ਈਰਾਨ ਦੀ ਓਲੰਪਿਅਨ ਤਮਗਾ ਜੇਤੂ ਕਿਮਿਆ ਨੇ ਦੇਸ਼ ਛੱਡਣ ਦਾ ਲਿਆ ਫੈਸਲਾ, ਦੱਸੀ ਇਹ ਵਜ੍ਹਾ
Monday, Jan 13, 2020 - 03:52 PM (IST)

ਨਵੀਂ ਦਿੱਲੀ : ਈਰਾਨ ਦੀ ਇਕਲੌਤੀ ਮਹਿਲਾ ਓਲੰਪਿਕ ਤਮਗਾ ਜੇਤੂ ਕਿਮਿਆ ਅਲੀਜ਼ਾਦੇਹ ਨੇ ਆਪਣਾ ਦੇਸ਼ ਛੱਡਣ ਦਾ ਫੈਸਲਾ ਕੀਤਾ ਹੈ। 21 ਸਾਲਾ ਕਿਮਿਆ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਲਿਖਿਆ, ''ਉਹ ਈਰਾਨ ਵਿਚ ਝੂਠ, ਅਨਿਆਂ ਅਤੇ ਚਾਪਲੂਸੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੀ। ਉਸ ਨੇ ਖੁਦ ਨੂੰ ਦੇਸ਼ ਦੀ ਲੱਖਾਂ ਸਤਾਈਆਂ ਮਹਿਲਾਵਾਂ ਵਿਚੋਂ ਇਕ ਮੰਨਿਆ ਹੈ। ਉਹ ਇਸ ਸਮੇਂ ਕਿੱਥੇ ਹੈ, ਇਸ ਬਾਰੇ ਉਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਈਰਾਨੀ ਮੀਡੀਆ ਉਸ ਦੇ ਨੀਦਰਲੈਂਡ ਹੋਣ ਦੀ ਗੱਲ ਕਹੀ ਹੈ। ਕਿਮਿਆ ਨੇ ਰੀਓ ਓਲੰਪਿੰਕ ਵਿਚ ਤਾਈਕਵਾਂਡੋ ਖੇਡ ਵਿਚ ਕਾਂਸੀ ਤਮਗਾ ਜਿੱਤਿਆ ਸੀ।
ਉਹ ਦੇਸ਼ ਲਈ ਇਕਲੌਤਾ ਤਮਗਾ ਜਿੱਤਣ ਵਾਲੀ ਮਹਿਲਾ ਖਿਡਾਰੀ ਹੈ। ਆਪਣੀ ਪੋਸਟ ਵਿਚ ਇਸ ਖਿਡਾਰੀ ਨੇ ਅਫਸਰਾਂ 'ਤੇ ਦੋਸ਼ ਲਗਾਏ ਕਿ ਉਨ੍ਹਾਂ ਨੇ ਮੇਰੀ ਸਫਲਤਾ ਨੂੰ ਆਪਣੇ ਪ੍ਰਚਾਰ ਲਈ ਇਸਤੇਮਾਲ ਕੀਤਾ। ਇਸ ਓਲੰਪਿਅਨ ਨੇ ਈਰਾਨ ਛੱਡਣ ਦਾ ਫੈਸਲਾ ਤਦ ਲਿਆ ਜਦੋਂ ਦੇਸ਼ ਵਿਚ ਯੂਕ੍ਰੇਨ ਦੇ ਯਾਤਰੀ ਜਹਾਜ਼ ਨੂੰ ਗਲਤੀ ਨਾਲ ਮਾਰ ਸੁੱਟਣ ਕਾਰਨ ਭਾਰੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਮਿਆ ਨੇ ਅੱਗੇ ਲਿਖਿਆ, ''ਮੈਂ ਸਾਲਾਂ ਤਕ ਦੇਸ਼ ਲਈ ਖੇਡਦੀ ਰਹੀ। ਅਧਿਕਾਰੀਆਂ ਦਾ ਹਰ ਹੁਕਮ ਮੰਨਿਆ। ਉਨ੍ਹਾਂ ਨੇ ਜੋ ਪਹਿਨਣ ਲਈ ਕਿਹਾ ਉਹ ਪਹਿਨਿਆ ਪਰ ਅਸੀਂ ਉਨ੍ਹਾਂ ਲਈ ਸਨਮਾਨ ਨਹੀਂ ਰੱਖਦੇ। ਅਸੀਂ ਸਿਰਫ ਇਸਤੇਮਾਲ ਹੋਣ ਵਾਲੇ ਹੱਥਿਆਰ ਦੀ ਤਰ੍ਹਾਂ ਹਾਂ। ਸਰਕਾਰ ਮੇਰੀ ਸਫਲਤਾ ਦਾ ਸਿਆਸੀ ਤੌਰ 'ਤੇ ਫਾਇਦਾ ਲੈਂਦੀ ਰਹੀ।'' ਅਲੀਜ਼ਾਦੇਹ ਨੇ ਇਸ ਤੋਂ ਵੀ ਇਨਕਾਰ ਕੀਤਾ ਕਿ ਉਸ ਯੂਰੋਪ ਤੋਂ ਕੋਈ ਚੰਗਾ ਪ੍ਰਸਤਾਅ ਮਿਲਿਆ ਹੈ ਅਤੇ ਉਸ ਨੇ ਨਾ ਹੀ ਇਹ ਦੱਸਿਆ ਕਿ ਉਹ ਕਿੱਥੇ ਜਾਵੇਗੀ।
ਟੋਕੀਓ ਓਲੰਪਿਕ ਖੇਡਣ ਦੀ ਉਮੀਦ
ਬੀਤੇ ਵੀਰਵਾਰ ਈਰਾਨ ਦੀ ਖਬਰ ਮੁਤਾਬਕ ਏਜੇਂਸੀ ਇਸਨਾ ਦੀ ਰਿਪੋਰਟ ਨੇ ਦੱਸਿਆ ਸੀ ਕਿ ਈਰਾਨੀ ਤਾਈਕਵਾਂਡੋ ਨੂੰ ਝਟਕਾ, ਕਿਮਿਆ ਅਲੀਜ਼ਾਦੇਹ ਨੀਦਰਲੈਂਡ ਵਿਚ ਵਸੀ। ਇਸ ਰਿਪੋਰਟ ਵਿਚ ਲਿਖਿਆ ਗਿਆ ਹੈ ਕਿ ਅਲੀਜ਼ਾਦੇਹ ਨੂੰ 2020 ਦੇ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਦੀ ਉਮੀਦ ਤਾਂ ਹੈ ਪਰ ਈਰਾਨ ਦੇ ਝੰਡੇ ਹੇਠ ਨਹੀਂ। ਉਸ ਨੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਇਹ ਸਾਫ ਕਰ ਦਿੱਤਾ ਹੈ ਕਿ ਉਹ ਜਿੱਥੇ ਵੀ ਜਾਵੇਗੀ, ਈਰਾਨ ਦੀ ਬੇਟੀ ਬਣ ਕੇ ਰਹੇਗੀ।