IPL 'ਚ ਇਮਪੈਕਟ ਪਲੇਅਰ ਨਿਯਮ : ਕਪਤਾਨਾਂ ਦੀ ਨਾਰਾਜ਼ਗੀ, BCCI ਦੀ ਸਖ਼ਤੀ
Thursday, Mar 26, 2026 - 11:44 AM (IST)
ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਦੌਰਾਨ 'ਇਮਪੈਕਟ ਪਲੇਅਰ' ਨਿਯਮ ਨੂੰ ਲੈ ਕੇ ਵਿਵਾਦ ਹੋਰ ਗਰਮਾ ਗਿਆ ਹੈ। ਮੁੰਬਈ ਵਿੱਚ ਹੋਈ ਸਾਰੀਆਂ 10 ਆਈਪੀਐਲ ਟੀਮਾਂ ਦੇ ਕਪਤਾਨਾਂ ਦੀ ਇੱਕ ਅਹਿਮ ਬੈਠਕ ਵਿੱਚ, ਬਹੁਤੇ ਕਪਤਾਨਾਂ ਨੇ ਇਸ ਨਿਯਮ 'ਤੇ ਆਪਣਾ ਸਖ਼ਤ ਇਤਰਾਜ਼ ਦਰਜ ਕਰਵਾਇਆ ਹੈ। ਅਨੁਸਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਨਿਯਮ 2027 ਤੱਕ ਜਾਰੀ ਰਹੇਗਾ ਅਤੇ ਇਸ ਤੋਂ ਪਹਿਲਾਂ ਇਸ ਦੀ ਕੋਈ ਸਮੀਖਿਆ ਨਹੀਂ ਕੀਤੀ ਜਾਵੇਗੀ।
ਆਲਰਾਊਂਡਰਾਂ ਦੇ ਭਵਿੱਖ 'ਤੇ ਮੰਡਰਾ ਰਿਹਾ ਖ਼ਤਰਾ
ਦਿੱਲੀ ਕੈਪੀਟਲਸ ਦੇ ਕਪਤਾਨ ਅਕਸ਼ਰ ਪਟੇਲ ਨੇ ਇਸ ਨਿਯਮ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਨਿਯਮ ਆਲਰਾਊਂਡਰਾਂ ਦੀ ਅਹਿਮੀਅਤ ਨੂੰ ਖ਼ਤਮ ਕਰ ਰਿਹਾ ਹੈ, ਕਿਉਂਕਿ ਹੁਣ ਪ੍ਰਬੰਧਨ ਕਿਸੇ ਆਲਰਾਊਂਡਰ ਦੀ ਬਜਾਏ ਮਾਹਰ ਬੱਲੇਬਾਜ਼ ਜਾਂ ਗੇਂਦਬਾਜ਼ ਨੂੰ ਚੁਣਦਾ ਹੈ। ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਵੀ ਪਹਿਲਾਂ ਇਸ ਨਿਯਮ ਦੇ ਖ਼ਿਲਾਫ਼ ਆਵਾਜ਼ ਉਠਾਉਂਦਿਆਂ ਕਿਹਾ ਸੀ ਕਿ ਇਹ ਭਾਰਤੀ ਕ੍ਰਿਕਟ ਵਿੱਚ ਆਲਰਾਊਂਡਰਾਂ ਦੇ ਵਿਕਾਸ ਵਿੱਚ ਰੁਕਾਵਟ ਬਣ ਰਿਹਾ ਹੈ। ਹਾਰਦਿਕ ਪਾਂਡਿਆ ਅਨੁਸਾਰ ਵੀ ਇਸ ਨਿਯਮ ਕਾਰਨ ਟੀਮ ਵਿੱਚ ਆਲਰਾਊਂਡਰ ਨੂੰ ਚੁਣਨਾ ਮੁਸ਼ਕਲ ਹੋ ਗਿਆ ਹੈ। ਵਿਦੇਸ਼ੀ ਖਿਡਾਰੀ ਗਲੇਨ ਫਿਲਿਪਸ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਇਸ ਦਾ ਅਸਰ ਅੰਤਰਰਾਸ਼ਟਰੀ ਟੀ-20 ਅਤੇ ਵਨਡੇ ਮੈਚਾਂ 'ਤੇ ਵੀ ਪਵੇਗਾ।
ਗੇਂਦ ਬਦਲਣ ਦਾ ਪ੍ਰਸਤਾਵ ਹੋਇਆ ਰੱਦ
ਬੈਠਕ ਦੌਰਾਨ ਇੱਕ ਕਪਤਾਨ ਨੇ ਪ੍ਰਸਤਾਵ ਦਿੱਤਾ ਕਿ ਦੂਜੀ ਪਾਰੀ ਵਾਂਗ ਪਹਿਲੀ ਪਾਰੀ ਦੇ 10 ਓਵਰਾਂ ਤੋਂ ਬਾਅਦ ਵੀ ਗੇਂਦ ਬਦਲਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਹਾਲਾਂਕਿ, ਇਸ ਪ੍ਰਸਤਾਵ ਨੂੰ ਜ਼ਿਆਦਾ ਸਮਰਥਨ ਨਹੀਂ ਮਿਲਿਆ ਕਿਉਂਕਿ ਤ੍ਰੇਲ (dew) ਦੀ ਸਮੱਸਿਆ ਜ਼ਿਆਦਾਤਰ ਦੂਜੀ ਪਾਰੀ ਵਿੱਚ ਹੁੰਦੀ ਹੈ, ਇਸ ਲਈ ਮੌਜੂਦਾ ਨਿਯਮ ਹੀ ਲਾਗੂ ਰਹੇਗਾ। ਅਭਿਆਸ ਲਈ ਨਵੇਂ ਦਿਸ਼ਾ-ਨਿਰਦੇਸ਼ ਬੀਸੀਸੀਆਈ ਨੇ ਫਰੈਂਚਾਈਜ਼ੀਆਂ ਲਈ ਅਭਿਆਸ ਸਬੰਧੀ ਨਵੇਂ ਨਿਯਮ ਵੀ ਸਾਂਝੇ ਕੀਤੇ ਹਨ:
ਮੈਚ ਵਾਲੇ ਦਿਨ ਕਿਸੇ ਵੀ ਕਿਸਮ ਦੇ ਅਭਿਆਸ ਦੀ ਇਜਾਜ਼ਤ ਨਹੀਂ ਹੋਵੇਗੀ।
ਜੇਕਰ ਕੋਈ ਟੀਮ ਆਪਣਾ ਅਭਿਆਸ ਜਲਦੀ ਖ਼ਤਮ ਕਰ ਲੈਂਦੀ ਹੈ, ਤਾਂ ਦੂਜੀ ਟੀਮ ਨੂੰ ਉਨ੍ਹਾਂ ਵਿਕਟਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਬੈਠਕ ਵਿੱਚ ਸਾਰੇ ਕਪਤਾਨ ਭਾਰਤੀ ਸਨ, ਕਿਉਂਕਿ ਪੈਟ ਕਮਿੰਸ ਦੀ ਗੈਰ-ਮੌਜੂਦਗੀ ਵਿੱਚ ਈਸ਼ਾਨ ਕਿਸ਼ਨ ਸਨਰਾਈਜ਼ਰਜ਼ ਹੈਦਰਾਬਾਦ ਦੀ ਨੁਮਾਇੰਦਗੀ ਕਰ ਰਹੇ ਸਨ।
