ਪਹਿਲੇ ਦਿਨ ਦੀ ਖੇਡ ਖਤਮ, ਆਇਰਲੈਂਡ ਨੂੰ ਮਿਲੀ ਇੰਗਲੈਂਡ ''ਤੇ 122 ਦੌੜਾਂ ਦੀ ਬੜ੍ਹਤ
Thursday, Jul 25, 2019 - 04:18 AM (IST)

ਲਾਰਡਸ—ਇੰਗਲੈਂਡ ਤੇ ਆਇਰਲੈਂਡ ਵਿਚਾਲੇ ਇਕਲੌਤਾ ਟੈਸਟ ਮੈਚ ਲੰਡਨ 'ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਵਿਸ਼ਵ ਚੈਂਪੀਅਨ ਇੰਗਲੈਂਡ ਨੂੰ ਬੁੱਧਵਾਰ ਕਰਾਰਾ ਝੱਟਕਾ ਲੱਗਿਆ ਜਦੋਂ ਆਇਰਲੈਂਡ ਨੇ ਇਕੋ-ਇਕ ਟੈਸਟ ਦੇ ਪਹਿਲੇ ਦਿਨ 23.4 ਓਵਰਾਂ ਵਿਚ ਸਿਰਫ 85 ਦੌੜਾਂ 'ਤੇ ਢੇਰ ਕਰ ਦਿੱਤਾ। ਜਵਾਬ 'ਚ ਆਇਰਲੈਂਡ ਨੇ ਆਪਣੀ ਪਹਿਲੀ ਪਾਰੀ 'ਚ 207 ਦੌੜਾਂ ਬਣਾਈਆਂ। ਇੰਗਲੈਂਡ ਨੇ ਦੂਜੀ ਪਾਰੀ 'ਚ 1 ਓਵਰ 'ਚ ਕੋਈ ਵੀ ਦੌੜ ਨਹੀਂ ਬਣਾਈ ਤੇ ਪਹਿਲੇ ਦਿਨ ਦੀ ਖੇਡ ਖਤਮ ਹੋ ਗਈ।
ਆਇਰਲੈਂਡ ਟੀਮ ਵਲੋਂ ਟਿਮ ਮੁਤਰਾਗ ਨੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 9 ਓਵਰਾਂ ਵਿਚ ਸਿਰਫ 13 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਮਾਰਕ ਏਡੇਅਰ ਨੇ 32 ਦੌੜਾਂ 'ਤੇ 3 ਵਿਕਟਾਂ ਅਤੇ ਬਾਏਡ ਰੈਨਕਿਨ ਨੇ 5 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।
ਇੰਗਲੈਂਡ ਵਲੋਂ 3 ਹੀ ਬੱਲੇਬਾਜ਼ ਦਹਾਈ ਦਾ ਅੰਕੜਾ ਪਾਰ ਕਰ ਸਕੇ। ਜੌ ਡੇਨਲੀ ਨੇ 28 ਗੇਂਦਾਂ ਵਿਚ 4 ਚੌਕਿਆਂ ਦੀ ਮਦਦ ਨਾਲ 23 ਦੌੜਾਂ, 8ਵੇਂ ਨੰਬਰ ਦੇ ਬੱਲੇਬਾਜ਼ ਸੈਮ ਕਰੇਨ ਨੇ 16 ਗੇਂਦਾਂ ਵਿਚ 2 ਚੌਕਿਆਂ ਦੇ ਸਹਾਰੇ 18 ਦੌੜਾਂ ਅਤੇ 10ਵੇਂ ਨੰਬਰ ਦੇ ਬੱਲੇਬਾਜ਼ ਔਲੀ ਸਟੋਨ ਨੇ 18 ਗੇਂਦਾਂ ਵਿਚ 4 ਚੌਕਿਆਂ ਦੀ ਮਦਦ ਨਾਲ 19 ਦੌੜਾਂ ਬਣਾਈਆਂ। ਇੰਗਲੈਂਡ ਦੇ 3 ਬੱਲੇਬਾਜ਼ ਜਾਨੀ ਬੇਅਰਸਟੋ, ਮੋਇਨ ਅਲੀ ਅਤੇ ਕ੍ਰਿਸ ਵੋਕਸ ਆਪਣਾ ਖਾਤਾ ਨਹੀਂ ਖੋਲ੍ਹ ਸਕੇ, ਜਦਕਿ ਜੈਸਨ ਰਾਏ 5 ਅਤੇ ਕਪਤਾਨ ਜੋ ਰੂਟ 2 ਦੌੜਾਂ ਹੀ ਬਣਾ ਸਕਿਆ। ਇੰਗਲੈਂਡ ਦੀ ਪਾਰੀ ਲੰਚ ਦੇ ਅੰਦਰ ਢੇਰ ਹੋ ਗਈ। ਇਸ ਤਰ੍ਹਾਂ ਕ੍ਰਿਕਟ ਇਤਿਹਾਸ ਵਿਚ ਇਹ 5ਵੀਂ ਸਭ ਤੋਂ ਛੋਟੀ ਪਾਰੀ ਰਹੀ, ਜਿਸ ਨੇ ਵਿਸ਼ਵ ਚੈਂਪੀਅਨ ਨੂੰ ਸ਼ਰਮਸਾਰ ਕਰ ਦਿੱਤਾ।