IPL ਟੀਮਾਂ ਨੇ ਦਿਖਾਈ ਦੱਖਣੀ ਅਫਰੀਕਾ ਦੀ ਨਵੀਂ ਟੀ-20 ਲੀਗ ’ਚ ਟੀਮ ਖਰੀਦਣ ’ਚ ਦਿਲਚਸਪੀ
Friday, May 06, 2022 - 04:18 PM (IST)

ਜੋਹਾਨਸਬਰਗ : ਦਿੱਲੀ ਕੈਪੀਟਲਸ, ਚੇਨਈ ਸੁਪਰ ਕਿੰਗਜ਼, ਮੁੰਬਈ ਇੰਡੀਅਨਜ਼, ਰਾਜਸਥਾਨ ਰਾਇਲਜ਼ ਤੋਂ ਇਲਾਵਾ ਕੇਵਿਨ ਪੀਟਰਸਨ ਦੀ ਮਲਕੀਅਤ ਵਾਲੇ ੲਿਕ ਸਮੂਹ ਨੇ ਦੱਖਣੀ ਅਫਰੀਕਾ ਦੇ ਨਵੇਂ ਟੀ-20 ਮੁਕਾਬਲੇ ’ਚ ਫ੍ਰੈਂਚਾਇਜ਼ੀ ਖਰੀਦਣ ’ਚ ਦਿਲਚਸਪੀ ਦਿਖਾਈ ਹੈ। ਅਗਲੇ ਸਾਲ ਜਨਵਰੀ ’ਚ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ’ਚ ਛੇ ਟੀਮਾਂ ਹੋਣਗੀਆਂ, ਜੋ ਦੋ ਵਾਰ ਹਰ ਟੀਮ ਦਾ ਸਾਹਮਣਾ ਕਰਨਗੀਆਂ। 30 ਲੀਗ ਮੈਚਾਂ ਤੋਂ ਬਾਅਦ ਪਲੇਅ ਆਫ ਮੈਚ ਖੇਡੇ ਜਾਣਗੇ। 2017 ਦੀ ਗਲੋਬਲ ਲੀਗ ਟੀ-20 ਅਤੇ 2018 ਅਤੇ 2019 ’ਚ ਖੇਡੀ ਗਈ ਮਜ਼ਾਂਸੀ ਸੁਪਰ ਲੀਗ ਤੋਂ ਬਾਅਦ ਟੀ-20 ਮੁਕਾਬਲਾ ਸ਼ੁਰੂ ਕਰਨ ਦੀ ਇਹ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਦੀ ਤੀਜੀ ਕੋਸ਼ਿਸ਼ ਹੈ। ਸੀ. ਐੱਸ. ਏ. ਦੇ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ’ਚ ਸਾਂਝੇ ਕੀਤੇ ਗਏ ਇਕ ਦਸਤਾਵੇਜ਼ ਦੇ ਅਨੁਸਾਰ ਸੀ. ਐੱਸ. ਏ. ਆਈ. ਪੀ. ਐੱਲ. ਤੋਂ ਬਾਅਦ ‘ਦੁਨੀਆ ਦੀ ਦੂਜੀ ਸਰਵੋਤਮ ਟੀ20 ਲੀਗ’ ਬਣਾਉਣ ਦਾ ਟੀਚਾ ਲੈ ਕੇ ਚੱਲ ਰਹੀ ਹੈ। ਉਨ੍ਹਾਂ ਨੇ ਮੰਨਿਆ ਹੈ ਕਿ ਸਿਰਫ਼ ਆਈ.ਪੀ.ਐੱਲ. ਨੂੰ ਿਵਸ਼ਵ ਪੱਧਰ ’ਤੇ ਸਫ਼ਲਤਾ ਹਾਸਲ ਹੋਈ ਹੈ ਅਤੇ ਆਈ.ਪੀ.ਐੱਲ. ਅਤੇ ਹੋਰ ਲੀਗਜ਼ ’ਚ ਜ਼ਮੀਨ ਆਸਮਾਨ ਦਾ ਫ਼ਰਕ ਹੈ।
ਇਸ ਨਵੀਂ ਲੀਗ ਨੂੰ ਸਫ਼ਲ ਬਣਾਉਣ ਲਈ ਉਨ੍ਹਾਂ ਨੇ ਆਈ. ਪੀ. ਐੱਲ. ਦੇ ਸਾਬਕਾ ਮੁੱਖ ਸੰਚਾਲਨ ਅਧਿਕਾਰੀ (ਸੀ.ਓ.ਓ.) ਸੁੰਦਰ ਰਮਨ ਨੂੰ ਆਪਣੇ ਨਾਲ ਜੋੜਿਆ ਹੈ। ਰਮਨ ਨੇ ਇਸ ਟੂਰਨਾਮੈਂਟ ’ਚ ਘੱਟਗਿਣਤੀ ਹਿੱਸੇਦਾਰੀ ਹਾਸਲ ਕੀਤੀ ਹੈ। ਦਸਤਾਵੇਜ਼ ਮੁਤਾਬਕ ਰਮਨ ਕੋਲ 12.5 ਫੀਸਦੀ ਹਿੱਸੇਦਾਰੀ ਹੈ। ਬੋਰਡ ਕੋਲ 57.5 ਫੀਸਦੀ ਹਿੱਸੇਦਾਰੀ ਹੋਵੇਗੀ, ਜਦਕਿ ਬ੍ਰਾਡਕਾਸਟਰ ਸੁਪਰਸਪੋਰਟ ਦੀ ਬਾਕੀ 30 ਫੀਸਦੀ ਹਿੱਸੇਦਾਰੀ ਹੋਵੇਗੀ। ਸੀ. ਐੱਸ. ਏ. ਦਾ ਅੰਦਾਜ਼ਾ ਹੈ ਕਿ 10 ਸਾਲਾਂ ’ਚ ਲੀਗ ’ਤੇ ਉਨ੍ਹਾਂ ਨੂੰ 427 ਕਰੋੜ ਰੁਪਏ ਦਾ ਖਰਚਾ ਆਵੇਗਾ ਅਤੇ ਉਸੇ ਸਮੇਂ ’ਚ ਉਹ 228 ਕਰੋੜ ਰੁਪਏ ਕਮਾਉਣਗੇ। ਹਾਲਾਂਕਿ, ਿੲਸ ’ਚ ਸੁਪਰਸਪੋਰਟ ਵੱਲੋਂ 679 ਕਰੋੜ ਰੁਪਏ ਦਾ ਭੁਗਤਾਨ ਕਰਨ ਦੀ ਵਚਨਬੱਧਤਾ ਨੂੰ ਜੋੜਿਆ ਜਾਵੇ ਤਾਂ ਇਸ ਨਾਲ ਬੋਰਡ ਤੇ ਟੀਮਾਂ ਨੂੰ ਲਾਭ ਕਮਾਉਣ ਦਾ ਮੌਕਾ ਦੇਵੇਗਾ। ਆਈ. ਪੀ. ਐੱਲ. ਦੀ ਸਫ਼ਲਤਾ ਨੂੰ ਮੱਦੇਨਜ਼ਰ ਰੱਖਦਿਆਂ ਸੀ.ਐੱਸ.ਏ. ਨੇ ਟੀ20 ਮੁਕਾਬਲੇ ਦਾ ਆਯੋਜਨ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ 2033 ਤੱਕ ਉਹ ਦੱਖਣੀ ਅਫਰੀਕਾ ਦੀ ਕ੍ਰਿਕਟ ਦਾ ਨਕਸ਼ਾ ਬਦਲ ਦੇਣਗੇ।
ਯੋਜਨਾ ਦੇ ਤਹਿਤ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਮੁਕਾਬਲੇ ਦੇ 11ਵੇਂ ਸਾਲ ਤੋਂ ਹਰੇਕ ਫ੍ਰੈਂਚਾਈਜ਼ੀ ਬੋਰਡ ਨੂੰ ਆਪਣੀ ਕਮਾਈ ਦਾ 20 ਫੀਸਦੀ ਿਹੱਸਾ ਬੋਰਡ ਨੂੰ ਦੇਵੇਗੀ। ਦੱਖਣੀ ਅਫਰੀਕਾ ਅਗਲੇ ਪੰਜ ਸਾਲਾਂ ’ਚ ਤਿੰਨ ਆਈ.ਸੀ.ਸੀ. ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਨ ਵਾਲਾ ਹੈ। ਜਨਵਰੀ 2023 ’ਚ ਮਹਿਲਾਵਾਂ ਦੇ ਅੰਡਰ-19 ਟੀ-20 ਵਿਸ਼ਵ ਕੱਪ ਤੋਂ ਤੁਰੰਤ ਬਾਅਦ ਫਰਵਰੀ ’ਚ ਮਹਿਲਾ ਟੀ20 ਵਿਸ਼ਵ ਕੱਪ ਖੇਡਿਆ ਜਾਣਾ ਹੈ। ਇਸ ਤੋਂ ਬਾਅਦ 2027 ’ਚ ਦੱਖਣੀ ਅਫਰੀਕਾ ਨਾਮੀਬੀਆ ਅਤੇ ਜ਼ਿੰਬਾਬਵੇ ਦੇ ਨਾਲ ਪੁਰਸ਼ਾਂ ਵਨ ਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ।