IPL 2025 : ਹੈਦਰਾਬਾਦ ਨੇ ਟਾਸ ਜਿੱਤ ਕੀਤਾ ਗੇਂਦਬਾਜ਼ੀ ਦਾ ਫੈਸਲਾ, ਦੇਖੋ ਪਲੇਇੰਗ 11
Monday, May 19, 2025 - 07:18 PM (IST)

ਲਖਨਊ– ਲਖਨਊ ਸੁਪਰ ਜਾਇੰਟਸ ਦੀ ਟੀਮ ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਪਣੇ ‘ਕਰੋ ਜਾਂ ਮਰੋ’ ਦੇ ਮੈਚ ਵਿਚ ਜਦੋਂ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੈਦਾਨ ਵਿਚ ਉਤਰੇਗੀ ਤਾਂ ਉਸਦੀ ਕੋਸ਼ਿਸ਼ ਵੱਡੇ ਫਰਕ ਨਾਲ ਜਿੱਤ ਹਾਸਲ ਕਰ ਕੇ ਪਲੇਅ ਆਫ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਜਿਊਂਦੇ ਰੱਖਣ ਦੀ ਹੋਵੇਗੀ। ਭਾਰਤ ਤੇ ਪਾਕਿਸਤਾਨ ਵਿਚਾਲੇ ਸੈਨਿਕ ਟਕਰਾਅ ਕਾਰਨ ਇਕ ਹਫਤੇ ਦੀ ਬ੍ਰੇਕ ਤੋਂ ਬਾਅਦ ਫਿਰ ਤੋਂ ਸ਼ੁਰੂ ਹੋ ਰਹੀ ਇਸ ਲੀਗ ਵਿਚ ਲਖਨਊ ਦਾ ਕਪਤਾਨ ਰਿਸ਼ਭ ਪੰਤ ਹੁਣ ਤੱਕ ਦੇ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਪਿੱਛੇ ਛੱਡ ਕੇ ਬੱਲੇ ਨਾਲ ਵੀ ਲੈਅ ਹਾਸਲ ਕਰਨਾ ਚਾਹੇਗਾ।ਪਿਛਲੇ ਸਾਲ ਦੀ ਉਪ ਜੇਤੂ ਸਨਰਾਈਜ਼ਰਜ਼ ਪਹਿਲਾਂ ਹੀ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਚੁੱਕੀ ਹੈ ਤੇ ਉਹ ਵੱਕਾਰ ਲਈ ਖੇਡੇਗੀ। ਲਖਨਊ ਦੀ ਟੀਮ ਦੇ ਨਾਂ 11 ਮੈਚਾਂ ਵਿਚੋਂ 10 ਅੰਕ ਹਨ ਪਰ ਨੈੱਟ ਰਨ ਰੇਟ ਮਾਈਨਸ 0.469 ਹੈ। ਪਲੇਅ ਆਫ ਵਿਚ ਪਹੁੰਚਣ ਲਈ ਉਸ ਨੂੰ ਆਪਣੇ ਬਚੇ ਹੋਏ ਤਿੰਨੇ ਮੈਚਾਂ ਨੂੰ ਵੱਡੇ ਫਰਕ ਨਾਲ ਜਿੱਤਣਾ ਪਵੇਗਾ। ਹੈਦਰਾਬਾਦ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਸਨਰਾਈਜ਼ਰਜ਼ ਦੇ ਕੁਝ ਖਿਡਾਰੀਆਂ ਲਈ ਲੈਅ ਹਾਸਲ ਕਰਨ ਦਾ ਇਹ ਚੰਗਾ ਮੌਕਾ ਹੋਵੇਗਾ, ਖਾਸ ਤੌਰ ’ਤੇ ਨਿਤੀਸ਼ ਕੁਮਾਰ ਰੈੱਡੀ ਤੇ ਈਸ਼ਾਨ ਕਿਸ਼ਨ ਵਰਗੇ ਖਿਡਾਰੀ ਭਾਰਤ-ਏ ਦੇ ਇੰਗਲੈਂਡ ਦੌਰੇ ਤੋਂ ਪਹਿਲਾਂ ਕੁਝ ਉਪਯੋਗੀ ਪਾਰੀਆਂ ਖੇਡਣਾ ਚਾਹੁਣਗੇ। ਲਖਨਊ ਦੀ ਟੀਮ ਲਈ ਮੌਜੂਦਾ ਸੈਸ਼ਨ ਵਿਚ ਸਭ ਤੋਂ ਵੱਡੀ ਨਿਰਾਸ਼ਾ ਕਪਤਾਨ ਪੰਤ ਦਾ ਬੱਲੇ ਨਾਲ ਨਿਰਾਸ਼ਾਜਨਕ ਪ੍ਰਦਰਸ਼ਨ ਹੈ।
ਪਿਛਲੇ ਸਾਲ ਆਈ. ਪੀ. ਐੱਲ. ਨਿਲਾਮੀ ਵਿਚ 27 ਕਰੋੜ ਰੁਪਏ ਦੀ ਰਿਕਾਰਡ ਬੋਲੀ ਤੋਂ ਬਾਅਦ ਉਹ ਦੌੜਾਂ ਬਣਾਉਣ ਲਈ ਸੰਘਰਸ਼ ਕਰਦਾ ਰਿਹਾ ਹੈ। ਉਸ ਨੇ ਇਸ ਸੈਸ਼ਨ ਦੇ 11 ਮੈਚਾਂ ਵਿਚੋਂ 100 ਤੋਂ ਘੱਟ ਦੀ ਸਟ੍ਰਾਈਕ ਰੇਟ ਤੇ 12.80 ਦੀ ਔਸਤ ਨਾਲ 128 ਦੌੜਾਂ ਹੀ ਬਣਾਈਆਂ ਹਨ। ਇਹ ਇੰਨਾ ਨਿਰਾਸ਼ਾਜਨਕ ਹੈ ਕਿ ਚੀਜ਼ਾਂ ਵਿਚ ਇੱਥੋਂ ਸੁਧਾਰ ਦੀ ਹੀ ਉਮੀਦ ਕੀਤੀ ਜਾ ਸਕਦੀ ਹੈ। ਪੰਤ ਦਾ ਨਾਂ ਭਾਰਤੀ ਟੈਸਟ ਟੀਮ ਦੀ ਉਪ ਕਪਤਾਨੀ ਲਈ ਚਰਚਾ ਵਿਚ ਹੈ। ਆਈ. ਪੀ. ਐੱਲ. ਇਕ ਵੱਖਰਾ ਰੂਪ ਹੈ ਪਰ ਉਹ ਇੰਗਲੈਂਡ ਦੌਰੇ ਦੀ ਟੀਮ ਤੇ ਕਪਤਾਨ ਅਤੇ ਉਪ ਕਪਤਾਨ ਵਰਗੇ ਵੱਡੇ ਐਲਾਨ ਤੋਂ ਠੀਕ ਪਹਿਲਾਂ ਕੁਝ ਚੰਗਾ ਪ੍ਰਦਰਸ਼ਨ ਕਰਨਾ ਚਾਹੇਗਾ। ਪੰਤ ਲਈ ਇਹ ਮਜਬੂਰੀ ਵਾਲੀ ਬ੍ਰੇਕ ਇਸ ਤੋਂ ਬਿਹਤਰ ਸਮੇਂ ’ਤੇ ਨਹੀਂ ਹੋ ਸਕਦੀ ਸੀ ਕਿਉਂਕਿ ਇਸ ਨਾਲ ਇਸ ਖਿਡਾਰੀ ਨੂੰ ਆਪਣੀ ਖੇਡ ਦੇ ਵਿਸ਼ਲੇਸ਼ਣ ਦਾ ਮੌਕਾ ਮਿਲਿਆ ਹੋਵੇਗਾ।
ਲਖਨਊ ਦੀ ਟੀਮ ਹਾਲਾਂਕਿ ਆਪਣੇ ਮੁੱਖ ਬੱਲੇਬਾਜ਼ ਨਿਕੋਲਸ ਪੂਰਨ (410 ਦੌੜਾਂ) ਤੋਂ ਵੀ ਇਕ ਵਾਰ ਫਿਰ ਤੋਂ ਚੰਗਾ ਪ੍ਰਦਰਸ਼ਨ ਕਰਨਾ ਚਾਹੇਗੀ। ਉਹ ਸ਼ੁਰੂਆਤੀ 5-6 ਮੈਚਾਂ ਵਿਚ ਤਾਬੜਤੋੜ ਬੱਲੇਬਾਜ਼ੀ ਤੋਂ ਬਾਅਦ ਪ੍ਰਭਾਵਿਤ ਕਰਨ ਵਿਚ ਅਸਫਲ ਰਿਹਾ ਹੈ। ਪੂਰਨ ਤੋਂ ਇਲਾਵਾ ਟੀਮ ਨੂੰ ਆਪਣੇ ਟਾਪ-3 ਵਿਚ ਸ਼ਾਮਲ ਦੱਖਣੀ ਅਫਰੀਕਾ ਦੇ ਐਡਨ ਮਾਰਕ੍ਰਾਮ (348 ਦੌੜਾਂ) ਤੇ ਮਿਸ਼ੇਲ ਮਾਰਸ਼ (378) ਤੋਂ ਚੰਗੀ ਸ਼ੁਰੂਆਤ ਦੀ ਉਮੀਦ ਹੋਵੇਗੀ। ਮੱਧਕ੍ਰਮ ਵਿਚ ਆਯੂਸ਼ ਬਾਦੋਨੀ (326 ਦੌੜਾਂ) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਪ੍ਰਭਾਵਸ਼ਾਲੀ ਖੇਡ ਨਹੀਂ ਦਿਖਾ ਸਕਿਆ ਹੈ।
ਦੋਵਾਂ ਟੀਮਾਂ ਦੇ 11 ਖਿਡਾਰੀ ਖੇਡ ਰਹੇ ਹਨ
ਹੈਦਰਾਬਾਦ : 1 ਈਸ਼ਾਨ ਕਿਸ਼ਨ (ਵਿਕਟਕੀਪਰ), 2 ਅਭਿਸ਼ੇਕ ਸ਼ਰਮਾ, 3 ਨਿਤੀਸ਼ ਰੈੱਡੀ, 4 ਹੇਨਰਿਕ ਕਲਾਸਨ, 5 ਅਨਿਕੇਤ ਵਰਮਾ, 6 ਕਮਿੰਦੂ ਮੈਂਡਿਸ, 7 ਪੈਟ ਕਮਿੰਸ (ਕਪਤਾਨ), 8 ਹਰਸ਼ਲ ਪਟੇਲ, 9 ਹਰਸ਼ ਦੁਬੇ, 10 ਜੀਸ਼ਾਨ ਅੰਸਾਰੀ, 11 ਈਸ਼ਾਨ ਮਲਿੰਗ।
ਲਖਨਊ : 1 ਏਡਨ ਮਾਰਕਰਮ, 2 ਮਿਸ਼ੇਲ ਮਾਰਸ਼, 3 ਨਿਕੋਲਸ ਪੂਰਨ, 4 ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), 5 ਆਯੂਸ਼ ਬਦੋਨੀ, 6 ਅਬਦੁਲ ਸਮਦ, 8 ਆਕਾਸ਼ ਦੀਪ, 9 ਰਵੀ ਬਿਸ਼ਨੋਈ, 10 ਦਿਗਵੇਸ਼ ਰਾਠੀ, 10 ਅਵੇਸ਼ ਖਾਨ, 10 ਵਿਲ ਓਆਰਕੇ