IPL 2024 : ਸਭ ਤੋਂ ਜ਼ਿਆਦਾ ਦੌੜਾਂ, ਸਭ ਤੋਂ ਜ਼ਿਆਦਾ ਛੱਕੇ, MI ਤੇ SRH ਦੇ ਮੈਚ ਦੌਰਾਨ ਬਣੇ ਇਹ ਵੱਡੇ ਰਿਕਾਰਡ

Thursday, Mar 28, 2024 - 03:13 PM (IST)

IPL 2024 : ਸਭ ਤੋਂ ਜ਼ਿਆਦਾ ਦੌੜਾਂ, ਸਭ ਤੋਂ ਜ਼ਿਆਦਾ ਛੱਕੇ, MI ਤੇ SRH ਦੇ ਮੈਚ ਦੌਰਾਨ ਬਣੇ ਇਹ ਵੱਡੇ ਰਿਕਾਰਡ

ਹੈਦਰਾਬਾਦ— ਬੀਤੀ ਰਾਤ ਰਾਜੀਵ ਗਾਂਧੀ ਸਟੇਡੀਅਮ 'ਚ ਆਈ.ਪੀ.ਐੱਲ ਦੇ ਇਤਿਹਾਸ ਦਾ ਇਕ ਅਜਿਹਾ ਮੈਚ ਖੇਡਿਆ ਗਿਆ, ਜਿਸ ਨੇ ਰਿਕਾਰਡ ਬੁੱਕ ਨੂੰ ਤਹਿਸ-ਨਹਿਸ ਕਰ ਦਿੱਤਾ। ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਗਏ ਮੈਚ 'ਚ ਦੌੜਾਂ ਦੀ ਅਜਿਹੀ ਖਲਬਲੀ ਹੋਈ ਕਿ ਟੂਰਨਾਮੈਂਟ ਦੇ ਇਤਿਹਾਸ 'ਚ ਕਈ ਰਿਕਾਰਡ ਇਕ ਦਿਨ 'ਚ ਹੀ ਟੁੱਟ ਗਏ। ਇਸ ਬਲਾਕਬਸਟਰ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਨੇ ਆਪਣੇ ਤਿੰਨ ਬੱਲੇਬਾਜ਼ਾਂ ਦੀਆਂ ਤੂਫ਼ਾਨੀ ਪਾਰੀਆਂ ਦੀ ਬਦੌਲਤ ਤਿੰਨ ਵਿਕਟਾਂ ਦੇ ਨੁਕਸਾਨ ’ਤੇ 277 ਦੌੜਾਂ ਬਣਾ ਕੇ ਟੂਰਨਾਮੈਂਟ ਦਾ ਸਭ ਤੋਂ ਵੱਡਾ ਸਕੋਰ ਬਣਾਇਆ। ਜਵਾਬ 'ਚ ਮੁੰਬਈ ਦੇ ਬੱਲੇਬਾਜ਼ਾਂ ਨੇ ਵੀ ਆਪਣੀ ਪੂਰੀ ਤਾਕਤ ਦਿਖਾਉਂਦੇ ਹੋਏ 20 ਓਵਰਾਂ 'ਚ ਪੰਜ ਵਿਕਟਾਂ 'ਤੇ 246 ਦੌੜਾਂ ਬਣਾਈਆਂ ਪਰ ਜਿੱਤ ਤੋਂ 31 ਦੌੜਾਂ ਪਿੱਛੇ ਰਹਿ ਗਈ।

ਮੈਚ ਵਿੱਚ ਕੁੱਲ 523 ਦੌੜਾਂ ਅਤੇ 38 ਛੱਕੇ
ਦੋਵਾਂ ਟੀਮਾਂ ਦਾ ਸੰਯੁਕਤ ਸਕੋਰ 40 ਓਵਰਾਂ ਵਿੱਚ 523 ਦੌੜਾਂ ਸੀ। ਆਈ. ਪੀ. ਐਲ. ਵਿੱਚ ਪਹਿਲੀ ਵਾਰ ਇੱਕ ਮੈਚ ਵਿੱਚ 500 ਤੋਂ ਵੱਧ ਦੀ ਸਾਂਝੇਦਾਰੀ ਹੋਈ ਹੈ। ਜਦਕਿ ਇਸ ਦੌਰਾਨ ਦੋਵਾਂ ਟੀਮਾਂ ਦੇ ਬੱਲੇਬਾਜ਼ਾਂ ਨੇ ਕੁੱਲ 38 ਛੱਕੇ ਲਗਾ ਕੇ ਦਰਸ਼ਕਾਂ ਦਾ ਪੂਰਾ ਪੈਸਾ ਵਸੂਲ ਕੀਤਾ। ਹੈਦਰਾਬਾਦ ਲਈ ਦੋ ਖੱਬੇ ਹੱਥ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ (23 ਗੇਂਦਾਂ ਵਿੱਚ 63 ਦੌੜਾਂ) ਅਤੇ ਟ੍ਰੈਵਿਸ ਹੈੱਡ (24 ਗੇਂਦਾਂ ਵਿੱਚ 62 ਦੌੜਾਂ) ਨੇ ਬੱਲੇ ਨਾਲ ਤੂਫ਼ਾਨ ਖੜ੍ਹਾ ਕੀਤਾ। ਜਿਸ ਤੋਂ ਬਾਅਦ ਸਾਰਾ ਕੰਮ ਦੱਖਣੀ ਅਫਰੀਕਾ ਦੇ 'ਤੂਫਾਨ' ਹੇਨਰਿਕ ਕਲਾਸੇਨ (34 ਗੇਂਦਾਂ 'ਤੇ 80 ਦੌੜਾਂ, 4 ਚੌਕੇ, 7 ਛੱਕੇ) ਨੇ ਪੂਰਾ ਕੀਤਾ। ਮੁੰਬਈ ਲਈ ਤਿਲਕ ਵਰਮਾ ਨੇ 34 ਗੇਂਦਾਂ 'ਚ 64 ਦੌੜਾਂ ਬਣਾਈਆਂ, ਜਦਕਿ ਟਿਮ ਡੇਵਿਡ ਨੇ 42 ਦੌੜਾਂ ਅਤੇ ਈਸ਼ਾਨ ਕਿਸ਼ਨ ਨੇ 34 ਦੌੜਾਂ ਦਾ ਯੋਗਦਾਨ ਦਿੱਤਾ।

ਇਹ ਵੀ ਪੜ੍ਹੋ : SRH vs MI : ਅਭਿਸ਼ੇਕ ਸ਼ਰਮਾ ਨੇ 16 ਗੇਂਦਾਂ ਵਿੱਚ ਜੜਿਆ ਅਰਧ ਸੈਂਕੜਾ, ਸੀਜ਼ਨ ਦੀ ਹੈ ਸਭ ਤੋਂ ਤੇਜ਼ ਫਿਫਟੀ

ਆਈ. ਪੀ. ਐਲ. ਦਾ ਸਭ ਤੋਂ ਵੱਧ ਸਕੋਰ
ਆਪਣੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਤਿੰਨ ਵਿਕਟਾਂ ਦੇ ਨੁਕਸਾਨ 'ਤੇ 277 ਦੌੜਾਂ ਬਣਾਈਆਂ। ਹੈਦਰਾਬਾਦ ਨੇ 2013 ਵਿੱਚ ਰਾਇਲ ਚੈਲੇਂਜਰਜ਼ ਵੱਲੋਂ ਬਣਾਇਆ ਰਿਕਾਰਡ (263/5) ਤੋੜਿਆ। ਪਿਛਲੇ ਸਾਲ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਆਸਟਰੇਲੀਆ ਨੂੰ ਚੈਂਪੀਅਨ ਬਣਾਉਣ ਵਾਲੇ ਹੈੱਡ ਨੇ ਸਲਾਮੀ ਬੱਲੇਬਾਜ਼ ਵਜੋਂ ਸਿਰਫ਼ 18 ਗੇਂਦਾਂ ਵਿੱਚ ਅਰਧ ਸੈਂਕੜੇ ਦੀ ਪਾਰੀ ਖੇਡੀ, ਇਸ ਤਰ੍ਹਾਂ ਉਹ ਆਈ. ਪੀ. ਐਲ. ਵਿੱਚ ਸਨਰਾਈਜ਼ਰਜ਼ ਲਈ  ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲਾ ਬੱਲੇਬਾਜ਼ ਬਣ ਗਿਆ। ਹਾਲਾਂਕਿ ਉਨ੍ਹਾਂ ਦਾ ਇਹ ਰਿਕਾਰਡ ਕੁਝ ਦੇਰ ਤੱਕ ਵੀ ਕਾਇਮ ਨਹੀਂ ਰਹਿ ਸਕਿਆ ਅਤੇ ਅਭਿਸ਼ੇਕ ਨੇ ਸਿਰਫ 16 ਗੇਂਦਾਂ 'ਤੇ ਅਰਧ ਸੈਂਕੜਾ ਲਗਾ ਕੇ ਮੁੰਬਈ ਦੇ ਗੇਂਦਬਾਜ਼ਾਂ ਦੀ ਚੰਗੀ ਕਲਾਸ ਲਗਾਈ। ਹੈੱਡ ਨੇ ਆਪਣੀ ਪਾਰੀ 'ਚ 9 ਚੌਕੇ ਅਤੇ 3 ਛੱਕੇ ਲਗਾਏ, ਜਦਕਿ ਅਭਿਸ਼ੇਕ ਨੇ 3 ਚੌਕੇ ਅਤੇ 7 ਸ਼ਾਨਦਾਰ ਛੱਕੇ ਲਗਾ ਕੇ ਤਬਾਹੀ ਮਚਾਈ।

ਹੇਨਰਿਕ ਕਲਾਸਨ ਦੇ ਕਾਰਨਾਮਿਆਂ ਦੀ ਲੜੀ ਇੱਥੇ ਨਹੀਂ ਰੁਕੀ। ਇਸ ਤੋਂ ਬਾਅਦ ਪੰਜਵੇਂ ਨੰਬਰ 'ਤੇ ਆਏ ਦੱਖਣੀ ਅਫਰੀਕਾ ਦੇ ਬੱਲੇਬਾਜ਼ ਕਲਾਸੇਨ ਨੇ ਵੀ 23 ਗੇਂਦਾਂ 'ਚ ਅਰਧ ਸੈਂਕੜਾ ਜੜ ਕੇ ਵੱਡੀ ਪਾਰੀ ਖੇਡੀ ਅਤੇ ਹੈਦਰਾਬਾਦ ਨੂੰ ਵੱਡੇ ਸਕੋਰ 'ਤੇ ਪਹੁੰਚਾਇਆ। ਕਲਾਸੇਨ ਨੇ ਇੱਕ ਹੋਰ ਦੱਖਣੀ ਅਫਰੀਕਾ ਦੇ ਏਡਨ ਮਾਰਕਰਮ (42* ਦੌੜਾਂ, 28 ਗੇਂਦਾਂ, 2 ਚੌਕੇ, 1 ਛੱਕਾ) ਨਾਲ ਮਿਲ ਕੇ ਚੌਥੇ ਵਿਕਟ ਲਈ 54 ਗੇਂਦਾਂ ਵਿੱਚ 116* ਦੌੜਾਂ ਜੋੜੀਆਂ। ਹੈੱਡ ਅਤੇ ਅਭਿਸ਼ੇਕ ਦੇ ਤੂਫਾਨੀ ਅੰਦਾਜ਼ ਦੀ ਬਦੌਲਤ ਹੈਦਰਾਬਾਦ ਨੇ ਸੱਤਵੇਂ ਓਵਰ ਵਿੱਚ ਹੀ 100 ਦੌੜਾਂ ਦਾ ਅੰਕੜਾ ਪਾਰ ਕਰ ਲਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Tarsem Singh

Content Editor

Related News