ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ਜਿੱਤੀ ਦਿੱਲੀ, ਰਾਜਸਥਾਨ ਨੂੰ ਹਰਾ ਕੇ ਜਗਾਈਆਂ 'ਪਲੇਆਫ਼' ਦੀਆਂ ਉਮੀਦਾਂ
Tuesday, May 07, 2024 - 11:43 PM (IST)
ਸਪੋਰਟਸ ਡੈਸਕ- ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚ ਦਿੱਲੀ ਕੈਪੀਟਲਸ ਨੇ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਗੇਂਦਬਾਜ਼ਾਂ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਦਮ 'ਤੇ ਰਾਜਸਥਾਨ ਰਾਇਲਜ਼ ਨੂੰ 20 ਦੌੜਾਂ ਨਾਲ ਹਰਾ ਕੇ ਆਪਣੀਆਂ ਪਲੇਆਫ਼ 'ਚ ਪਹੁੰਚਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ।
ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ਦਾ ਫਾਇਦਾ ਦਿੱਲੀ ਦੇ ਬੱਲੇਬਾਜ਼ਾਂ ਨੇ ਖ਼ੂਬ ਉਠਾਇਆ। ਦਿੱਲੀ ਵੱਲੋਂ ਓਪਨਰ ਜੇਕ ਫ੍ਰੇਜ਼ਰ (50) ਤੇ ਅਭਿਸ਼ੇਕ ਪੋਰੇਲ (65) ਦੇ ਧਮਾਕੇਦਾਰ ਅਰਧ ਸੈਂਕੜਿਆਂ ਤੋਂ ਬਾਅਦ ਟ੍ਰਿਸਟਨ ਸਟੱਬਸ (41) ਦੀ ਸ਼ਾਨਦਾਰ ਪਾਰੀ ਦੀ ਬਦੌਲਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 221 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕਰ ਦਿੱਤਾ।
ਇਸ ਸਕੋਰ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਓਪਨਰ ਯਸ਼ਸਵੀ ਜਾਇਸਵਾਲ 4 ਦੌੜਾਂ ਬਣਾ ਕੇ ਖਲੀਲ ਅਹਿਮਦ ਦੀ ਗੇਂਦ 'ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਜਾਸ ਬਟਲਰ ਵੀ ਜ਼ਿਆਦਾ ਦੇਰ ਨਾ ਟਿਕ ਸਕੇ ਤੇ 19 ਦੌੜਾਂ ਬਣਾ ਕੇ ਅਕਸ਼ਰ ਪਟੇਲ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਏ।
ਤੀਜੇ ਨੰਬਰ 'ਤੇ ਬੱਲੇਬਾਜ਼ੀ ਲਈ ਆਏ ਕਪਤਾਨ ਸੰਜੂ ਸੈਮਸਨ ਨੇ ਰਿਆਨ ਪਰਾਗ ਨਾਲ ਮਿਲ ਕੇ ਟੀਮ ਨੂੰ ਮੁਸ਼ਕਲ ਸਥਿਤੀ 'ਚੋਂ ਕੱਢਿਆ। ਰਿਆਨ ਪਰਾਗ 22 ਗੇਂਦਾਂ 'ਚ 1 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 27 ਦੌੜਾਂ ਬਣਾ ਕੇ ਮੁਕੇਸ਼ ਕੁਮਾਰ ਦਾ ਸ਼ਿਕਾਰ ਬਣਿਆ।
ਸੰਜੂ ਸੈਮਸਨ 46 ਗੇਂਦਾਂ 'ਚ 8 ਚੌਕੇ ਤੇ 6 ਛੱਕਿਆਂ ਦੀ ਬਦੌਲਤ 86 ਦੌੜਾਂ ਦੀ ਕਪਤਾਨੀ ਪਾਰੀ ਖੇਡ ਕੇ ਮੁਕੇਸ਼ ਕੁਮਾਰ ਦੀ ਗੇਂਦ 'ਤੇ ਆਊਟ ਹੋ ਗਿਆ। ਉਸ ਦੇ ਆਊਟ ਹੋਣ ਤੋਂ ਬਾਅਦ ਕੋਈ ਬੱਲੇਬਾਜ਼ ਨਾ ਟਿਕ ਸਕਿਆ ਤੇ ਅੰਤ ਟੀਮ 20 ਓਵਰਾਂ 'ਚ 8 ਵਿਕਟਾਂ ਗੁਆ ਕੇ 201 ਦੌੜਾਂ ਹੀ ਬਣਾ ਸਕੀ ਤੇ ਦਿੱਲੀ ਨੇ ਇਹ ਮੁਕਾਬਲਾ 20 ਦੌੜਾਂ ਨਾਲ ਜਿੱਤ ਲਿਆ।
ਇਸ ਜਿੱਤ ਨਾਲ ਦਿੱਲੀ ਦੇ 12 ਮੁਕਾਬਲਿਆਂ 'ਚ 6 ਜਿੱਤਾਂ ਨਾਲ 12 ਅੰਕ ਹੋ ਗਏ ਹਨ ਤੇ ਉਹ ਹੁਣ ਲਖਨਊ ਤੇ ਬੈਂਗਲੁਰੂ ਨੂੰ ਪਛਾੜ ਕੇ ਪੁਆਇੰਟ ਟੇਬਲ 'ਚ 5ਵੇਂ ਸਥਾਨ 'ਤੇ ਪਹੁੰਚ ਗਈ ਹੈ ਤੇ ਉਸ ਦੀਆ ਪਲੇਆਫ਼ 'ਚ ਪਹੁੰਚਣ ਦੀਆਂ ਉਮੀਦਾਂ ਵੀ ਕਾਫ਼ੀ ਹੱਦ ਤੱਕ ਵਧ ਗਈਆਂ ਹਨ। ਉੱਥੇ ਹੀ ਰਾਜਸਥਾਨ 11 ਮੁਕਾਬਲਿਆਂ 'ਚੋਂ ਇਸ ਤੀਜੀ ਹਾਰ ਦੇ ਬਾਅਦ ਵੀ 8 ਜਿੱਤ ਮੈਚ ਕੇ ਦੂਜੇ ਸਥਾਨ 'ਤੇ ਕਾਬਜ਼ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e