IPL 2024 : ਭੁਵੀ ਨੇ RR ਦੇ ਮੂੰਹੋਂ ਖੋਹ ਲਈ ਜਿੱਤ, ਸ਼ਾਨਦਾਰ ਗੇਂਦਬਾਜ਼ੀ ਨਾਲ SRH ਨੂੰ 1 ਦੌੜ ਨਾਲ ਜਿਤਾਇਆ
Thursday, May 02, 2024 - 11:43 PM (IST)
ਸਪੋਰਟਸ ਡੈਸਕ- ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ 'ਚ ਰਾਜਸਥਾਨ ਰਾਇਲਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡੇ ਗਏ ਆਈ.ਪੀ.ਐੱਲ. ਦੇ ਬੇਹੱਦ ਰੋਮਾਂਚਕ ਮੁਕਾਬਲੇ 'ਚ ਹੈਦਰਾਬਾਦ ਨੇ ਭੁਵਨੇਸ਼ਵਰ ਕੁਮਾਰ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਰਾਜਸਥਾਨ ਨੂੰ ਮਹਿਜ਼ 1 ਦੌੜ ਨਾਲ ਹਰਾ ਦਿੱਤਾ ਹੈ।
ਇਸ ਤੋਂ ਪਹਿਲਾਂ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਹੈਦਰਾਬਾਦ ਨੇ ਟ੍ਰੈਵਿਸ ਹੈੱਡ (58) ਤੇ ਨਿਤੀਸ਼ ਕੁਮਾਰ ਰੈੱਡੀ (76*) ਤੋਂ ਇਲਾਵਾ ਹੈਨਰਿਕ ਕਲਾਸੇਨ (42*) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 3 ਵਿਕਟਾਂ ਗੁਆ ਕੇ 201 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ।
ਇਸ ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਤੇ ਪਹਿਲੇ ਹੀ ਓਵਰ 'ਚ ਕਪਤਾਨ ਸੈਮਸਨ ਤੇ ਜਾਸ ਬਟਲਰ ਬਿਨਾਂ ਖਾਤਾ ਖੋਲ੍ਹੇ ਹੀ ਭੁਵਨੇਸ਼ਵਰ ਕੁਮਾਰ ਦਾ ਸ਼ਿਕਾਰ ਬਣੇ।
ਇਸ ਤੋਂ ਬਾਅਦ ਯਸ਼ਸਵੀ ਜਾਇਸਵਾਲ ਤੇ ਰਿਆਨ ਪਰਾਗ ਨੇ 134 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਮੁਸ਼ਕਲ ਸਥਿਤੀ 'ਚੋਂ ਬਾਹਰ ਕੱਢਿਆ ਤੇ ਮੈਚ 'ਚ ਵਾਪਸ ਲਿਆਂਦਾ। ਯਸ਼ਸਵੀ ਜਾਇਸਵਾਲ 40 ਗੇਂਦਾਂ 'ਚ 7 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 67 ਦੌੜਾਂ ਬਣਾ ਕੇ ਟੀ. ਨਟਰਾਜਨ ਦਾ ਸ਼ਿਕਾਰ ਬਣਿਆ।
ਰਿਆਨ ਪਰਾਗ ਨੇ ਸ਼ਾਨਦਾਰ ਪਾਰੀ ਖੇਡੀ ਤੇ 49 ਗੇਂਦਾਂ 'ਚ 8 ਚੌਕੇ ਤੇ 4 ਛੱਕਿਆਂ ਦੀ ਬਦੌਲਤ 77 ਦੌੜਾਂ ਬਣਾ ਕੇ ਪੈਟ ਕਮਿੰਸ ਦੀ ਗੇਂਦ 'ਤੇ ਆਊਟ ਹੋ ਗਿਆ। ਉਸ ਦੇ ਆਊਟ ਹੋਣ ਤੋਂ ਬਾਅਦ ਟੀਮ ਮੁਸ਼ਕਲ 'ਚ ਫਸਦੀ ਨਜ਼ਰ ਆ ਰਹੀ ਸੀ ਤੇ ਟੀਮ ਦੀਆਂ ਪੂਰੀਆਂ ਉਮੀਦਾਂ ਹੁਣ ਰੋਵਮੈਨ ਪਾਵੇਲ 'ਤੇ ਟਿਕੀਆਂ ਸਨ।
ਆਖ਼ਰੀ ਓਵਰ 'ਚ ਟੀਮ ਨੂੰ 13 ਦੌੜਾਂ ਦੀ ਲੋੜ ਸੀ। ਭੁਵਨੇਸ਼ਵਰ ਕੁਮਾਰ ਨੇ ਸ਼ਾਨਦਾਰ ਤਰੀਕੇ ਖ਼ੁਦ ਨੂੰ ਸੰਭਾਲਿਆ ਤੇ ਦਬਾਅ ਨੂੰ ਆਪਣੇ-ਆਪ 'ਤੇ ਹਾਵੀ ਨਹੀਂ ਹੋਣ ਦਿੱਤਾ। ਆਖ਼ਰੀ ਗੇਂਦ 'ਤੇ ਉਸ ਨੇ ਪਾਵੇਲ ਨੂੰ 27 ਦੌੜਾਂ ਦੇ ਨਿਜੀ ਸਕੋਰ 'ਤੇ ਆਊਟ ਕਰ ਦਿੱਤਾ ਤੇ ਓਵਰ 'ਚ ਸਿਰਫ਼ 11 ਦੌੜਾਂ ਦੇ ਕੇ ਮੁਕਾਬਲਾ ਆਪਣੀ ਟੀਮ ਦੀ ਝੋਲੀ 'ਚ ਪਾ ਦਿੱਤਾ। ਇਸ ਤਰ੍ਹਾਂ ਇਹ ਮੁਕਾਬਲਾ ਹੈਦਰਾਬਾਦ ਨੇ ਸਿਰਫ਼ 1 ਦੌੜ ਦੇ ਫ਼ਰਕ ਨਾਲ ਜਿੱਤ ਲਿਆ।
ਹੁਣ ਹੈਦਰਾਬਾਦ 10 ਮੈਚਾਂ 'ਚੋਂ 6 ਜਿੱਤ ਕੇ 12 ਅੰਕਾਂ ਨਾਲ ਪੁਆਇੰਟ ਟੇਬਲ 'ਚ ਚੌਥੇ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਰਾਜਸਥਾਨ ਹਾਲੇ ਵੀ 10 ਚੋਂ 8 ਮੁਕਾਬਲੇ ਜਿੱਤ ਕੇ 16 ਅੰਕਾਂ ਨਾਲ ਸਿਖ਼ਰ 'ਤੇ ਬੈਠੀ ਹੋਈ ਹੈ। ਹੈਦਰਾਬਾਦ ਦੀ ਜਿੱਤ ਤੋਂ ਬਾਅਦ ਚੇਨਈ ਸੁਪਰਕਿੰਗਜ਼ ਇਕ ਸਥਾਨ ਹੇਠਾਂ 5ਵੇਂ ਸਥਾਨ 'ਤੇ ਖਿਸਕ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e