IPL 2023: ਮਹੱਤਵਪੂਰਨ ਮੁਕਾਬਲੇ 'ਚ ਪੰਜਾਬ ਦੀ ਦਿੱਲੀ 'ਤੇ ਸ਼ਾਨਦਾਰ ਜਿੱਤ, Play-off ਦੀਆਂ ਉਮੀਦਾਂ ਰੱਖੀਆਂ ਕਾਇਮ
Saturday, May 13, 2023 - 11:11 PM (IST)
ਸਪੋਰਟਸ ਡੈਸਕ: ਅੱਜ ਪੰਜਾਬ ਕਿੰਗਜ਼ ਨੇ ਆਈ.ਪੀ.ਐੱਲ. ਦੇ ਮਹੱਤਵਪੂਰਨ ਮੁਕਾਬਲੇ ਵਿਚ ਦਿੱਲੀ ਕੈਪੀਟਲਸ ਨੂੰ 31 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਪੰਜਾਬ ਕਿੰਗਜ਼ ਦੇ 12 ਮੈਚਾਂ ਵਿਚ 12 ਅੰਕ ਹੋ ਗਏ ਹਨ ਤੇ ਉਸ ਦੀਆਂ ਪਲੇਆਫ਼ ਵਿਚ ਪਹੁੰਚਣ ਦੀਆਂ ਉਮੀਦਾਂ ਕਾਇਮ ਹਨ। ਇਸ ਲਈ ਪੰਜਾਬ ਨੂੰ ਦਿੱਲੀ ਅਤੇ ਰਾਜਸਥਾਨ ਨਾਲ ਹੋਣ ਵਾਲੇ ਮੁਕਾਬਲਿਆਂ ਨੂੰ ਜਿੱਤਣਾ ਪਵੇਗਾ। ਇਸ ਦੇ ਨਾਲ ਹੀ ਪੰਜਾਬ ਦਾ ਪਲੇਆਫ਼ ਦਾ ਸਫ਼ਰ ਦੂਜੀਆਂ ਟੀਮਾਂ ਦੇ ਪ੍ਰਦਰਸ਼ਨ 'ਤੇ ਵੀ ਨਿਰਭਰ ਰਹੇਗਾ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਜ਼ਿਮਨੀ ਚੋਣ ’ਚ ਜਾਣੋ ‘ਆਮ ਆਦਮੀ ਪਾਰਟੀ’ ਦੀ ਜਿੱਤ ਦੇ 10 ਵੱਡੇ ਕਾਰਨ
ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪੰਜਾਬ ਕਿੰਗਜ਼ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਤੇ ਉਸ ਨੇ ਚੰਗੀ ਫਾਰਮ ਵਿਚ ਚੱਲ ਰਹੇ ਚੋਟੀ ਦੇ ਬੱਲੇਬਾਜ਼ ਕਪਤਾਨ ਸ਼ਿਖਰ ਧਵਨ, ਲਿਵਿੰਗਸਟਨ ਤੇ ਜਿਤੇਸ਼ ਸ਼ਰਮਾ ਦੀਆਂ ਵਿਕਟਾਂ ਬਹੁਤ ਸਸਤੇ ਵਿਚ ਗੁਆ ਦਿੱਤੀਆਂ। ਪਰ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ ਇਕ ਪਾਸਿਓਂ ਧਾਕੜ ਬੱਲੇਬਾਜ਼ੀ ਜਾਰੀ ਰੱਖੀ। ਉਸ ਨੇ 65 ਗੇਂਦਾਂ ਵਿਚ 6 ਛਿੱਕਿਆਂ ਤੇ 10 ਚੌਕਿਆਂ ਸਦਕਾ 103 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸੈਮ ਕਰਨ ਨੇ 20 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕੋਈ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਇਨ੍ਹਾਂ ਪਾਰੀਆਂ ਸਦਕਾ ਪੰਜਾਬ ਕਿੰਗਜ਼ ਨੇ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ।
ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਕੈਪੀਟਲਸ ਦੀ ਟੀਮ ਨੂੰ ਕਪਤਾਨ ਡੇਵਿਡ ਵਾਰਨਰ ਤੇ ਫਿਲਿਪ ਸਾਲਟ ਨੇ ਚੰਗੀ ਸ਼ੁਰੂਆਤ ਦੁਆਈ। ਡੇਵਿਡ ਵਾਰਨਰ ਨੇ ਅਰਧ ਸੈਂਕੜਾ ਜੜਿਆ ਪਰ ਦੂਜੇ ਪਾਸਿਓਂ ਵਿਕਟਾਂ ਡਿੱਗਣ ਦਾ ਸਿਲਸਿਲਾ ਕਾਇਮ ਰਿਹਾ। ਦਿੱਲੀ ਦੀ ਟੀਮ 20 ਓਵਰਾਂ ਵਿਚ 136 ਦੌੜਾਂ ਹੀ ਬਣਾ ਸਕੀ ਤੇ ਇਹ ਮੁਕਾਬਲਾ 31 ਦੌੜਾਂ ਨਾਲ ਹਾਰ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।