ਟਿਕਟ ਦੀ ਕੀਮਤ ਇੰਨੀ ਕਿ ਆ ਜਾਵੇ ਨਵੀਂ SUV ਕਾਰ : FIFA WC ਦੇ ਫਾਈਨਲ ਨੇ ਮਚਾਈ ਹਾਹਾਕਾਰ!
Thursday, Apr 02, 2026 - 01:47 PM (IST)
ਜਿਊਰਿਖ : ਫੁੱਟਬਾਲ ਪ੍ਰੇਮੀਆਂ ਦੀ ਜੇਬ੍ਹ ਹੁਣ ਹੋਰ ਢਿੱਲੀ ਹੋਣ ਵਾਲੀ ਹੈ। ਫੀਫਾ ਨੇ 11 ਜੂਨ ਤੋਂ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਹੋਣ ਵਾਲੇ ਵਿਸ਼ਵ ਕੱਪ ਟੂਰਨਾਮੈਂਟ ਦੇ ਫਾਈਨਲ ਮੈਚ ਲਈ ਟਿਕਟਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। 48 ਟੀਮਾਂ ਦੇ ਨਾਂ ਤੈਅ ਹੋਣ ਤੋਂ ਬਾਅਦ, ਹੁਣ ਫਾਈਨਲ ਦੀ ਸਭ ਤੋਂ ਮਹਿੰਗੀ ਟਿਕਟ 10,990 ਅਮਰੀਕੀ ਡਾਲਰ (ਲਗਭਗ 10.24 ਲੱਖ ਰੁਪਏ) ਤੱਕ ਜਾ ਪਹੁੰਚੀ ਹੈ।
ਕੀਮਤਾਂ ਵਿੱਚ ਹੋਇਆ ਭਾਰੀ ਉਛਾਲ
ਦਸੰਬਰ ਵਿੱਚ ਜਦੋਂ ਟੂਰਨਾਮੈਂਟ ਦਾ ਡਰਾਅ ਕੱਢਿਆ ਗਿਆ ਸੀ, ਉਦੋਂ ਪਹਿਲੀ ਸ਼੍ਰੇਣੀ (Category 1) ਦੀ ਟਿਕਟ ਦੀ ਕੀਮਤ 8,680 ਡਾਲਰ ਸੀ। ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ਵਿੱਚ 19 ਜੁਲਾਈ ਨੂੰ ਹੋਣ ਵਾਲੇ ਫਾਈਨਲ ਲਈ ਵੱਖ-ਵੱਖ ਸ਼੍ਰੇਣੀਆਂ ਦੇ ਨਵੇਂ ਰੇਟ ਹੇਠ ਲਿਖੇ ਅਨੁਸਾਰ ਹਨ:
ਸ਼੍ਰੇਣੀ 1 (Category 1): ਹੁਣ 10,990 ਡਾਲਰ (ਲਗਭਗ 10,24,500) ਰੁਪਏ। ਪਹਿਲਾਂ ਇਹ ਕੀਮਤ 8,680 ਡਾਲਰ ਸੀ।
ਸ਼੍ਰੇਣੀ 2 (Category 2): ਹੁਣ 7,380 ਡਾਲਰ (ਲਗਭਗ 6,88,000) ਰੁਪਏ। ਪਹਿਲਾਂ ਇਹ ਕੀਮਤ 5,575 ਡਾਲਰ ਸੀ।
ਸ਼੍ਰੇਣੀ 3 (Category 3): ਹੁਣ 5,785 ਡਾਲਰ (ਲਗਭਗ 5,39,300 ਰੁਪਏ)। ਇਸ ਵਿੱਚ ਪਹਿਲਾਂ ਨਾਲੋਂ 4,185 ਡਾਲਰ ਦਾ ਵੱਡਾ ਵਾਧਾ ਹੋਇਆ ਹੈ।
'ਡਾਇਨਾਮਿਕ ਪ੍ਰਾਈਸਿੰਗ' ਦਾ ਅਸਰ
ਫੀਫਾ ਇਸ ਵਾਰ 'ਗਤੀਸ਼ੀਲ ਮੁੱਲ ਨਿਰਧਾਰਨ' (Dynamic Pricing) ਤਕਨੀਕ ਦੀ ਵਰਤੋਂ ਕਰ ਰਿਹਾ ਹੈ। ਇਸਦਾ ਮਤਲਬ ਹੈ ਕਿ ਜਿਵੇਂ-ਜਿਵੇਂ ਟਿਕਟਾਂ ਦੀ ਮੰਗ ਵਧ ਰਹੀ ਹੈ, ਕੀਮਤਾਂ ਆਪਣੇ ਆਪ ਉੱਪਰ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ, ਬੁੱਧਵਾਰ ਰਾਤ ਤੱਕ ਗਰੁੱਪ ਪੜਾਅ ਦੇ 72 ਵਿੱਚੋਂ ਸਿਰਫ਼ 17 ਮੈਚਾਂ ਦੀਆਂ ਟਿਕਟਾਂ ਹੀ ਬਚੀਆਂ ਸਨ, ਜਦੋਂ ਕਿ ਨਾਕਆਊਟ ਪੜਾਅ ਦੀਆਂ ਸਾਰੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ।
ਤਿੰਨ ਦੇਸ਼ਾਂ ਦੇ 16 ਸ਼ਹਿਰਾਂ 'ਚ ਹੋਣਗੇ ਮੁਕਾਬਲੇ
ਇਹ ਮਹਾਂ-ਕੁੰਭ ਅਮਰੀਕਾ ਦੇ 11, ਮੈਕਸੀਕੋ ਦੇ 3 ਅਤੇ ਕੈਨੇਡਾ ਦੇ 2 ਸ਼ਹਿਰਾਂ ਵਿੱਚ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਸਿਖਰਲਾ ਯਾਨੀ ਕਿ ਫਾਈਨਲ ਮੁਕਾਬਲਾ ਨਿਊ ਜਰਸੀ ਦੇ ਈਸਟ ਰਦਰਫੋਰਡ ਸਥਿਤ ਮੈਟਲਾਈਫ ਸਟੇਡੀਅਮ ਵਿੱਚ ਹੋਵੇਗਾ। ਭਾਰੀ ਕੀਮਤਾਂ ਦੇ ਬਾਵਜੂਦ ਦੁਨੀਆ ਭਰ ਦੇ ਫੁੱਟਬਾਲ ਪ੍ਰਸ਼ੰਸਕਾਂ ਵਿੱਚ ਟਿਕਟਾਂ ਨੂੰ ਲੈ ਕੇ ਭਾਰੀ ਕ੍ਰੇਜ਼ ਦੇਖਿਆ ਜਾ ਰਿਹਾ ਹੈ।
ਇਕ ਫਾਈਨਲ ਦੀ ਟਿਕਟ ਦੀ ਕੀਮਤ 'ਚ ਆ ਜਾਵੇ ਸ਼ਾਨਦਾਰ SUV ਕਾਰ
ਟਿਕਟਾਂ ਦੀ ਕੀਮਤ ਵਿੱਚ ਹੋਇਆ ਇਹ ਵਾਧਾ ਇੰਨਾ ਜ਼ਿਆਦਾ ਹੈ ਕਿ ਇੱਕ ਫਾਈਨਲ ਟਿਕਟ ਦੀ ਕੀਮਤ ਵਿੱਚ ਭਾਰਤ ਵਿੱਚ ਇੱਕ ਸ਼ਾਨਦਾਰ ਐਸ.ਯੂ.ਵੀ. (SUV) ਕਾਰ ਆ ਸਕਦੀ ਹੈ।
