IPL 2026 : ਚੇਨਈ ਦਾ ਸਾਹਮਣਾ ਅੱਜ ਮੁੰਬਈ ਨਾਲ, ਖਾਸ ਗੱਲਾਂ ''ਤੇ ਇਕ ਝਾਤ

Saturday, May 02, 2026 - 11:25 AM (IST)

IPL 2026 : ਚੇਨਈ ਦਾ ਸਾਹਮਣਾ ਅੱਜ ਮੁੰਬਈ ਨਾਲ, ਖਾਸ ਗੱਲਾਂ ''ਤੇ ਇਕ ਝਾਤ

ਚੇਨਈ : ਅਜੇ ਤੱਕ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਾ ਕਰਨ ਵਾਲੀਆਂ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਸ਼ਨੀਵਾਰ ਨੂੰ ਇੱਥੇ ‘ਕਰੋ ਜਾਂ ਮਰੋ’ ਦਾ ਮੁਕਾਬਲਾ ਹੋਵੇਗਾ, ਜਿਸ ’ਚ ਦੋਵਾਂ ਦਾ ਟੀਚਾ ਪਲੇਅ ਆਫ ਦੀ ਦੌੜ ’ਚ ਬਣੇ ਰਹਿਣ ਦੀ ਉਮੀਦ ਜਿਊਂਦੀ ਰੱਖਣਾ ਹੋਵੇਗਾ।

ਆਈ. ਪੀ. ਐੱਲ. ਇਤਿਹਾਸ ਦੀਆਂ ਦੋ ਸਭ ਤੋਂ ਸਫਲ ਟੀਮਾਂ ਦੀ ਅਜੇ ਤੱਕ ਦੀ ਮੁਹਿੰਮ ਨਿਰਾਸ਼ਾਜਨਕ ਰਹੀ ਹੈ ਤੇ ਉਹ ਲੈਅ ਹਾਸਲ ਕਰਨ ਲਈ ਸੰਘਰਸ਼ ਕਰ ਰਹੀਆਂ ਹਨ। ਸੀ. ਐੱਸ. ਕੇ. ਲਈ ਐੱਮ. ਏ. ਚਿਦਾਂਬਰਮ ਸਟੇਡੀਅਮ ਦੇ ਹਾਲਾਤ ਅਨੁਕੂਲ ਰਹੇ ਹਨ ਪਰ ਉਸ ਦੇ ਪ੍ਰਦਰਸ਼ਨ ’ਚ ਉਹ ਅਸਰ ਦੇਖਣ ਨੂੰ ਨਹੀਂ ਮਿਲਿਆ ਹੈ ਜਿਹੜਾ ਸਾਲਾਂ ਤੋਂ ਉਸਦੀ ਪਛਾਣ ਰਹੀ ਹੈ। ਸੀ. ਐੱਸ. ਕੇ. ਦੀ ਬੱਲੇਬਾਜ਼ੀ ’ਚ ਨਿਰੰਤਰਤਾ ਦੀ ਲੋੜ ਰਹੀ ਹੈ। ਵਿਸ਼ੇਸ਼ ਤੌਰ ’ਤੇ ਉਸਦੇ ਬੱਲੇਬਾਜ਼ ਵਿਚਾਲੇ ਦੇ ਓਵਰਾਂ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਉਸਦੇ ਗੇਂਦਬਾਜ਼ ਵੀ ਦਬਾਅ ਵਾਲੇ ਹਾਲਾਤ ’ਚ ਬਿਹਤਰ ਪ੍ਰਦਰਸ਼ਨ ਕਰਨ ਲਈ ਜੂਝ ਰਹੇ ਹਨ।

ਮੁੰਬਈ ਇੰਡੀਅਨਜ਼ ਦਾ ਪ੍ਰਦਰਸ਼ਨ ਵੀ ਇਸ ਸੈਸ਼ਨ ’ਚ ਉਤਾਰ-ਚੜ੍ਹਾਅ ਵਾਲਾ ਰਿਹਾ ਹੈ। ਚੋਟੀਕ੍ਰਮ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ 5 ਵਾਰ ਦੀ ਚੈਂਪੀਅਨ ਟੀਮ ਨੂੰ ਕਮਜ਼ੋਰ ਮੱਧਕ੍ਰਮ ਤੇ ਗੇਂਦਬਾਜ਼ਾਂ ਨੇ ਨਿਰਾਸ਼ ਕੀਤਾ ਹੈ। ਉਸ ਦੇ ਗੇਂਦਬਾਜ਼ ਸਕੋਰ ਦਾ ਬਚਾਅ ਕਰਨ ਤੇ ਮਹੱਤਵਪੂਰਨ ਮੌਕਿਆਂ ’ਤੇ ਵਿਰੋਧੀ ਬੱਲੇਬਾਜ਼ਾਂ ’ਤੇ ਰੋਕ ਲਗਾਉਣ ’ਚ ਅਸਫਲ ਰਹੇ ਹਨ।

ਹੁਣ ਜਦਕਿ ਟੂਰਨਾਮੈਂਟ ਆਪਣੇ ਫੈਸਲਾਕੁੰਨ ਪੜਾਅ ’ਚ ਪਹੁੰਚ ਗਿਆ ਹੈ ਤਾਂ ਇਨ੍ਹਾਂ ਦੋਵਾਂ ਟੀਮ ਲਈ ਆਪਣੇ ਪ੍ਰਦਰਸ਼ਨ ’ਚ ਸੁਧਾਰ ਕਰਨ ਤੋਂ ਇਲਾਵਾ ਹੁਣ ਕੋਈ ਹੋਰ ਬਦਲ ਨਹੀਂ ਹੈ। ਉਨ੍ਹਾਂ ਨੂੰ ਆਪਣੀ ਕਿਸਮਤ ਪਲਟਣ ਲਈ ਇਸ ਮੈਚ ਤੋਂ ਹੀ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਸੀ. ਐੱਸ. ਕੇ. ਨੂੰ ਉਮੀਦ ਹੋਵੇਗੀ ਕਿ ਉਸਦੇ ਸਪਿੰਨਰ ਚੇਪਾਕ ਦੀ ਹੌਲੀ ਪਿੱਚ ਦਾ ਫਾਇਦਾ ਚੁੱਕਣ ’ਚ ਸਫਲ ਰਹਿਣਗੇ ਜਦਕਿ ਮੁੰਬਈ ਦੀ ਟੀਮ ਸਪਿੰਨਰਾਂ ਦਾ ਮੁਕਾਬਲਾ ਕਰਨ ਲਈ ਆਪਣੇ ਪਾਵਰ ਹਿਟਰਸ ’ਤੇ ਨਿਰਭਰ ਰਹੇਗੀ।

ਚੇਨਈ ਤੇ ਮੁੰਬਈ ਦੀ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਦੋਵਾਂ ’ਚੋਂ ਕੋਈ ਵੀ ਟੀਮ ਇਸ ਮੈਚ ’ਚ ਸਪੱਸ਼ਟ ਰੂਪ ਨਾਲ ਜਿੱਤ ਦੀ ਹੱਕਦਾਰ ਨਹੀਂ ਹੈ, ਜਿਸ ਨਾਲ ਇਹ ਮੁਕਾਬਲਾ ਆਈ. ਪੀ. ਐੱਲ. ਦੇ ਰਵਾਇਤੀ ਰੂਪ ਨਾਲ ਸਭ ਤੋਂ ਵੱਡੇ ਪੁਰਾਣੇ ਵਿਰੋਧੀਆਂ ’ਚ ਦਬਦਬੇ ਦੀ ਲੜਾਈ ਦੀ ਬਜਾਏ ਹੋਂਦ ਦੀ ਲੜਾਈ ਬਣ ਗਿਆ ਹੈ।


author

Tarsem Singh

Content Editor

Related News