ਮੀਂਹ 'ਚ ਰੁੜ੍ਹੀਆਂ ਗੁਜਰਾਤ ਦੀਆਂ 'ਪਲੇਆਫ਼' 'ਚ ਪਹੁੰਚਣ ਦੀਆਂ ਉਮੀਦਾਂ, KKR ਖ਼ਿਲਾਫ਼ ਅਹਿਮ ਮੁਕਾਬਲਾ ਹੋਇਆ ਰੱਦ
Monday, May 13, 2024 - 11:26 PM (IST)
ਸਪੋਰਟਸ ਡੈਸਕ- ਗੁਜਰਾਤ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਆਈ.ਪੀ.ਐੱਲ. 2024 ਦੇ ਗੁਜਰਾਤ ਟਾਇਟਨਸ ਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਬੇਹੱਦ ਅਹਿਮ ਮੁਕਾਬਲੇ 'ਚ ਮੀਂਹ ਨੇ ਗੁਜਰਾਤ ਦੀਆਂ ਪਲੇਆਫ਼ ਦੀਆਂ ਉਮੀਦਾਂ ਨੂੰ ਖ਼ਤਮ ਕਰ ਦਿੱਤਾ ਹੈ ਤੇ ਲਗਾਤਾਰ ਬਾਰਿਸ਼ ਕਾਰਨ ਇਹ ਮੁਕਾਬਲਾ ਰੱਦ ਕਰ ਦਿੱਤਾ ਗਿਆ ਹੈ।
ਇਸ ਸਮੇਂ ਕੋਲਕਾਤਾ ਜਿੱਥੇ ਟੇਬਲ ਟਾਪਰ ਬਣ ਕੇ ਪਲੇਆਫ਼ 'ਚ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਹੈ, ਉੱਥੇ ਹੀ ਗੁਜਰਾਤ ਲਈ ਜੋ ਪਲੇਆਫ਼ 'ਚ ਕੁਆਲੀਫਾਈ ਕਰਨ ਦੀ ਬਚੀ-ਖੁਚੀ ਉਮੀਦ ਸੀ, ਉਹ ਵੀ ਮੀਂਹ ਦੀ ਭੇਂਟ ਚੜ੍ਹ ਗਈ ਹੈ।
ਇਸ ਤਰ੍ਹਾਂ ਦੋਵਾਂ ਟੀਮਾਂ ਨੂੰ 1-1 ਅੰਕ ਦੇ ਦਿੱਤਾ ਗਿਆ ਹੈ, ਜਿਸ ਕਾਰਨ ਕੋਲਕਾਤਾ ਨੇ ਪਹਿਲੇ ਸਥਾਨ 'ਤੇ ਰਹਿਣ ਵੱਲ ਇਕ ਹੋਰ ਮਜ਼ਬੂਤ ਕਦਮ ਵਧਾ ਲਿਆ ਹੈ, ਉੱਥੇ ਹੀ ਗੁਜਰਾਤ ਦੀ ਟੀਮ 13 ਮੈਚਾਂ 'ਚ 11 ਅੰਕਾਂ ਨਾਲ 7ਵੇਂ ਸਥਾਨ 'ਤੇ ਹੈ ਤੇ ਪਲੇਆਫ਼ ਦੀ ਰੇਸ 'ਚੋਂ ਬਾਹਰ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਗੁਜਰਾਤ ਟਾਈਟਨਸ ਦੀ ਟੀਮ ਸਾਲ 2022 'ਚ ਪਹਿਲੀ ਵਾਰ ਸ਼ਾਮਲ ਹੋਈ ਸੀ। ਉਸ ਸੀਜ਼ਨ 'ਚ ਉਨ੍ਹਾਂ ਨੇ ਫਾਈਨਲ 'ਚ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕੀਤਾ ਸੀ। ਉੱਥੇ ਹੀ ਸਾਲ 2023 'ਚ ਵੀ ਉਹ ਫਾਈਨਲ 'ਚ ਪਹੁੰਚੀ ਸੀ, ਜਿੱਥੇ ਉਸ ਨੂੰ ਚੇਨਈ ਸੁਪਰਕਿੰਗਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉੱਥੇ ਹੀ ਕੋਲਕਾਤਾ ਨਾਈਟ ਰਾਈਡਰਜ਼ ਸਾਲ 2012 ਤੇ 2014 'ਚ ਚੈਂਪੀਅਨ ਬਣੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e