੇ ਯੁਵਰਾਜ ਨੇ ਪੁੱਛਿਆ- 'ਕੀ ਵਨਡੇ ਕ੍ਰਿਕਟ ਖ਼ਤਮ ਹੋ ਰਿਹੈ'?
Monday, Jan 16, 2023 - 12:21 PM (IST)

ਤਿਰੂਵਨੰਤਪੁਰਮ (ਭਾਸ਼ਾ)- ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਐਤਵਾਰ ਨੂੰ ਇੱਥੇ ਖੇਡੇ ਗਏ ਤੀਜੇ ਅਤੇ ਆਖ਼ਰੀ ਵਨਡੇ ਵਿੱਚ ਦਰਸ਼ਕਾਂ ਦੀ ਘੱਟ ਸੰਖਿਆ ਨੇ 50 ਓਵਰਾਂ ਦੇ ਫਾਰਮੈਟ ਦੀ ਪ੍ਰਸੰਗਿਕਤਾ ਉੱਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਅਤੇ ਸਾਬਕਾ ਸਟਾਰ ਯੁਵਰਾਜ ਸਿੰਘ ਨੇ ਵੀ ਇਸ ਉੱਤੇ ਚਿੰਤਾ ਜ਼ਾਹਰ ਕੀਤੀ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਤੀਜੇ ਅਤੇ ਆਖ਼ਰੀ ਵਨਡੇ ਮੈਚ ਵਿਚ ਸ਼੍ਰੀਲੰਕਾ ਨੂੰ 317 ਦੌੜਾਂ ਨਾਲ ਹਰਾ ਕੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਅਤੇ ਨਾਲ ਹੀ 3 ਮੈਚਾਂ ਦੀ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕਰ ਲਿਆ।
ਭਾਰਤ ਨੇ ਇਸ ਸਾਲ ਦੇ ਅੰਤ ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਹੈ ਅਤੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੀ ਗੈਰ-ਮੌਜੂਦਗੀ ਦੇਖਣ ਵਿਚ ਚੰਗੀ ਨਹੀਂ ਲੱਗੀ। ਭਾਰਤ ਦੀ 2011 ਵਿਸ਼ਵ ਕੱਪ ਜੇਤੂ ਟੀਮ ਦੇ ਹੀਰੋ ਯੁਵਰਾਜ ਨੇ ਟਵਿੱਟਰ 'ਤੇ ਉਦੋਂ ਪੁੱਛਿਆ ਜਦੋਂ ਸ਼ੁਭਮਨ ਗਿੱਲ, ਵਿਰਾਟ ਕੋਹਲੀ (ਅਜੇਤੂ 166) ਦੇ ਨਾਲ ਆਪਣਾ ਸੈਂਕੜਾ ਪੂਰਾ ਕਰ ਚੁੱਕੇ ਸਨ। ਉਨ੍ਹਾਂ ਕਿਹਾ, “ਪਰ ਮੈਨੂੰ ਚਿੰਤਾ ਇਸ ਗੱਲ ਦੀ ਹੈ ਕਿ ਅੱਧਾ ਸਟੇਡੀਅਮ ਖਾਲੀ ਹੈ? ਕੀ ਵਨਡੇ ਕ੍ਰਿਕਟ ਖ਼ਤਮ ਹੋ ਰਿਹਾ ਹੈ?
ਜਦੋਂ ਕਿ ਇਸ ਤੋਂ ਪਹਿਲਾਂ ਇੱਕਮਾਤਰ ਵਨਡੇ - 2018 ਵਿੱਚ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਮੀਂਹ ਪ੍ਰਭਾਵਿਤ ਮੈਚ ਦੌਰਾਨ ਸਟੇਡੀਅਮ ਦਰਸ਼ਕਾਂ ਨਾਲ ਭਰਿਆ ਹੋਇਆ ਸੀ, ਪਰ ਐਤਵਾਰ ਨੂੰ ਸਥਾਨਕ ਪ੍ਰਸ਼ੰਸਕਾਂ ਦੇ ਘੱਟ ਪਹੁੰਚਣ ਕਾਰਨ ਇਹ ਖਾਲ੍ਹੀ ਲੱਗ ਰਿਹਾ ਸੀ। ਐਤਵਾਰ ਨੂੰ ਮੈਚ ਦੇਖਣ ਸਿਰਫ਼ 20,000 ਦਰਸ਼ਕ ਪਹੁੰਚੇ, ਜਦੋਂ ਕਿ ਇਸ ਦੀ ਸਮਰੱਥਾ 38,000 ਦਰਸ਼ਕਾਂ ਦੀ ਹੈ।