IPL 2026: BCCI ਦਾ ਵੱਡਾ ਫੈਸਲਾ; ਰੱਦ ਕੀਤੀ ਓਪਨਿੰਗ ਸੈਰੇਮਨੀ, ਜਾਣੋ ਕਾਰਨ

Thursday, Mar 26, 2026 - 02:31 PM (IST)

IPL 2026: BCCI ਦਾ ਵੱਡਾ ਫੈਸਲਾ; ਰੱਦ ਕੀਤੀ ਓਪਨਿੰਗ ਸੈਰੇਮਨੀ, ਜਾਣੋ ਕਾਰਨ

ਬੈਂਗਲੁਰੂ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਆਗਾਜ਼ ਤੋਂ ਠੀਕ ਦੋ ਦਿਨ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇੱਕ ਬਹੁਤ ਹੀ ਅਹਿਮ ਅਤੇ ਭਾਵੁਕ ਫੈਸਲਾ ਲਿਆ ਹੈ। ਬੀਸੀਸੀਆਈ ਨੇ ਇਸ ਸਾਲ ਟੂਰਨਾਮੈਂਟ ਦੀ ਓਪਨਿੰਗ ਸੈਰੇਮਨੀ (Opening Ceremony) ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ 28 ਮਾਰਚ ਨੂੰ ਹੋਣ ਵਾਲੇ ਪਹਿਲੇ ਮੁਕਾਬਲੇ ਤੋਂ ਪਹਿਲਾਂ ਕੋਈ ਵੀ ਗਲੈਮਰਸ ਜਸ਼ਨ, ਫਿਲਮੀ ਸਿਤਾਰਿਆਂ ਦਾ ਡਾਂਸ ਜਾਂ ਗਾਇਕਾਂ ਦੀ ਪਰਫਾਰਮੈਂਸ ਦੇਖਣ ਨੂੰ ਨਹੀਂ ਮਿਲੇਗੀ।

ਪਿਛਲੇ ਸਾਲ ਹੋਈ ਦੁਖਦਾਈ ਘਟਨਾ ਬਣੀ ਕਾਰਨ
ਬੋਰਡ ਦੇ ਇਸ ਫੈਸਲੇ ਪਿੱਛੇ ਪਿਛਲੇ ਸਾਲ ਐਮ. ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਹੋਈ ਇੱਕ ਦੁਖਦਾਈ ਘਟਨਾ ਹੈ। ਸਾਲ 2025 ਵਿੱਚ ਜਦੋਂ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ 17 ਸਾਲਾਂ ਬਾਅਦ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ, ਤਾਂ ਉਸ ਜਸ਼ਨ ਦੌਰਾਨ ਸਟੇਡੀਅਮ ਦੇ ਬਾਹਰ ਭਾਜੜ ਪੈ ਗਈ ਸੀ। ਇਸ ਮੰਦਭਾਗੀ ਘਟਨਾ ਵਿੱਚ 11 ਮਾਸੂਮ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਇਸੇ ਹਾਦਸੇ ਦੇ ਚੱਲਦਿਆਂ ਬੀਸੀਸੀਆਈ ਨੇ ਇਸ ਵਾਰ ਜਸ਼ਨ ਨਾ ਮਨਾਉਣ ਦਾ ਫੈਸਲਾ ਲਿਆ ਹੈ।

ਪੀੜਤਾਂ ਨੂੰ ਵਿਸ਼ੇਸ਼ ਸ਼ਰਧਾਂਜਲੀ 
ਉਸ ਹਾਦਸੇ ਵਿੱਚ ਜਾਨ ਗੁਆਉਣ ਵਾਲੇ 11 ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਬੀਸੀਸੀਆਈ ਨੇ ਕਈ ਕਦਮ ਚੁੱਕੇ ਹਨ: ਪਹਿਲੇ ਮੈਚ ਤੋਂ ਪਹਿਲਾਂ ਖਿਡਾਰੀ ਅਤੇ ਦਰਸ਼ਕ ਮੌਨ (silence) ਰੱਖਣਗੇ। ਸਟੇਡੀਅਮ ਵਿੱਚ 11 ਸੀਟਾਂ ਹਮੇਸ਼ਾ ਲਈ ਉਨ੍ਹਾਂ ਦੀ ਯਾਦ ਵਿੱਚ ਖਾਲੀ ਰੱਖੀਆਂ ਜਾਣਗੀਆਂ।

RCB ਅਤੇ SRH ਵਿਚਕਾਰ ਹੋਵੇਗਾ ਪਹਿਲਾ ਮੈਚ
IPL 2026 ਦਾ ਪਹਿਲਾ ਮੁਕਾਬਲਾ 28 ਮਾਰਚ ਨੂੰ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਹੀ ਖੇਡਿਆ ਜਾਵੇਗਾ। ਇਸ ਮੈਚ ਵਿੱਚ ਮੌਜੂਦਾ ਚੈਂਪੀਅਨ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ (SRH) ਨਾਲ ਹੋਵੇਗਾ। ਆਰਸੀਬੀ ਨੇ ਪਿਛਲੇ ਸਾਲ ਫਾਈਨਲ ਵਿੱਚ ਪੰਜਾਬ ਕਿੰਗਜ਼ ਨੂੰ ਹਰਾ ਕੇ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ ਅਤੇ ਇਸ ਵਾਰ ਉਹ ਆਪਣੇ ਖਿਤਾਬ ਦਾ ਬਚਾਅ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ।


author

Tarsem Singh

Content Editor

Related News