ਜਿੱਤ ਦਾ ‘ਖਾਤਾ ਖੋਲ੍ਹਣ’ ਲਈ ਇਕ-ਦੂਜੇ ਖਿਲਾਫ ਭਿੜਨਗੇ ਮੁੰਬਈ ਅਤੇ ਹੈਦਰਾਬਾਦ
Tuesday, Mar 26, 2024 - 09:15 PM (IST)
ਹੈਦਰਾਬਾਦ- ਮੁੰਬਈ ਇੰਡੀਅਨਸ ਅਤੇ ਸਨਰਾਈਜ਼ਰਸ ਹੈਦਰਾਬਾਦ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਪਣੇ ਸ਼ੁਰੂਆਤੀ ਮੁਕਾਬਲਿਆਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਬੁੱਧਵਾਰ ਨੂੰ ਜਦੋਂ ਇਹ ਦੋਨੋਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਾ ਟੀਚਾ ਜਿੱਤ ਦਰਜ ਕਰ ਕੇ ਖਾਤਾ ਖੋਲ੍ਹਣਾ ਹੋਵੇਗਾ। 5 ਵਾਰ ਦੇ ਚੈਂਪੀਅਨ ਮੁੰਬਈ ਇੰਡੀਅਨਸ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਚੰਗੀ ਨਹੀਂ ਰਹੀ। ਗੁਜਰਾਤ ਟਾਈਟਨਸ ਖਿਲਾਫ ਮੈਚ ’ਚ ਜਿੱਤ ਦੇ ਹਾਲਾਤ ਹੋਣ ਦੇ ਬਾਵਜੂਦ ਅਖੀਰ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ ਵਿਚ ਹਾਲਾਂਕਿ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ, ਡੇਵਾਲਡ ਬ੍ਰੇਵਿਸ ਦੀ ਪ੍ਰਭਾਵਸ਼ਾਲੀ ਪਾਰੀ ਅਤੇ ਟਾਪ ਕ੍ਰਮ ’ਚ ਰੋਹਿਤ ਸ਼ਰਮਾ ਦਾ ਸ਼ਾਨਦਾਰ ਯੋਗਦਾਨ ਉਸ ਦੇ ਲਈ ਹਾਂ-ਪੱਖੀ ਪਹਿਲੂ ਰਿਹਾ। ਮੁੰਬਈ ਨੂੰ ਇਕ ਸਮੇਂ 36 ਗੇਂਦਾਂ ’ਚ 48 ਦੌੜਾਂ ਦੀ ਜ਼ਰੂਰਤ ਸੀ ਅਤੇ ਉਸ ਦੀਆਂ 7 ਵਿਕਟਾਂ ਬਚੀਆਂ ਸਨ ਪਰ ਉਹ ਇਸ ਨੂੰ ਹਾਸਲ ਨਹੀਂ ਕਰ ਸਕੀ, ਜੋ ਟੀਮ ਮੈਨੇਜਮੈਂਟ ਲਈ ਚਿੰਤਾ ਦਾ ਵਿਸ਼ਾ ਹੋਵੇਗਾ। ਪਹਿਲੀ ਵਾਰ ਮੁੰਬਈ ਦੀ ਕਪਤਾਨੀ ਕਰ ਰਹੇ ਹਾਰਦਿਕ ਪੰਡਿਆ 7ਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਉਤਰਿਆ ਪਰ ਉਸ ਦੀ ਇਹ ਰਣਨੀਤੀ ਨਹੀਂ ਚੱਲ ਸਕੀ। ਉਸ ਨੂੰ ਇਸ ’ਤੇ ਫਿਰ ਤੋਂ ਵਿਚਾਰ ਕਰਨਾ ਹੋਵੇਗਾ ਕਿਉਂਕਿ ਪਿਛਲੇ ਸਾਲ ਗੁਜਰਾਤ ਟਾਈਟਨਸ ਵੱਲੋਂ ਖੇਡਦੇ ਹੋਏ ਉਸ ਨੇ ਟਾਪ ਕ੍ਰਮ ’ਚ ਚੰਗਾ ਪ੍ਰਭਾਵ ਛੱਡਿਆ ਸੀ। ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ ਸਿਰਫ 4 ਗੇਂਦਾਂ ਦਾ ਸਾਹਮਣਾ ਕਰ ਸਕਿਆ ਸੀ। ਹੁਣ ਟੀਮ ਨੂੰ ਉਸ ਤੋਂ ਚੰਗੀ ਸ਼ੁਰੂਆਤ ਦੀ ਉਮੀਦ ਹੋਵੇਗੀ। ਟੀ-20 ਵਿਸ਼ਵ ਕੱਪ ਨੂੰ ਧਿਆਨ ’ਚ ਰੱਖਦੇ ਹੋਏ ਉਸ ਨੂੰ ਵਿਕਟ ਦੇ ਅੱਗੇ ਅਤੇ ਵਿਕਟ ਦੇ ਪਿੱਛੇ ਚੰਗਾ ਪ੍ਰਦਰਸ਼ਨ ਕਰ ਕੇ ਭਾਰਤੀ ਟੀਮ ’ਚ ਵਾਪਸੀ ਲਈ ਆਪਣਾ ਦਾਅਵਾ ਮਜ਼ਬੂਤ ਕਰਨਾ ਹੋਵੇਗਾ।
ਮੁੰਬਈ ਨੂੰ ਇਸ ਤੋਂ ਇਲਾਵਾ ਸਪਿਨਰ ਸ਼ਮਸ ਮੁਲਾਨੀ ਅਤੇ ਪਿਯੂਸ਼ ਚਾਵਲਾ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਜਿੱਥੋਂ ਤੱਕ ਸਨਰਾਈਜ਼ਸ ਦੀ ਗੱਲ ਹੈ ਤਾਂ ਪੈਟ ਕਮਿੰਸ ਦੀ ਅਗਵਾਈ ਵਾਲੀ ਟੀਮ ਨੇ ਕੋਲਕਾਤਾ ਨਾਈਟ ਰਾਈਡਰਸ ਖਿਲਾਫ ਪਿਛਲੇ ਮੈਚ ’ਚ ਹੈਨਰਿਕ ਕਲਾਸੇਨ ਦੀ ਸ਼ਾਨਦਾਰ ਪਾਰੀ ਨਾਲ ਇਕ ਸਮੇਂ ਜਿੱਤ ਦੀਆਂ ਉਮੀਦਾਂ ਜਗ੍ਹਾ ਦਿੱਤੀਆਂ ਸਨ ਪਰ ਦੱਖਣੀ ਅਫਰੀਕਾ ਦੇ ਇਸ ਬੱਲੇਬਾਜ਼ ਨੂੰ ਦੂਸਰੇ ਬੱਲੇਬਾਜ਼ਾਂ ਤੋਂ ਜ਼ਿਆਦਾ ਸਹਿਯੋਗ ਨਹੀਂ ਮਿਲਿਆ। ਮਯੰਕ ਅਗਰਵਾਲ ਅਤੇ ਅਭਿਸ਼ੇਕ ਸ਼ਰਮਾ ਦੀ ਸਲਾਮੀ ਜੋੜੀ ਨੇ ਟੀਮ ਨੂੰ ਚੰਗੀ ਸ਼ੁਰੂਆਤ ਦੁਆਈ ਸੀ ਪਰ ਉਸ ਨੂੰ ਆਪਣੇ ਪ੍ਰਦਰਸ਼ਨ ’ਚ ਨਿਰੰਤਰਤਾ ਲਿਆਉਣੀ ਹੋਵੇਗੀ।
ਸਨਰਾਈਜ਼ਰਸ ਨੇ ਪਿੰਚ ਹਿਟਰ ਅਬਦੁੱਲ ਸਮਦ ’ਤੇ ਕਾਫੀ ਭਰੋਸਾ ਦਿਖਾਇਆ ਹੈ ਅਤੇ ਉਸ ਨੂੰ ਹੁਣ ਉਮੀਦ ’ਤੇ ਖਰਾ ਉਤਰਨਾ ਹੋਵੇਗਾ। ਗੇਂਦਬਾਜ਼ੀ ’ਚ ਭੁਵਨੇਸ਼ਵਰ ਕੁਮਾਰ ਨੇ ਚੰਗੀ ਸ਼ੁਰੂਆਤ ਕੀਤੀ ਸੀ ਪਰ ਬਾਅਦ ’ਚ ਆਂਦਰੇ ਰਸੇਲ ਨੇ ਉਸ ਦੀ ਜਮ ਕੇ ਧੁਨਾਈ ਕੀਤੀ ਸੀ। ਇਹ ਤਜੁਰਬੇਕਾਰ ਗੇਂਦਬਾਜ਼ ਚੰਗੀ ਸ਼ੁਰੂਆਤ ਕਰਨ ਲਈ ਬੇਤਾਬ ਹੋਵੇਗਾ।
ਟੀਮ ਇਸ ਤਰ੍ਹਾਂ ਹੈ:
ਮੁੰਬਈ ਇੰਡੀਅਨਸ : ਹਾਰਦਿਕ ਪੰਡਿਆ (ਕਪਤਾਨ), ਰੋਹਿਤ ਸ਼ਰਮਾ, ਡੇਵਾਲਡ ਬ੍ਰੇਵਿਸ, ਜਸਪ੍ਰੀਤ ਬੁਮਰਾਹ, ਪਿਯੂਸ਼ ਚਾਵਲਾ, ਗੋਰਾਲਡ ਕੋਏਤਜ਼ੀ, ਟਿਮ ਡੇਵਿਡ, ਸ਼੍ਰੇਅਸ ਗੋਪਾਲ, ਈਸ਼ਾਨ ਕਿਸ਼ਨ, ਅੰਸ਼ੁਲ ਕੰਬੋਜ, ਕੁਮਾਰ ਕਾਰਤੀਕੇਯ, ਆਕਾਸ਼ ਮਧਵਾਲ, ਕਵੇਨਾ ਮਫਾਕਾ, ਮੁਹੰਮਦ ਨਬੀ, ਸ਼ਮਸ ਮੁਲਾਨੀ, ਨਮਨ ਧੀਰ, ਸ਼ਿਵਾਲਿਕ ਸ਼ਰਮਾ, ਰੋਮਾਰਾਓ ਸ਼ੈੱਫਰਡ, ਅਰਜੁਨ ਤੇਂਦੁਲਕਰ, ਨੁਵਾਨ ਤੁਸ਼ਾਰਾ, ਤਿਲਕ ਵਰਮਾ, ਵਿਸ਼ਣੂ ਵਿਨੋਦ, ਨੇਹਲ ਵਢੇਰਾ, ਲਿਯੂਕ ਵੁੱਡ, ਸੂਰਿਆਕੁਮਾਰ ਯਾਦਵ।
ਸਨਰਾਈਜ਼ਰਸ ਹੈਦਰਾਬਾਦ : ਪੈਟ ਕਮਿੰਸ (ਕਪਤਾਨ), ਅਬਦੁੱਲ ਸਮਦ, ਅਭਿਸ਼ੇਕ ਸ਼ਰਮਾ, ਏਡਨ ਮਾਰਕ੍ਰਮ, ਟ੍ਰੈਵਿਸ ਹੈੱਡ, ਵਾਨਿੰਦੁ ਹਸਰੰਗਾ, ਮਾਰਕੋ ਯਾਨਸਨ, ਰਾਹੁਲ ਤ੍ਰਿਪਾਠੀ, ਵਾਸ਼ਿੰਗਟਨ ਸੁੰਦਰ, ਗਲੇਨ ਫਿਲਿਪਸ, ਸਨਵੀਰ ਸਿੰਘ, ਹੈਨਰਿਕ ਕਲਾਸੇਨ, ਭੁਵਨੇਸ਼ਵਰ ਕੁਮਾਰ, ਮਯੰਕ ਅਗਰਵਾਲ, ਟੀ. ਨਟਰਾਜਨ, ਅਨਮੋਲਪ੍ਰੀਤ ਸਿੰਘ, ਮਯੰਕ ਮਾਰਕੰਡੇ, ਉਪੇਂਦਰ ਸਿੰਘ ਯਾਦਵ, ਉਮਰਾਨ ਮਲਿਕ, ਨਿਤਿਸ਼ ਕੁਮਾਰ ਰੈੱਡੀ, ਫਜ਼ਲਹੱਕ ਫਾਰੂਕੀ, ਸ਼ਾਹਬਾਜ਼ ਅਹਿਮਦ, ਜੈਦੇਵ ਉਨਾਦਕਟ, ਆਕਾਸ਼ ਸਿੰਘ, ਜਾਥਵੇਧ ਸੁਬਰਾਮਨੀਅਮ।